ਸਾਊਥ ਆਸਟਰੇਲੀਆ ’ਚ ਤਾਲਾਬੰਦੀ ਵਧਾਈ

ਐਡੀਲੇਡ (ਸਮਾਜ ਵੀਕਲੀ): ਸਾਊਥ ਆਸਟਰੇਲੀਆ ਦੇ ਸ਼ਹਿਰ ਐਡੀਲੇਡ ਦੇ ਉੱਤਰੀ ਇਲਾਕੇ ਵਿੱਚ ਕਰੋਨਾਵਾਇਰਸ ਤੋਂ ਪ੍ਰਭਾਵਿਤ ਲੋਕਾਂ ਦੇ ਜਨਤਕ ਥਾਵਾਂ ’ਤੇ ਵਿਚਰਨ ਮਗਰੋਂ ਸੂਬੇ ਵਿੱਚ ਛੇ ਦਿਨਾਂ ਲਈ ਤਾਲਾਬੰਦੀ ਹੋਰ ਵਧਾ ਦਿੱਤੀ ਗਈ ਹੈ। ਪ੍ਰੀਮੀਅਰ ਸਟੀਵਨ ਮਾਰਸ਼ਲ ਨੇ ਕਰੋਨਾ ਦੇ ਫੈਲਾਅ ਦੇ ਮੱਦੇਨਜ਼ਰ ਸੂਬੇ ਵਿੱਚ 6 ਦਿਨਾਂ ਲਈ ਮੁਕੰਮਲ ਤਾਲਾਬਾੰਦੀ ਦਾ ਐਲਾਨ ਕੀਤਾ ਹੈ। ਤਾਜ਼ਾ ਪਾਬੰਦੀਆਂ ਮੰਗਲਵਾਰ ਸ਼ਾਮ 6 ਵਜੇ ਤੋਂ ਲਾਗੂ ਹੋ ਗਈਆਂ ਹਨ। ਉਨ੍ਹਾਂ ਲੋਕਾਂ ਨੂੰ ਸਿਹਤ ਵਿਭਾਗ ਵੱਲੋਂ ਜਾਰੀ ਕਰੋਨਾ ਸਬੰਧੀ ਹਦਾਇਤਾਂ ਦੀ ਪਾਲਣਾ ਕਰਨ ਦੀ ਅਪੀਲ ਕੀਤੀ।

ਸਾਊਥ ਆਸਟਰੇਲੀਆ ਦੇ ਚੀਫ ਪਬਲਿਕ ਹੈਲਥ ਅਫਸਰ ਨਿਕੋਲਾ ਸੁਪਰੀਅਰ ਨੇ ਕਿਹਾ ਕਿ ਸੂਬੇ ਵਿੱਚ ਕਰੋਨਾ ਦੇ ਪੰਜ ਕੇਸ ਮਿਲੇ ਹਨ। ਉਨ੍ਹਾਂ ਸਾਰਿਆਂ ਨੇ ਜਨਮ ਦਿਨ ਦੀ ਇੱਕ ਪਾਰਟੀ ਵਿੱਚ ਵੀ ਸ਼ਿਰਕਤ ਕੀਤੀ ਸੀ। ਉਨ੍ਹਾਂ ਕਿਹਾ ਕਿ ਕਰੋਨਾ ਤੋਂ ਪ੍ਰਭਾਵਿਤ ਲੋਕਾਂ ਦਾ ਪਤਾ ਲਾਇਆ ਜਾ ਰਿਹਾ ਹੈ। ਉਨ੍ਹਾਂ ਇਕਾਂਤਵਾਸ ਵਿੱਚ ਭੇਜੇ ਲਗਪਗ 3000 ਲੋਕਾਂ ਨੂੰ ਘਰਾਂ ਵਿੱਚ ਰਹਿਣ ਦੀ ਅਪੀਲ ਕੀਤੀ। ਤਾਜ਼ਾ ਪਾਬੰਦੀਆਂ ਮੁਤਾਬਕ, ਸਾਊਥ ਆਸਟਰੇਲੀਆ ਵਿੱਚ ਦਿਨ ਦੀ ਤਾਲਾਬੰਦੀ ਦੌਰਾਨ ਪਰਿਵਾਰ ਦੇ ਇੱਕ ਮੈਂਬਰ ਨੂੰ ਹੀ ਜ਼ਰੂਰੀ ਵਸਤਾਂ ਲਈ ਬਾਜ਼ਾਰ ਜਾਣ ਦੀ ਆਗਿਆ ਹੈ।

ਜਨਤਕ ਥਾਂਵਾਂ, ਘਰਾਂ ’ਚ ਪਾਰਟੀ ਕਰਨ ਅਤੇ ਮੇਲਿਆਂ ਆਦਿ ਇਕੱਠਾਂ ’ਤੇ ਸਖ਼ਤ ਪਾਬੰਦੀ ਲਾਈ ਗਈ ਹੈ ਅਤੇ ਘਰਾਂ ’ਚੋਂ ਬਾਹਰ ਨਿਕਲਣ ਮੌਕੇ ਮਾਸਕ ਪਾਉਣਾ ਲਾਜ਼ਮੀ ਕੀਤਾ ਗਿਆ ਹੈ। ਸਾਊਥ ਆਸਟਰੇਲੀਆ ਵਿੱਚ ਤਾਲਾਬੰਦੀ ਦਾ ਐਲਾਨ ਹੋਣ ਮਗਰੋਂ ਲੋਕਾਂ ਨੇ ਵੱਡੇ ਪੱਧਰ ’ਤੇ ਖ਼ਰੀਦ ਕੀਤੀ। ਕਰੋਨਾ ਟੈਸਟ ਕਰਵਾਉਣ ਲਈ ਲੋਕਾਂ ਦੀਆਂ ਕੋਵਿਡ-19 ਟੈਸਟ ਕੇਂਦਰਾਂ ’ਤੇ ਲੰਮੀਆਂ ਕਤਾਰਾਂ ਹਨ।

ਜ਼ਿਕਰਯੋਗ ਹੈ ਕਿ ਆਸਟਰੇਲੀਆ ਦੇ ਸੂਬੇ ਵਿਕਟੋਰੀਆ ਨਿਊ ਸਾਊਥ ਵੇਲਜ਼ ਵਿੱਚ ਪਹਿਲਾਂ ਹੀ ਤਾਲਾਬੰਦੀ ਲੱਗੀ ਹੋਈ ਹੈ। ਨਿਊ ਸਾਊਥ ਵੇਲਜ਼ ਵਿੱਚ ਕਰੋਨਾ ਦੇ 78 ਕੇਸ ਮਿਲੇ ਹਨ। ਸੂਬੇ ਵਿੱਚ ਤਾਲਾਬੰਦੀ ਚਾਰ ਹਫ਼ਤੇ ਰਹਿਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ। ਇਸੇ ਤਰ੍ਹਾਂ ਵਿਕਟੋਰੀਆ ਵਿੱਚ ਕਰੋਨਾ ਦੇ 13 ਕੇਸ ਹਨ ਅਤੇ ਵਿਕਟੋਰੀਆ ਵਿੱਚ 27 ਜੁਲਾਈ ਤੱਕ ਤਾਲਾਬੰਦੀ ਹੈ।

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਫਰਾਂਸੀਸੀ ਰਾਸ਼ਟਰਪਤੀ ਮੈਕਰੋਂ ਤੇ 15 ਮੈਂਬਰਾਂ ਦੇ ਫੋਨਾਂ ਦੀ ਜਾਸੂਸੀ ਦੀ ਖ਼ਦਸ਼ਾ
Next articleਅਫ਼ਗ਼ਾਨਿਸਤਾਨ ’ਚ ਰਾਸ਼ਟਰਪਤੀ ਭਵਨ ਦੇ ਨੇੜੇ ਤਿੰਨ ਰਾਕੇਟ ਦਾਗ਼ੇ, ਜਾਨੀ ਨੁਕਸਾਨ ਤੋਂ ਬਚਾਅ