ਚੰਡੀਗੜ੍ਹ (ਸਮਾਜਵੀਕਲੀ): ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਜੂਨ 1984 ਤੇ ਅਕਤੂਬਰ-ਨਵੰਬਰ ਦੌਰਾਨ ਵਾਪਰੀਆਂ ਦਰਦਨਾਕ ਘਟਨਾਵਾਂ ਕੇਂਦਰ ਤੇ ਪੰਜਾਬ ਵਿੱਚ ਸਮੇਂ ਸਮੇਂ ਦੀਆਂ ਕਾਂਗਰਸ ਸਰਕਾਰਾਂ ਵੱਲੋਂ ਅਪਣਾਈਆਂ ਬੇਰਹਿਮ ਤੇ ਨਫ਼ਰਤ ਭਰੀਆਂ ਸਿੱਖ ਵਿਰੋਧੀ ਨੀਤੀਆਂ ਤੇ ਲਏ ਗਏ ਫ਼ੈਸਲਿਆਂ ਦਾ ਪ੍ਰਤੀਕ ਹਨ।
ਇੱਕ ਬਿਆਨ ’ਚ ਸ੍ਰੀ ਬਾਦਲ ਨੇ ਕਿਹਾ ਕਿ ਸ੍ਰੀ ਦਰਬਾਰ ਸਾਹਿਬ ’ਤੇ ਹਮਲੇ ਤੋਂ ਮਗਰੋਂ ਦੁਨੀਆਂ ਨੇ ਉਹ ਡਰਾਉਣੀ ਹਕੀਕਤ ਵੇਖੀ ਜਿਸ ’ਤੇ ਵਿਸ਼ਵਾਸ ਨਹੀਂ ਕੀਤਾ ਜਾ ਸਕਦਾ ਸੀ ਕਿ ਹਜ਼ਾਰਾਂ ਹੀ ਸਿੱਖਾਂ ਦੇ ਕਾਤਲਾਂ ਨੂੰ ਸਜ਼ਾਵਾਂ ਦੇਣ ਦੀ ਥਾਂ ਕਾਂਗਰਸ ਨੇ ਕਥਿਤ ਕਾਤਲਾਂ ਨੂੰ ਕੈਬਨਿਟ ਮੰਤਰੀ ਦੇ ਅਹੁਦਿਆਂ ਸਮੇਤ ਸੱਤਾ ਤੇ ਮਾਣ ਸਤਿਕਾਰ ਤੇ ਹੋਰ ਪੁਰਸਕਾਰ ਦੇ ਕੇ ਨਿਵਾਜਿਆ।
ਅਕਾਲੀ ਆਗੂ ਨੇ ਕਾਂਗਰਸ ਵਿਚਲੇ ਸਿੱਖ ਆਗੂਆਂ ਨੂੰ ਸੱਦਾ ਦਿੱਤਾ ਕਿ ਉਹ ਆਪਣੀ ਅੰਤਰ ਆਤਮਾ ’ਤੇ ਝਾਤ ਮਾਰਨ ਤਾਂ ਦਿੱਸੇਗਾ ਕਿ ਉਹ ਅਜਿਹੀ ਪਾਰਟੀ ਦਾ ਸਾਥ ਦੇਣ ਦਾ ਬੱਜਰ ਗੁਨਾਹ ਕਰ ਰਹੇ ਹਨ ਜਿਸ ਨੇ ਘੱਲੂਘਾਰੇ ਨੂੰ ਅਮਲੀ ਜਾਮਾ ਪਹਿਨਾਇਆ।
ਸ੍ਰੀ ਬਾਦਲ ਅਨੁਸਾਰ ਸਿੱਖ ਭਾਈਚਾਰੇ, ਪੰਜਾਬ ਅਤੇ ਦੇਸ਼ ਦੇ ਹੋਰ ਲੋਕਾਂ ਨੂੰ ਕਾਂਗਰਸੀ ਨੇਤਾਵਾਂ ਦੇ ਸੌੜੇ ਸਿਆਸੀ ਹਿੱਤਾਂ ਵਾਸਤੇ ਭਾਰੀ ਕੀਮਤਾਂ ਤਾਰਨੀਆਂ ਪਈਆਂ ਹਨ। ਪਰ ਬਹਾਦਰ ਤੇ ਦਲੇਰ ਸਿੱਖ ਕੌਮ ਹਮੇਸ਼ਾ ਦੇਸ਼ ਦੇ ਬਹੁਗਿਣਤੀ ਭਾਈਚਾਰੇ ਦੇ ਮੈਂਬਰਾਂ ਜਿਨ੍ਹਾਂ ’ਚ ਪ੍ਰਮੁੱਖ ਬੁੱਧੀਜੀਵੀ, ਪੱਤਰਕਾਰ, ਜੱਜ, ਲੇਖਕ, ਮਨੁੱਖੀ ਤੇ ਸਮਾਜਿਕ ਅਧਿਕਾਰ ਕਾਰਕੁਨ ਤੇ ਸੰਸਥਾਵਾਂ ਸ਼ਾਮਲ ਸਨ, ਦੀ ਧੰਨਵਾਦੀ ਰਹੇਗੀ ਜਿਨ੍ਹਾਂ ਦੀ ਬਦੌਲਤ ਨਵੰਬਰ ’84 ਕਤਲੇਆਮ ’ਚ ਸੱਜਣ ਕੁਮਾਰ ਵਰਗੇ ਦੋਸ਼ੀਆਂ ਨੂੰ ਸਜ਼ਾ ਮਿਲਣੀ ਯਕੀਨੀ ਬਣੀ।