(ਸਮਾਜ ਵੀਕਲੀ)
ਸਾਡੇ ਜਮਾਤੀ ਕਨੇਡਾ ਗਏ ਸਾਚੇ ਨੂੰ ਉਹਦੀ ਸਾਲੇਹਾਰ ਕਹਿੰਦੀ, ‘ਭਾਈਆ ਜੀ , ਸਟੋਰ ਤੋ ਇਕ ਡੱਬਾ ਦਹੀਂ ਲਿਅਇਓ !’
ਹੁਣ ਸਾਚੇ ਕੋਲ ਹਾਲੇ ਕਾਰ ਦਾ ਲਸੰਸ ਨਹੀਂ ਸੀ , ਸੋ ਉਹਨੇ ਪੈਦਲ ਹੀ ਚਾਲੇ ਪਾ ਦਿੱਤੇ । ਅਗਲੇ ਮੋੜ ਉਹਨੂ ਇਕ ਰਿਕਸ਼ੇ ਵਾਲਾ ਭਈਆ ਟੱਕਰ ਗਿਆ। ਸਾਚਾ ਬੜਾ ਹੈਰਾਨ ਹੋਇਆ। ਭਈਆ ਇਕਦਮ ਬੋਲ ਪਿਆ,
‘ ਕਹਾਂ ਜਾਣਾ ਬਾਊ ਜੀ ? ‘
‘ਪਹਿਲੋਂ ਤੂੰ ਦੱਸ , ਇੱਥੇ ਕਿਵੇਂ ਆਇਆਂ’
‘ ਆਪਕੋ ਤੋ ਪਤਾ ਹੀ ਹੈ ਕਨਾਡਾ ਮੇਂ ਪੰਜਾਬੀ ਬਹੁਤ ਹੈਂ , ਯਹਾਂ ਕੀ ਸਰਕਾਰ ਨੇ ਉਹਨੋ ਕਾ ਖਿਆਲ ਰੱਖਤੇ ਹੂਏ ਹਮੇਂ ਯਹਾਂ ਸਾਦ ਲਿਆ ਹੈ । ‘
‘ ਅੱਛਾ ਚੱਲ ਦੱਸ ਸਟੋਰ ਤਕ ਜਾਣ ਦਾ ਕੀ ਲਵੇਂਗਾ? ‘
‘ ਬੀਸ ਰੁਪਏ ‘ ।
‘ ਪਰ ਇੱਥੇ ਤਾਂ ਡਾਲਰ ਚੱਲਦੇ ‘
‘ ਹਮੇਂ ਪਤਾ ਬਾਬੂ ਜੀ, ਪਰ ਕਾ ਕਰੇਂ , ਹਮਾਰੇ ਬਿਹਾਰ ਮੇਂ ਰੁਪਏ ਹੀ ਚੱਲਤੇ ਹੈਂ’।
ਸਾਚੇ ਨੂੰ ਹਾਸਾ ਵੀ ਆਈ ਜਾਵੇ ਤੇ ਆਪਣੀਆਂ ਜੇਬਾਂ ਵੀ ਫੋਲ੍ਹੀ ਜਾਵੇ । ਜ਼ੋਰ ਜਾਰ ਲਾਕੇ ਇਕ ਪੰਜਾ ਦਾ ਪੁਰਾਣਾ ਨੋਟ ਲੱਭ ਗਿਆ।
‘ ਮੇਰੇ ਕੋਲ ਤਾਂ ਆਹੀਂ ਪੰਜਾਂ ਦਾ , ਜੇ ਚੱਲਣਾ ਤਾਂ ਦੱਸ?’
‘ ਚੱਲੋ ਬਾਬੂ ਜੀ, ਮੰਦੀ ਮੇਂ ਪਾਂਚ ਹੀ ਸਹੀ।’
ਸਾਚਾ ਪਲਾਕੀ ਮਾਰ ਕੇ ਰਿਕਸ਼ੇ ‘ਤੇ ਇੰਝ ਬੈਠ ਗਿਆ , ਜਿਵੇ ਓਪਨ ਜੀਪ ‘ਚ ਬੈਠਾ ਹੋਵੇ ।
-ਜਨਮੇਜਾ ਸਿੰਘ ਜੌਹਲ