ਟਾਟਾ ਸਮੂਹ ਨਾਲ ਕਾਨੂੰਨੀ ਲੜਾਈ ’ਚ ਸਾਇਰਸ ਮਿਸਤਰੀ ਨੂੰ ਅੱਜ ਵੱਡੀ ਜਿੱਤ ਹਾਸਲ ਹੋਈ ਹੈ। ਕੌਮੀ ਕੰਪਨੀ ਕਾਨੂੰਨ ਅਪੀਲੀ ਟ੍ਰਿਬਿਊਨਲ (ਐੱਨਸੀਐੱਲਏਟੀ) ਨੇ ਮਿਸਤਰੀ ਨੂੰ ਟਾਟਾ ਸਮੂਹ ਦੇ ਕਾਰਜਕਾਰੀ ਚੇਅਰਮੈਨ ਵਜੋਂ ਬਹਾਲ ਕਰਨ ਦੇ ਹੁਕਮ ਦਿੱਤੇ ਹਨ। ਟ੍ਰਿਬਿਊਨਲ ਨੇ ਨਾਲ ਹੀ ਮਿਸਤਰੀ ਦੀ ਥਾਂ ਕਾਰਜਕਾਰੀ ਚੇਅਰਮੈਨ ਦੇ ਅਹੁਦੇ ’ਤੇ ਐੱਨ ਚੰਦਰਸ਼ੇਖਰਨ ਦੀ ਨਿਯੁਕਤੀ ਨੂੰ ਗ਼ੈਰਕਾਨੂੰਨੀ ਠਹਿਰਾਇਆ ਹੈ। ਜਸਟਿਸ ਐੱਸ.ਜੇ. ਮੁਖੋਪਧਿਆਏ ਦੀ ਪ੍ਰਧਾਨਗੀ ਵਾਲੇ ਦੋ ਮੈਂਬਰੀ ਬੈਂਚ ਨੇ ਕਿਹਾ ਕਿ ਬਹਾਲੀ ਦੇ ਹੁਕਮ ਚਾਰ ਹਫ਼ਤਿਆਂ ਬਾਅਦ ਪ੍ਰਭਾਵੀ ਹੋਣਗੇ। ਫ਼ੈਸਲੇ ਅਨੁਸਾਰ ਟਾਟਾ ਸਮੂਹ ਇਸ ਮਿਆਦ ਦੌਰਾਨ ਚਾਹੇ ਤਾਂ ਅਦਾਲਤੀ ਫ਼ੈਸਲੇ ਵਿਰੁੱਧ ਅਪੀਲ ਕਰ ਸਕਦਾ ਹੈ। ਇਸ ਤੋਂ ਬਾਅਦ ਹੇਠਲੀ ਅਦਾਲਤ ਦੇ ਹੁਕਮਾਂ ਨੂੰ ਖਾਰਜ ਕਰਦਿਆਂ ਅਪੀਲੀ ਟ੍ਰਿਬਿਊਨਲ ਨੇ ਟਾਟਾ ਸਮੂਹ ਨੂੰ ਜਨਤਕ ਫਰਮ ਤੋਂ ਬਦਲ ਕੇ ਪ੍ਰਾਈਵੇਟ ਫਰਮ ਬਣਨ ਕਾਰਵਾਈ ਨੂੰ ਵੀ ਰੱਦ ਕਰ ਦਿੱਤਾ ਹੈ। ਧਨਾਢ ਸ਼ਾਪੂਰਜੀ ਪਲੋਨਜੀ ਪਰਿਵਾਰ ਨਾਲ ਸਬੰਧ ਰੱਖਣ ਵਾਲੇ ਮਿਸਤਰੀ ਨੂੰ ਅਕਤੂਬਰ 2016 ’ਚ ਟਾਟਾ ਸਮੂਹ ਦੇ ਚੇਅਰਮੈਨ ਦੇ ਅਹੁਦੇ ਤੋਂ ਹਟਾ ਦਿੱਤਾ ਗਿਆ ਸੀ। ਉਹ ਟਾਟਾ ਸਮੂਹ ਦੇ ਛੇਵੇਂ ਚੇਅਰਮੈਨ ਸਨ। ਮਿਸਤਰੀ ਨੇ ਰਤਨ ਟਾਟਾ ਦੇ ਅਹੁਦੇ ਤੋਂ ਹਟਣ ਮਗਰੋਂ 2012 ’ਚ ਕੰਪਨੀ ਦੀ ਕਮਾਨ ਸਾਂਭੀ ਸੀ। ਬਾਅਦ ਵਿੱਚ ਗਰੁੱਪ ਅੰਦਰ ਵਿਵਾਦ ਉੱਠਣ ’ਤੇ ਉਨ੍ਹਾਂ ਨੂੰ ਟਾਟਾ ਸਮੂਹ ਦੇ ਡਾਇਰੈਕਟਰ ਮੰਡਲ ਤੋਂ ਵੀ ਕੱਢ ਦਿੱਤਾ ਗਿਆ ਸੀ।
INDIA ਸਾਇਰਸ ਮਿਸਤਰੀ ਨੇ ਟਾਟਾ ਸਮੂਹ ਖ਼ਿਲਾਫ਼ ਕਾਨੂੰਨੀ ਲੜਾਈ ਜਿੱਤੀ