ਸਾਊਦੀ ਅਰਬ ਦੀ ਜੇਲ੍ਹ ‘ਚ ਬੰਦ ਪੰਜਾਬੀ ਨੌਜਵਾਨ ਨੂੰ ਛੱਡਣ ਦੇ ਇਵਜ਼ ‘ਚ ਮੰਗੇ 90 ਲੱਖ, 60 ਦਿਨ ਦੀ ਮੁਹਲਤ

ਦੋਦਾ : ਰੋਜ਼ੀ ਰੋਟੀ ਲਈ ਸਾਊਦੀ ਅਰਬ ਗਏ ਸ੍ਰੀ ਮੁਕਤਸਰ ਸਾਹਿਬ ਦੇ ਪਿੰਡ ਮੱਲਣ ਦਾ ਨੌਜਵਾਨ ਹੱਤਿਆ ਦੇ ਮਾਮਲੇ ‘ਚ ਜੇਲ੍ਹ ‘ਚ ਬੰਦ ਹੈ। ਉਸ ਨੂੰ ਛੱਡਣ ਦੇ ਇਵਜ਼ ‘ਚ 90 ਲੱਖ ਦੀ ਬਲੱਡ ਮਨੀ ਮੰਗੀ ਗਈ ਹੈ। ਉਸ ਦੇ ਪਰਿਵਾਰ ਕੋਲ ਏਨੇ ਪੈਸੇ ਨਹੀਂ ਹਨ ਕਿ ਉਹ ਦੇ ਕੇ ਪੁੱਤਰ ਨੂੰ ਛੁਡਵਾ ਸਕੇ। ਹੁਣ ਬਲਵਿੰਦਰ ਕੋਲ 60 ਦਿਨ ਦਾ ਸਮਾਂ ਹੈ। ਜੇ ਇਸ ਦੌਰਾਨ ਬਲੱਡ ਮਨੀ ਨਾ ਦਿੱਤੀ ਗਈ ਤਾਂ ਉਸ ਦਾ ਸਿਰ ਕਲਮ ਕਰ ਦਿੱਤਾ ਜਾਵੇਗਾ।ਮੱਲਣ ਦੇ ਬਲਵਿੰਦਰ ਸਿੰਘ ਦੀ ਮਾਂ ਮਨਜੀਤ ਕੌਰ ਨੇ ਦੱਸਿਆ ਕਿ ਉਸ ਦਾ ਪੁੱਤਰ 11 ਸਾਲ ਪਹਿਲਾਂ ਕਮਾਈ ਕਰਨ ਲਈ ਸਾਊਦੀ ਅਰਬ ਗਿਆ ਸੀ। ਉਸ ਕੋਲ ਪੈਸਾ ਨਾ ਹੋਣ ਕਾਰਨ ਬਲਵਿੰਦਰ ਬਲਵਿੰਦਰ ਦੇ ਮਾਮੇ ਨੇ ਸਾਰਾ ਖ਼ਰਚਾ ਕੀਤਾ ਸੀ। ਉਨ੍ਹਾਂ ਨੂੰ ਕੀ ਪਤਾ ਸੀ ਕਿ ਵਿਦੇਸ਼ੀ ਧਰਤੀ ‘ਤੇ ਕਮਾਈ ਕਰਨੀ ਏਨੀ ਮਹਿੰਗੀ ਪਵੇਗੀ। ਸਾਊਦੀ ਅਰਬ ਦੇ ਇਕ ਗੈਰਾਜ ਵਿਚ ਕੁਝ ਪੰਜਾਬੀ ਕੰਮ ਕਰਦੇ ਸਨ। ਉੱਥੇ ਮਿਸਰ ਦਾ ਇਕ ਨੌਜਵਾਨ ਵੀ ਕੰਮ ਕਰਦਾ ਸੀ ਜੋ ਇਨ੍ਹਾਂ ਨੂੰ ਪਰੇਸ਼ਾਨ ਕਰਦਾ ਸੀ। ਉਨ੍ਹਾਂ ਦੱਸਿਆ ਕਿ ਇਕ ਦਿਨ ਮਿਸਰ ਦੇ ਨੌਜਵਾਨ ਦਾ ਉਨ੍ਹਾਂ ਦੇ ਪੁੱਤਰ ਨਾਲ ਝਗੜਾ ਹੋ ਗਿਆ। ਉਸ ਨੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕੀਤਾ ਪਰ ਉਨ੍ਹਾਂ ਦੇ ਪੁੱਤਰ ਤੇ ਜਲੰਧਰ ਦੇ ਨੌਜਵਾਨ ਜਤਿੰਦਰ ਨੇ ਆਪਣਾ ਬਚਾਅ ਕਰਦਿਆਂ ਉਸ ਨੂੰ ਲਾਠੀਆਂ ਨਾਲ ਕੁੱਟ ਦਿੱਤਾ ਤੇ ਆਪਣੇ ਮਾਲਕ ਨੂੰ ਦੱਸ ਦਿੱਤਾ। ਬਾਅਦ ‘ਚ ਮਿਸਰ ਦੇ ਨੌਜਵਾਨ ਨੂੰ ਪੁਲਿਸ ਨੇ ਹਸਪਤਾਲ ਪਹੁੰਚਾਇਆ ਤੇ ਉਨ੍ਹਾਂ ਦੋਵਾਂ ਨੂੰ ਗਿ੍ਫ਼ਤਾਰ ਕਰ ਲਿਆ ਗਿਆ।

ਇਲਾਜ ਦੌਰਾਨ ਜ਼ਖ਼ਮੀ ਨੌਜਵਾਨ ਦੀ ਮੌਤ ਹੋ ਗਈ। ਪੰਜ ਸਾਲ ਜੇਲ੍ਹ ਵਿਚ ਰਹਿਣ ਤੋਂ ਬਾਅਦ ਬਲਵਿੰਦਰ ਸਿੰਘ ਨੂੰ ਦੱਸਿਆ ਗਿਆ ਕਿ ਜਿਸ ਨਾਲ ਉਸ ਦਾ ਝਗੜਾ ਹੋਇਆ ਸੀ ਉਸ ਦੀ ਮੌਤ ਹੋ ਗਈ ਸੀ। ਇਸੇ ਕਾਰਨ ਉਸ ਨੂੰ ਜੇਲ੍ਹ ਵਿਚ ਬੰਦ ਕੀਤਾ ਗਿਆ ਹੈ। ਸੁਣਵਾਈ ਦੌਰਾਨ ਸਾਊਦੀ ਅਰਬ ਦੀ ਅਦਾਲਤ ਨੇ ਜਲੰਧਰ ਨਿਵਾਸੀ ਜਤਿੰਦਰ ਨੂੰ ਤਾਂ ਰਿਹਾਅ ਕਰ ਦਿੱਤਾ ਪਰ ਬਲਵਿੰਦਰ ਨੂੰ ਮੁੱਖ ਮੁਲਜ਼ਮ ਦੱਸਦੇ ਹੋਏ ਜੇਲ੍ਹ ਵਿਚ ਬੰਦ ਰੱਖਿਆ ਗਿਆ।

ਸਖ਼ਤ ਹੈ ਸਾਊਦੀ ਅਰਬ ਦਾ ਕਾਨੂੰਨ

ਸਾਊਦੀ ਅਰਬ ਦੇ ਕਾਨੂੰਨ ਅਨੁਸਾਰ ਜਿਸ ਦੇਸ਼ ਦੇ ਵਿਅਕਤੀ ਦੀ ਹੱਤਿਆ ਹੋਈ ਹੈ, ਉਸ ਦੇਸ਼ ਦੇ ਕਾਨੂੰਨ ਅਨੁਸਾਰ ਬਲਵਿੰਦਰ ਸਿੰਘ ਨੂੰ ਉਨ੍ਹਾਂ ਦੇ ਪਰਿਵਾਰ ਨਾਲ ਸਮਝੌਤਾ ਕਰਨਾ ਪਵੇਗਾ, ਨਹੀਂ ਤਾਂ ਉਸ ਦਾ ਸਿਰ ਕਲਮ ਕਰ ਦਿੱਤਾ ਜਾਵੇਗਾ। ਮਿ੍ਤਕ ਦੇ ਪਰਿਵਾਰ ਨੇ ਜੋ ਬਲੱਡ ਮਨੀ ਮੰਗੀ ਹੈ ਉਹ ਭਾਰਤ ਦੀ ਕਰੰਸੀ ‘ਚ 90 ਲੱਖ ਰੁਪਏ ਬਣਦੀ ਹੈ।

ਮਨਜੀਤ ਕੌਰ ਨੇ ਦੱਸਿਆ ਕਿ ਉਹ ਏਨੇ ਪੈਸੇ ਕਿੱਥੋਂ ਦੇਣਗੇ ਕਿਉਂਕਿ ਬਲਵਿੰਦਰ ਦੇ ਪਿਤਾ ਦੀ ਪਹਿਲਾਂ ਹੀ ਮੌਤ ਹੋ ਚੁੱਕੀ ਹੈ ਤੇ ਭਰਾ ਟਰੱਕ ਡਰਾਈਵਰ ਹੈ। ਉਹ ਖ਼ੁਦ ਦਮੇ ਦੀ ਮਰੀਜ਼ ਹੈ। ਉਨ੍ਹਾਂ ਨੇ ਸੂਬਾ ਸਰਕਾਰ, ਸਿਆਸੀ ਪਾਰਟੀਆਂ ਤੇ ਸਮਾਜਸੇਵੀ ਸੰਸਥਾਵਾਂ ਨੂੰ ਮਦਦ ਦੀ ਅਪੀਲ ਕੀਤੀ ਹੈ।

ਅਪੀਲ ਕਰਨ ਲਈ 20 ਦਿਨ ਦਾ ਸਮਾਂ

ਮਨਜੀਤ ਕੌਰ ਦਾ ਕਹਿਣਾ ਹੈ ਕਿ ਬਲਵਿੰਦਰ ਸਿੰਘ ਦੇ ਵਕੀਲ ਯਾਕੂਬ ਖ਼ਾਨ ਨੇ ਦੱਸਿਆ ਕਿ ਇਹ ਹੇਠਲੀ ਅਦਾਲਤ ਦਾ ਫ਼ੈਸਲਾ ਹੈ। ਉਪਰਲੀ ਅਦਾਲਤ ਵਿਚ ਅਪੀਲ ਕੀਤੀ ਜਾ ਸਕਦੀ ਹੈ ਜਿਸ ਲਈ 20 ਦਿਨ ਦਾ ਸਮਾਂ ਹੈ। ਹਾਲਾਂਕਿ ਉੱਥੋਂ ਵੀ ਰਾਹਤ ਨਹੀਂ ਮਿਲ ਸਕਦੀ। ਬਲੱਡ ਮਨੀ ਦੇ 90 ਲੱਖ ਰੁਪਏ ਦੇਣੇ ਹੀ ਪੈਣਗੇ। ਇਸ ਲਈ ਬਲਵਿੰਦਰ ਕੋਲ ਦੋ ਮਹੀਨਿਆਂ ਦਾ ਸਮਾਂ ਹੈ। ਇਸ ਦਰਮਿਆਨ ਪੈਸੇ ਨਾ ਦਿੱਤੇ ਗਏ ਤਾਂ ਉਸ ਦਾ ਸਿਰ ਕਲਮ ਕਰ ਦਿੱਤਾ ਜਾਵੇਗਾ।

Previous articleਜ਼ਬਰਦਸਤ ਬਾਰਸ਼ ਕਾਰਨ ਤਾਮਿਲਨਾਡੂ ‘ਚ ਡਿੱਗੀ 15 ਫੁੱਟ ਉੱਚੀ ਕੰਧ, 17 ਜਣਿਆਂ ਦੀ ਮੌਤ
Next articleHyderabad Doctor Murder Case: ਹੈਦਰਾਬਾਦ ‘ਚ ਜਬਰ ਜਨਾਹ ਤੇ ਕਤਲ ਪਿੱਛੋਂ ਸੜਕਾਂ ‘ਤੇ ਉੱਤਰੀਆਂ ਅੋਰਤਾਂ, ਕੀਤਾ ਵਿਰੋਧ ਪ੍ਰਦਰਸ਼ਨ