” ਸਾਉਣ ਮਹੀਨਾ “

ਸੰਦੀਪ ਸਿੰਘ ਬਖੋਪੀਰ
(ਸਮਾਜ ਵੀਕਲੀ)
ਸਾਉਣ ਮਹੀਨਾ, ਕਿਣ-ਮਿਣ,ਕਿਣ-ਮਿਣ,
ਬੱਦਲਾਂ ਝੜੀਆਂ ਲਾਈਆਂ।
ਜਲ-ਥਲ ਸਾਰੀ ਧਰਤੀ ਹੋਈ,
ਮੋਰਾਂ, ਪੈਲਾਂ ਪਾਈਆਂ।
ਵੱਟ ਵੰਨਾਂ ਸਭ ਹਰਿਆ- ਭਰਿਆ,
ਅੰਬੀਆਂ ਵੀ ਰਸ਼ਿਆਈਆਂ।
ਔੜਾਂ ਮਾਰੀ ਧਰਤੀ ਰੱਜੀ,
ਫਸਲਾਂ ਵੀ ਹਰਿਆਈਆਂ।
ਹਵਾ ਦੇ ਬੁੱਲੇ ਸੀਨਾ ਠਾਰਨ,
ਘਟਾਂ,ਕਾਲੀਆਂ ਛਾਈਆਂ।
ਬੂੰਦਾ-ਬਾਂਦੀ ਮੌਸਮ ਬਦਲੇ,
ਪੌਣ ਲਵੇ ਅੰਗੜਾਈਆਂ।
ਪੰਛੀਆਂ ਗੀਤ ਖੁਸ਼ੀ ਦੇ ਗਾਏ,
ਬਗਲਿਆਂ, ਬਾਜ਼ੀਆਂ ਪਾਈਆਂ।
ਡੱਡੂਆਂ, ਮੱਛੀਆਂ ਰੌਣਕਾਂ ਲੱਗੀਆਂ,
ਜਦੋਂ ਵੀ ਕਣੀਆਂ ਆਈਆਂ।
ਪੱਕੀਆਂ ਮੱਕੀਆਂ, ਛੱਲੀਆਂ ਖਿੜੀਆਂ,
ਚਰੀਆਂ ਵੀ ਨਸ਼ਿਆਈਆਂ।
ਫਸਲਾਂ , ਪੌਣਾਂ ਨਾਲ ਖੇਡੀਆਂ,
ਘਟਾਂ ਸਾਉਣ, ਚੜ੍ਹ ਆਈਆਂ।
ਗਰਮੀ ਮਾਰਾ ਬੰਦਾ ਨੱਚਿਆ,
ਕਣੀਆਂ ਜਦੋਂ ਵੀ ਆਈਆਂ।
ਬਾਗਾਂ ਵਿੱਚ ਪਈ ਕੋਇਲ, ਨੱਚੇ ,
ਕੂ-ਕੂ ਦੀ ਰੱਟ ਲਾਈਆ।
ਪਿੱਪਲਾਂ ਉੱਤੇ ਰੌਣਕਾਂ ਲੱਗੀਆਂ,
ਕੁੜੀਆਂ, ਪੀਂਘਾ ਪਾਈਆਂ।
ਕਿਸੇ ਦੇ ਪੱਕਦੇ ਪੂੜੇ ਤੱਤੇ,
ਕਿਸੇ ਨੇ ਖੀਰ ਬਣਾਈਆ।
ਘਰ-ਘਰ ਦੇ ਵਿੱਚ ਰੌਣਕ ਲੱਗੀ,
ਕੁੜੀਆਂ ਪੇਕੀ ਆਈਆਂ।
‘ਸੰਦੀਪ’ ਮਹੀਨਾ ਸਾਵਣ ਚੜਿਆ,
ਰੌਣਕਾਂ ਖੂਬ ਨੇ ਛਾਈਆਂ।
ਸੰਦੀਪ ਸਿੰਘ ‘ਬਖੋਪੀਰ’
ਸਪੰਰਕ:- 9815321017
Previous articleभारतीय रेलवे के निजीकरण और बी.पी.सी.एल के निजीकरण के खिलाफ आर.सी.एफ बचाओ संघर्ष कमेटी ने किया रोष प्रदर्षण
Next articleਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ‘ਚ ਅਧਿਆਪਕ ਦਿਵਸ ਮਨਾਇਆ