ਸਾਡੇ ਮਨਾ ‘ਚ ਜ਼ਹਿਰ ਘੋਲ ਰਿਹਾ ‘ਕੋਰੋਨਾ ਵਾਇਰਸ’

(ਸਮਾਜ ਵੀਕਲੀ)

ਦੇਸ਼ ਵਿਚ ਤੇਜੀ ਨਾਲ ਫੈਲ ਰਹੇ ਕੋਰੋਨਾ ਵਾਇਰਸ ਦੀ ਭਿਆਨਕ ਮਹਾਂਮਾਰੀ ਨੇ ਇਨਸਾਨੀ ਰਿਸ਼ਤਿਆਂ ਅੰਦਰ ਸਮਾਜਿਕ ਤਾਣੇ-ਬਾਣੇ ਦੀ ਇਕ ਨਵੀ ਪਰਿਭਾਸ਼ਾਂ ਬਣਾ ਕੇ ਰੱਖ ਦਿੱਤੀ ਹੈ।ਸ਼ੋਸ਼ਲ ਮੀਡੀਆ ਨੇ ਅਤੇ ਦੇਸ਼ ਦੇ ਟੈਲੀਵਿਜ਼ਨ ਚੈਨਲਾਂ ਨੇ ਦੇਸ਼ ਭਰ ਵਿਚ ਇਕ ਐਸਾ ਮਹੌਲ ਬਣਾ ਦਿੱਤਾ ਹੈ ਕਿ ਲੋਕ ਕੋਰੋਨਾ ਵਾਇਰਸ ਵਰਗੀ ਬੀਮਾਰੀ ਨਾਲ ਲੜਣ ਦੇ ਬਜਾਇ ਆਪਸ ਵਿਚ ਹੀ ਲੜਣ ਲੱਗ ਪਏ ਹਨ।

ਕੋਰੋਨਾ ਵਾਇਰਸ ਵਾਲੇ ਮਰੀਜ਼ਾਂ ਦੇ ਪ੍ਰਤੀ ਇਕ ਇਸ ਤਰ੍ਹਾਂ ਦਾ ਮਹੌਲ ਬਣਾ ਦਿੱਤਾ ਗਿਆ ਹੈ ਕਿ ਆਪਣੇ ਖਾਸ ਵੀ ਬਗਾਨੇ ਨਜ਼ਰ ਆਉਣ ਲੱਗ ਪਏ ਹਨ।ਇਹ ਇਕ ਭਾਰਤੀ ਸਭਿਅਤਾ ਤੇ ਬਹੁਤ ਵੱਡਾ ਹਮਲਾ ਹੈ ਜਿਸ ਦੇ ਲਈ ਸਾਨੂੰ ਸਾਰਿਆਂ ਨੂੰ ਗੰਭੀਰਤਾ ਨਾਲ ਸੋਚਣਾ ਪਏਗਾ।ਭਾਰਤ ਸਰਕਾਰ ਦੇ ਇਸ ਇਸ਼ਤਿਹਾਰ ਨੂੰ ਹਮੇਸ਼ਾਂ ਯਾਦ ਰੱਖਣਾ ਚਾਹੀਦਾ ਹੈ ਕਿ ਬੀਮਾਰੀ ਨਾਲ ਲੜੋ ਬੀਮਾਰ ਨਾਲ ਨਹੀ।ਸਾਨੂੰ ਇਕੱਠੇ ਹੋ ਕੇ ਬੀਮਾਰੀ ਦੇ ਨਾਲ ਲੜਣਾ ਚਾਹੀਦਾ ਹੈ।

ਕੋਰੋਨਾ ਵਾਇਰਸ ਦਾ ਡਰ ਇਥੋਂ ਤੱਕ ਲੋਕਾਂ ਦੇ ਮਨਾ ਅੰਦਰ ਬੈਠ ਗਿਆ ਹੈ ਕਿ ਜੇ ਕਿਤੇ ਅਚਾਨਕ ਕਿਸੇ ਦੇ ਘਰ ਅੱਗੇ ਐਬੂਲੈਸ ਆ ਕੇ ਰੁਕ ਜਾਵੇ ਤਾਂ ਸੈਕੜਿਆਂ ਵਿਚ ਲੋਕ ਜਿੰਨਾਂ ਵਿਚ ਆਪਣੇ ਵੀ ਹੁੰਦੇ ਹਨ ਬੜੀ ਬੁਰੀ ਤਰ੍ਹਾਂ ਨਾਲ ਘੂਰਣ ਲੱਗ ਜਾਣਗੇ।ਪੂਰਾ ਮੁਹੱਲਾ ਉਸ ਪਰਿਵਾਰ ਦਾ ਬਾਇਕਾਟ ਕਰ ਦਿੰਦਾ ਹੈ ਅਤੇ ਦੂਸਰੇ ਮੁਹੱਲੇ ਦੇ ਲੋਕ ਵੀ ਉਸ ਮੁਹੱਲੇ ਵਿਚ ਆਉਣ ਤੋਂ ਤੋਬਾ ਕਰ ਲੈਦੇ ਹਨ।ਕੋਰੋਨਾ ਵਾਇਰਸ ਦੇ ਫੈਲਣ ਨਾਲ ਮਾਮਲਾ ਏਥੋਂ ਤੱਕ ਪਹੁੰਚ ਗਿਆ ਹੈ ਕਿ ਲੰਬੇ ਸਮੇਂ ਤੋਂ ਦੁੱਖ-ਸੁੱਖ ਵਿਚ ਨਾਲ ਰਹਿਣ ਵਾਲੇ ਗੁਆਢੀ ਤਾਂ ਦੂਰ,ਰਿਸ਼ਤੇਦਾਰ ਵੀ ਇਕ ਦੂਜੇ ਨੂੰ ਸ਼ੱਕ ਦੀ ਨਜਰ ਨਾਲ ਦੇਖਣ ਲੱਗ ਜਾਂਦੇ ਹਨ।

ਹੱਦ ਤਾਂ ਉਦੋਂ ਹੋ ਗਈ ਜਦੋਂ ਅਖਬਾਰਾਂ ਵਿਚ ਵੱਡੀਆਂ ਵੱਡੀਆਂ ਸੁਰਖੀਆਂ ਵਿਚ ਲਿਖ ਕੇ ਆਉਣ ਲੱਗ ਪਿਆ ਕਿ ਪਿਉ ਦੇ ਮਰਨ ਤੇ,ਮਾਂ ਦੇ ਮਰਨ ਤੇ ਉਸ ਦਾ ਸੰਸਕਾਰ ਕਰਨ ਦੇ ਲਈ ਕਬਰਸਤਾਨ ਵਿਚ ਉਸ ਦੇ ਘਰਵਾਲੇ,ਉਸ ਦਾ ਪਰਿਵਾਰ ਨੇ ਬਿਲਕੁਲ ਆਉਣ ਤੋਂ ਨਾਂਹ ਕਰ ਦਿੱਤੀ,ਕਈ ਤਾਂ ਕਬਰਸਤਾਨ ਪਹੁੰਚੇ ਹੀ ਨਹੀ।ਇਸ ਤਰ੍ਹਾਂ ਦੀਆਂ ਬਹੁਤ ਸਾਰੀਆਂ ਉਦਾਹਰਣਾ ਹਨ ਕਿ ਘਰਵਾਲੇ ਆਪਣੇ ਮਾਂ ਪਿਓ ਦਾ ਸੰਸਕਾਰ ਕਰ ਤੋਂ ਬਚਦੇ ਨਜ਼ਰ ਆ ਰਹੇ ਹਨ,ਇਹ ਸਾਡਾ ਸਮਾਜ ਕਿਧਰ ਨੂੰ ਜਾ ਰਿਹਾ ਹੈ।ਸਮਾਜ ਦੇ ਮੋਢੀਆ ਦਾ ਮੋਹਤਬਾਰਾਂ ਦਾ ਕਹਿਣਾ ਹੈ ਕਿ ਕੋਰੋਨਾ ਵਾਇਰਸ ਤਾਂ ਦੇਰ-ਸਵੇਰ ਖਤਮ ਹੋ ਹੀ ਜਾਏਗਾ ਪਰ ਇਸ ਦੀ ਵਜ੍ਹਾ ਕਰਕੇ ਜੋ ਸਮਾਜਿਕ ਰਿਸ਼ਤਿਆਂ ਵਿਚ ਖਟਾਸ ਪਈ ਹੈ ਉਹ ਸ਼ਾਇਦ ਪਹਿਲਾਂ ਵਾਲੀ ਸਥਿਤੀ ਵਿਚ ਨਾ ਆ ਸਕੇ।

ਪਿਛਲੇ ਕੁਝ ਦਿਨ ਪਹਿਲਾਂ ਝਾਰਖੰਡ ਦੀ ਰਾਜਧਾਨੀ ਰਾਂਚੀ ਵਿਚ ਕੋਰੋਨਾ ਨਾਲ ਇਕ ਆਦਮੀ ਦੀ ਮੌਤ ਹੋ ਜਾਣ ਤੇ ਜੋ ਉਥੇ ਤਮਾਸ਼ਾਂ ਹੋਇਆ ਉਹ ਕਿਸੇ ਵੀ ਸਮਾਜ ਦੇ ਲਈ ਭਲੇ ਵਾਲੀ ਗੱਲ ਨਹੀ ਹੈ।ਮੌਤ ਦੇ ਬਾਅਦ ਮ੍ਰਿਤਕ ਨੂੰ ਦੋ ਗਜ਼ ਜਮੀਨ ਦੇ ਲਈ ਵੀ ਤਰਸਨਾ ਪਿਆ,ਉਥੇ ਇਕੱਠੇ ਹੋਏ ਲੋਕਾਂ ਨੇ ਉਸ ਮ੍ਰਿਤਿਕ ਦੇਹ ਦਾ ਉਸ ਕਬਰਸਤਾਨ ਵਿਚ ਸੰਸਕਾਰ ਹੀ ਨਹੀ ਹੋਣ ਦਿੱਤਾ।ਜੇਕਰ ਦੇਖਿਆ ਜਾਏ ਤਾਂ ਇਹਦੇ ਵਿਚ ਮ੍ਰਿਤਕ ਦਾ ਕੀ ਕਸੂਰ ਹੈ।ਬੀਮਾਰੀ ਹੈ,ਬੀਮਾਰੀ ਤਾਂ ਕਿਸੇ ਨੂੰ ਵੀ ਆ ਸਕਦੀ ਹੈ,ਬਾਅਦ ਵਿਚ ਵਿਸ਼ਵ ਸਿਹਤ ਵਿਭਾਗ ਵਲੋਂ ਆਪਣੇ ਪਰੋਟੋਕੋਲ ਦੇ ਮੁਤਾਬਕ ਕਿਸੇ ਦੂਸਰੇ ਕਬਰਸਤਾਨ ਵਿਚ ਲਿਜਾ ਕੇ ਉਸ ਦਾ ਅੰਤਮ ਸੰਸਕਾਰ ਕੀਤਾ।

ਹੋਰ ਬਹੁਤ ਸਾਰੇ ਸੂਬਿਆਂ ਤੋਂ ਵੀ ਇਹੋ ਜਿਹੀਆਂ ਖਬਰਾਂ ਆ ਰਹੀਆਂ ਹਨ।ਕਈ ਦੂਸਰੇ ਸੂਬਿਆਂ ਤੋਂ ਤਾਂ ਇਸ ਤਰ੍ਹਾਂ ਦੀਆਂ ਖਬਰਾਂ ਵੀ ਆ ਰਹੀਆਂ ਹਨ ਕਿ ਪੁਤਰ ਹੀ ਆਪਣੇ ਮਾਂ ਜਾਂ ਪਿਓ ਨੂੰ ਅਗਨੀ ਦੇਣ ਵਾਸਤੇ ਅੱਗੇ ਨਹੀ ਆਇਆ।ਕਈ ਜਗਾਂ ਤਾਂ ਪੁਲਿਸ ਵਾਲੇ ਵੀਰਾਂ ਨੇ ਹੀ ਮਰਨ ਤੋਂ ਬਾਅਦ ਜੋ ਰਸਮਾਂ ਹੁੰਦੀਆਂ ਹਨ ਉਹ ਸਾਰੀ ਕਬਰਸਤਾਨ ਵਿਚ ਉਹਨਾਂ ਨੇ ਪੂਰੀਆਂ ਕੀਤੀਆਂ।ਇਹ ਸਥਿਤੀ ਪੂਰੇ ਦੇਸ਼ ਦੀ ਹੈ,ਕਲ ਤੱਕ ਜੋ ਆਪਣੇ ਆਪ ਨੂੰ ਰਸੂਖਦਾਰ ਕਹਾਉਦੇ ਸੀ,ਜਿੰਨਾਂ ਦੇ ਅੱਗੇ ਪਿੱਛੇ ਦੁਨੀਆਂ ਫਿਰਦੀ ਸੀ,ਅੱਜ ਉਸ ਨੂੰ ਅਗਨੀ ਦੇਣ ਵਾਲਾ ਕੋਈ ਨਹੀ ਮਿਲ ਰਿਹਾ।ਕਈ ਜਗਾਂ ਕਬਰਸਤਾਨ ਵਿਚ ਮ੍ਰਿਤਕ ਨੂੰ ਜਲਾਉਣ ਤੇ ਹੰਗਾਮੇ ਹੋ ਚੁੱਕੇ ਹਨ,ਇਹਨਾਂ ਕੇਸਾਂ ਵਿਚ ਪੁਲਿਸ ਨਾਲ ਝਪਟਾਂ ਵੀ ਹੋ ਚੁੱਕੀਆਂ ਹਨ।

ਪੰਜਾਬ ਵਿਚ ਲੁਧਿਆਣਾ ਸ਼ਹਿਰ ਦੀ ਘਟਨਾ ਹੈ ਕਿ ਮਾਂ ਦੀ ਕੋਰੋਨਾ ਵਾਇਰਸ ਨਾਲ ਹਸਪਤਾਲ ਵਿਚ ਹੀ ਮੋਤ ਹੋ ਗਈ,ਉਸ ਦੇ ਘਰ ਦਾ ਕੋਈ ਮੈਂਬਰ ਨਹੀ ਆਇਆ,ਪੁਲਿਸ ਵਾਲੇ ਵੀਰ ਉਸ ਦੀ ਲਾਸ਼ ਹਸਪਤਾਲ ਤੋਂ ਕਬਰਸਤਾਨ ਤੱਕ ਲੈ ਕੇ ਆਏ,ਤੇ ਉਸ ਦੇ ਘਰਦਿਆਂ ਨੂੰ ਪੁਲਿਸ ਵਲੋਂ ਸੱਦਾ ਭੇਜਿਆ ਗਿਆ ਪਰ ਉਸ ਦੇ ਘਰ ਦੇ ਮੈਂਬਰ,ਉਸ ਦੇ ਬੱਚੇ ਕਬਰਸਤਾਨ ਦੇ ਬਾਹਰ ਤੱਕ ਆ ਗਏ ਪਰ ਗੱਡੀ ਵਿਚ ਹੀ ਬੈਠੇ ਰਹੇ,ਪੁਲਿਸ ਮੁਲਾਜ਼ਮਾਂ ਨੇ ਉਹਨਾਂ ਦਾ ਸਾਰਾ ਪ੍ਰਬੰਧ ਵੀ ਕੀਤਾ ਹੋਇਆ ਸੀ ਕਿੱਟਾਂ ਲਿਆ ਕੇ ਰੱਖੀਆਂ ਹੋਈਆ ਸਨ,ਸੈਨੇਟਾਇਜ਼ਰ ਕਰਨ ਦਾ ਪ੍ਰਬੰਧ ਵੀ ਸੀ,ਪੁਲਿਸ ਵਾਲੇ ਵੀਰਾਂ ਨੇ ਉਹਨਾਂ ਦੀਆਂ ਬਹੁਤ ਮਿੰਨਤਾਂ ਕੀਤੀਆ ਕਿ ਜਿਹੜਾ ਕੰਮ ਤੁਹਾਡੇ ਕਰਨ ਵਾਲਾ ਹੈ ਜਿਹੜੇ ਤੁਹਾਡੇ ਫਰਜ ਹਨ ਉਹ ਤਾਂ ਤੁਸੀ ਪੂਰੇ ਕਰ ਦਿਓ,ਪਰ ਪੁਲਿਸ ਵਾਲਿਆਂ ਵਲੋਂ ਉਹਨਾਂ ਦੀਆਂ ਮਿੰਨਤਾਂ ਕਰਨ ਦੇ ਬਾਵਜੂਦ ਵੀ ਉਹ ਆਪਣੀ ਗੱਡੀ ਵਿਚ ਬੈਠੇ ਰਹੇ ਅਤੇ ਬਾਹਰ ਨਹੀ ਨਿਕਲੇ।

ਆਖਰ ਉਹਨਾਂ ਦੀ ਮਾਂ ਦਾ ਸੰਸਕਾਰ ਪੁਲਿਸ ਵਾਲੇ ਵੀਰਾਂ ਨੇ ਕਬਰਸਤਾਨ ਦੇ ਕਰਿੰਦੇ ਕੋਲੋ ਕਰਾਇਆ।ਉਸ ਤੋਂ ਬਾਅਦ ਇਕ ਪੁਲਿਸ ਅਫਸਰ ਰੈਕ ਦੇ ਵੀਰ ਨੇ ਆਪਣਾ ਹੌਸਲਾ ਦਿਖਾਇਆ ਤੇ ਕਿਹਾ ਕਿ ਜਿਹੜੇ ਘਰ ਦੇ ਮੈਂਬਰਾਂ ਆਪਣੀ ਮਾਂ ਦੇ ਸੰਸਕਾਰ ਤੇ ਆਪਣੇ ਫਰਜ ਨਹੀ ਨਿਭਾਏ ਸਕੇ ਤਾਂ ਉਹਨਾਂ ਨੂੰ ਉਸ ਤੋਂ ਬਾਅਦ ਵਾਲੀਆਂ ਰਸਮਾਂ ਵੀ ਪੂਰੀਆਂ ਕਰਨ ਦਾ ਵੀ ਕੋਈ ਹੱਕ ਨਹੀ ਹੈ,ਇਸ ਕਰਕੇ ਬਾਅਦ ਵਾਲੀਆਂ ਰਸਮਾਂ ਵੀ ਪੁਲਿਸ ਅਫਸਰਾਂ ਨੇ ਮਿਲ ਕੇ ਪੂਰੀਆਂ ਕੀਤੀਆਂ,ਗੁਰੂਦਵਾਰਾ ਸਾਹਿਬ ਜਾ ਕੇ ਪਾਠ ਆਰੰਭ ਕਰਵਾਇਆ ਅਤੇ ਰਸਮਾਂ ਦੇ ਮੁਤਾਬਕ ਉਸ ਦੇ ਭੋਗ ਪਾਏ ਗਏ,ਅੰਤਮ ਅਰਦਾਸ ਕੀਤੀ ਗਈ। ਮੈਂ ਇਹੋ ਜਿਹੇ ਪੁਲਿਸ ਅਫਸਰਾਂ ਦਾ ਅਤੇ ਪੁਲਿਸ ਮੁਲਾਜ਼ਮਾ ਨੂੰ ਦਿਲੋ ਸਲੂਟ ਕਰਦਾ ਹਾਂ।

ਹੁਣ ਤਾਂ ਸਥਿਤੀ ਏਥੇ ਤੱਕ ਪਹੁੰਚ ਚੁੱਕੀ ਹੈ ਕਿ ਕੋਰੋਨਾ ਵਾਇਰਸ ਵਰਗੀਆਂ ਦੂਸਰੀਆਂ ਬੀਮਾਰੀਆਂ ਵਾਲੇ ਮਰੀਜ਼ਾਂ ਨੂੰ ਵੀ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।ਦਿਲ, ਗੁਰਦੇ ਅਤੇ ਕਿਡਨੀ ਵਰਗੀਆਂ ਬੀਮਾਰੀ ਨਾਲ ਲੜਾਈ ਲੜ ਰਹੇ ਮਰੀਜ਼ਾਂ ਦੇ ਵਾਸਤੇ ਸਥਿਤੀ ਹੋਰ ਵੀ ਗੰਭੀਰ ਹੋ ਗਈ ਹੈ।ਬੀਮਾਰੀਆਂ ਨੂੰ ਲੈ ਕੇ ਅੱਜ ਦੇ ਦਿਨ ਤੱਕ ਕੋਈ ਵੀ ਗੰਭੀਰ ਨਹੀ ਹੈ,ਕੋਈ ਵੀ ਹਸਪਤਾਲ ਸਵਾਇ ਕੋਰੋਨਾ ਵਾਇਰਸ ਵਾਲੇ ਮਰੀਜ਼ ਤੌ,ਕਿਸੇ ਦੀ ਵੀ ਨਹੀ ਦੇਖਭਾਲ ਕਰ ਰਹੇ।ਇਥੋ ਤੱਕ ਕਿ ਗਰਭਪਤੀ ਮਹਿਲਾਵਾਂ ਆਪਣੇ ਬੱਚੇ ਨੂੰ ਜਨਮ ਦੇਣ ਵਾਸਤੇ ਦਰ ਦਰ ਦੀਆਂ ਠੋਕਰਾਂ ਖਾ ਰਹੀਆਂ ਹਨ,ਸਰਕਾਰੀ ਹਸਪਤਾਲ ਤੇ ਨਿਜੀ ਹਸਪਤਾਲ ਸਾਰੇ ਹੱਥ ਖੜੇ ਕਰੀ ਬੈਠੇ ਹਨ।ਕੋਰੋਨਾ ਦੇ ਖਿਲਾਫ ਜਿੰਮੇਦਾਰੀਆਂ ਨਿਭਾ ਰਹੇ ਪਤਰਕਾਰਾਂ ਨੂੰ ਵੀ ਇਸ ਦਾ ਖਮਿਆਜਾ ਭੁਗਤਣਾ ਪਿਆ।ਦੋ ਪੱਤਰਕਾਰਾਂ ਦੀਆਂ ਪਤਨੀ ਨੂੰ ਵੀ ਆਪਣੇ ਆਪਣੇ ਪਤੀਆ ਦੇ ਸਾਥ ਤੇ ਸੁੱਖਾ ਤੋਂ ਵਾਂਝੇ ਹੋਣਾ ਪਿਆ।ਆਮ ਲੋਕਾਂ ਦੇ ਨਾਲ ਵੀ ਇਸ ਤਰ੍ਹਾਂ ਦੀਆਂ ਬਹੁਤ ਸਾਰੀਆਂ ਘਟਨਾਵਾਂ ਹੋਈਆਂ ਹਨ।

ਪੰਜਾਬ ਵਿਚ ਵੀ ਬਹੁਤ ਸਾਰੇ ਪਿੰਡ ਹਨ,ਸ਼ਹਿਰਾਂ ਵਿਚ ਬਹੁਤ ਸਾਰੇ ਮੁਹੱਲੇ ਹਨ ਜਿੱਥੇ ਲੋਕ ਬਹੁ-ਗਿਣਤੀ ਵਿਚ ਕੋਰੋਨਾ ਵਾਇਰਸ ਦੀ ਲਪੇਟ ਵਿਚ ਆ ਗਏ ਹਨ।ਏਥੌਂ ਤੱਕ ਕੁਝ ਨਰਸ,ਡਾਕਟਰ,ਪਲਿਸ ਮੁਲਾਜਮ ਅਤੇ ਸਿਹਤ ਕਰਮਚਾਰੀ ਵੀ ਇਸ ਕੋਰੋਨਾ ਵਾਇਰਸ ਵਰਗੀ ਭਿਆਨਕ ਮਹਾਂਮਾਰੀ ਦੀ ਲਪੇਟ ਵਿਚ ਆ ਗਏ ਹਨ।ਇਕ ਖਬਰ ਇਹ ਆਈ ਹੈ ਕਿ ਪੁਲਿਸ ਵਾਲਿਆਂ ਨੇ ਇਕ ਚੋਰ ਨੂੰ ਫੜਿਆ ਤਾਂ ਜਦ ਉਸ ਦਾ ਡਾਕਟਰੀ ਮੁਆਇਨਾ ਕਰਾਇਆ ਗਿਆ ਤਾਂ ਉਹ ਕੋਰੋਨਾ ਪੌਜਟਿਵ ਨਿਕਲਿਆ,ਫਿਰ ਕੀ ਚੌਕੀ ਇਂਚਾਰਜ਼ ਸਮੇਤ ਸੱਤ ਮੁਲਾਜ ਅਤੇ ਪੰਜ਼ ਮੈਂਬਰ ਉਹ ਜਿੰਨਾਂ ਨੇ ਉਸ ਦਾ ਡਾਕਟਰੀ ਮੁਆਇਨਾ ਕੀਤਾ ਸੀ,ਸਾਰੇ ਦੇ ਸਾਰਿਆਂ ਨੂੰ ਕੌਅਰੰਟਾਇਨ ਕੀਤਾ ਗਿਆ।

ਇਸ ਤੋਂ ਬਾਅਦ ਇਸ ਤਰ੍ਹਾਂ ਦੀਆਂ ਖਬਰਾਂ ਆਉਣ ਲੱਗੀਆਂ ਕਿ ਲੋਕ ਡਾਕਟਰਾਂ,ਸਿਹਤ ਕਰਮਚਾਰੀਆਂ ਅਤੇ ਪੁਲਿਸ ਮੁਲਾਜ਼ਮਾ ਤੋਂ ਵੀ ਸਮਾਜਿਕ ਦੂਰੀ ਬਣਾਉਣ ਲੱਗ ਪਏ।ਇਸ ਤਰਾਂ ਦੀਆਂ ਸੂਚਨਾਵਾਂ ਮਿਲ ਰਹੀਆਂ ਹਨ ਕਿ ਜਿੰਨਾਂ ਲੋਕਾਂ ਦੀ ਡਾਕਟਰੀ ਰਿਪੋਰਟ ਕੋਰੋਨਾ ਪੌਜਟਿਵ ਆਈ ਹੈ ਉਨਾਂ ਲੋਕਾਂ ਦਾ ਉਹਨਾਂ ਦੇ ਮੁਹੱਲੇ ਵਾਲੇ,ਜਾਂ ਪਿੰਡ ਵਾਲੇ ਸਮਾਜਿਕ ਬਾਇਕਾਟ ਕਰ  ਰਹੇ ਹਨ।ਮਦਦ ਕਰਨਾ ਤਾਂ ਬਹੁਤ ਦੂਰ,ਲੋਕ ਤਰ੍ਹਾਂ-ਤਰ੍ਹਾਂ ਦੀਆਂ ਅਫਵਾਹਾਂ ਫੈਲਾਅ ਰਹੇ ਹਨ।ਇਸ ਤਰਾਂ ਦੀ ਘਟਨਾਵਾਂ ਕਿਸੇ ਇਕ ਜਗਾਂ ਦੀਆਂ ਨਹੀ ਹਨ ਬਲਕਿ ਦੇਸ਼ ਦੇ ਕੋਨੇ-ਕੋਨੇ ਤੋਂ ਰੋਜ ਅਖਬਾਰਾਂ ਅਤੇ ਟੀ ਵੀ ਚੈਨਲਾਂ ਰਾਹੀ ਬਹੁਤ ਸਾਰੀਆਂ ਕਹਾਣੀਆਂ ਸਾਹਮਣੇ ਆ ਰਹੀਆਂ ਹਨ।

ਸਮਾਜਿਕੀ ਜਾਣਕਾਰਾਂ ਦਾ ਕਹਿਣਾ ਹੈ ਕਿ ਕੋਰੋਨਾ ਵਾਇਰਸ ਨਾਲ ਪੈਣ ਵਾਲੇ ਅਸਰ ਤੋਂ ਜਾਣੂ ਕਰਵਾਉਣ ਨਾਲੋ ਸ਼ੋਸ਼ਲ ਮੀਡੀਆਂ ਵਲੋਂ ਫੈਲਾਈਆਂ ਜਾ ਰਹੀਆਂ ਗਲਤ ਅਫਵਾਹਾਂ ਨੇ ਸਾਡੇ ਆਪਣੇ ਵਿਚ ਦੂਰ ਹੋਰ ਵਧਾ ਦਿੱਤੀ ਹੈ।ਕੋਰੋਨਾ ਵਾਇਰਸ ਸਾਡੇ ਆਪਸੀ ਰਿਸ਼ਤਿਆਂ ਲਈ ਇਕ ਦੈਂਤ ਬਣ ਕੇ ਆਇਆ ਹੈ।ਇਹ ਕਹਿਣਾ ਬਿਲਕੁਲ ਸਹੀ ਹੋਵੇਗਾ ਕਿ ਸਮਾਜਿਕ ਰਿਸ਼ਤਿਆਂ ਤੋਂ ਇਲਾਵਾ ਸਾਡੇ ਖੂਨ ਦੇ ਰਿਸ਼ਤਿਆਂ ਤੇ ਵੀ ਕੋਰੋਨਾ ਵਾਇਰਸ ਦਾ ਬਹੁਤ ਡੂੰਘਾ ਅਸਰ ਹੋਇਆ ਹੈ।ਹੁਣ ਹਾਲਾਤ ਇਹ ਬਣੇ ਹੋਏ ਹਨ ਕਿ ਗੁਆਢੀ ਤਾਂ ਦੂਰ ਸਾਕ ਸਬੰਧੀ ਵੀ ਕੋਈ ਬੁਲਾ ਕੇ ਰਜ਼ੀ ਨਹੀ,ਅਤੇ ਉਹ ਵੀ ਸ਼ੱਕ ਦੀਆਂ ਨਜ਼ਰਾਂ ਨਾਲ ਦੇਖਣ ਲੱਗੇ ਹਨ।

ਇਹ ਕੋਰੋਨਾ ਵਾਇਰਸ ਭਿਆਨਕ ਮਹਾਂਮਾਰੀ ਸਾਡੇ ਰਿਸ਼ਤਿਆਂ ਨੂੰ ਖਤਮ ਕਰ ਰਹੀ ਹੈ।ਇਸ ਵਿਚ ਆਮ ਲੋਕਾਂ ਦਾ ਵੀ ਕੋਈ ਕਸੂਰ ਨਹੀ ਹੈ।ਸੱਭ ਨੂੰ ਆਪਣੀ ਆਪਣੀ ਜਾਨ ਪਿਆਰੀ ਹੈ।ਕੀ ਰਿਸ਼ਤਿਆਂ ਵਿਚ ਆਉਣ ਵਾਲਾ ਇਹ ਬਦਲਾਓ ਇਸ ਤਰ੍ਹਾਂ ਹੀ ਚਲਦਾ ਰਹੇਗਾ?ਇਸ ਸਵਾਲ ਦਾ ਜਵਾਬ ਤਾਂ ਅਜੇ ਬਹੁਤ ਮੁਸ਼ਕਲ ਹੈ ਪਰ ਇਕ ਗੱਲ ਤਹਿ ਹੈ ਕਿ ਰਿਸ਼ਤਿਆਂ ਵਿਚ ਇਕ ਵਾਰ ਪਈ ਤਰੇੜ ਘਟਦੀ ਨਹੀ ਸਗੋਂ ਹੋਰ ਵੱਧਦੀ ਹੀ ਜਾਦੀ ਹੈ,ਮੁੜ ਕੇ ਜਲਦੀ ਸੰਭਲਦੀ ਨਹੀ।

ਕੋਰੋਨਾ ਵਾਇਰਸ ਦੇ ਹਾਲਾਤਾਂ ਵਿਚ ਸਰੀਰਕ ਦੂਰੀ ਬਹੁਤ ਜਰੂਰੀ ਹੈ,ਪਰ ਮਨ,ਵਿਚਾਰ ਤੇ ਕਰਮਾਂ ਵਿਚ ਸਾਨੂੰ ਇਕ ਦੂਜੇ ਨੂੰ ਨੇੜੇ ਰਹਿਣਾ ਚਾਹੀਦਾ ਹੈ।ਸਾਨੂੰ ਆਪਣਾ ਘੱਟੋ-ਘੱਟ ਭਾਈਚਾਰਾ ਖਤਮ ਨਹੀ ਕਰਨਾ ਚਾਹੀਦਾ,ਸਗੋਂ ਸਾਨੂੰ ਇਕ ਦੂਜੇ ਨੂੰ ਹੌਸਲਾ ਦੇਣਾ ਚਾਹੀਦਾ ਹੈ।ਇਹ ਬੀਮਾਰੀਆਂ ਤਾਂ ਚੱਲਦੀਆਂ ਆਈਆਂ ਹਨ ਤੇ ਆਉਣ ਵਾਲੇ ਸਮਿਆਂ ਤਕ ਚੱਲਦੀਆਂ ਹੀ ਰਹਿਣੀਆਂ ਹਨ ਜੋ ਆਪਸੀ ਭਾਈਚਾਰਾ ਹੈ ਉਸ ਨੂੰ ਖਰਾਬ ਨਾ ਕਰੋ।

ਪੇਸ਼ਕਸ਼:-ਅਮਰਜੀਤ ਚੰਦਰ  

ਲੁਧਿਆਣਾ  

9417600014

Previous articleलेखक बाजवा की पुस्तक मखमली रस्ते का विमोचन
Next articleपुलिस यातना, हिरासत में आतंक का शासन खत्म करें: पुलिस संस्था में सुधार समय की मांग