ਸ਼ਰਦ ਯਾਦਵ ਨੇ ਕਰਵਾਇਆ ਸਮਾਗਮ;
ਰਾਹੁਲ ਗਾਂਧੀ ਤੇ ਖੱਬੀਆਂ ਪਾਰਟੀਆਂ ਦੇ ਆਗੂਆਂ ਨੇ ਵੀ ਕੀਤੀ ਸ਼ਿਰਕਤ
ਵਿਰੋਧੀ ਪਾਰਟੀਆਂ ਨੇ ਭਾਜਪਾ ਅਤੇ ਮੋਦੀ ਸਰਕਾਰ ’ਤੇ ਧਰਮ, ਜਾਤੀ ਅਤੇ ਖੇਤਰ ਦੇ ਆਧਾਰ ’ਤੇ ਦੇਸ਼ ਨੂੰ ਵੰਡਣ ਦੀ ਰਾਜਨੀਤੀ ਕਰਨ ਦਾ ਦੋਸ਼ ਲਾਉਂਦਿਆਂ, ਮੁਲਕ ਦੀ ‘ਸਾਂਝੀ ਵਿਰਾਸਤ’ ’ਤੇ ਭਰੋਸਾ ਕਰਨ ਵਾਲੀਆਂ ਪਾਰਟੀਆਂ ਨੂੰ ਇੱਕਜੁਟ ਹੋਣ ਦੀ ਅਪੀਲ ਕੀਤੀ ਹੈ। ਸੀਨੀਅਰ ਸਮਾਜਵਾਦੀ ਨੇਤਾ ਸ਼ਰਦ ਯਾਦਵ ਵੱਲੋਂ ਅੱਜ ਇਥੇ ਕਰਵਾਏ ਪੰਜਵੇਂ ਸਾਂਝੇ ਵਿਰਾਸਤ ਸਮਾਗਮ ਵਿੱਚ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ, ਪੀਡੀਪੀ ਦੇ ਫਾਰੂਕ ਅਬਦੁੱਲਾ ਅਤੇ ਖੱਬੇ ਪੱਖੀਆਂ ਸਮੇਤ ਹੋਰਨਾਂ ਪਾਰਟੀਆਂ ਦੇ ਨੇਤਾਵਾਂ ਨੇ ਦੇਸ਼ ਵਿੱਚ ਪੈਦਾ ਸਭਿਆਚਾਰਕ ਅਤੇ ਸਮਾਜਿਕ ਭੈਅ ਦੇ ਮਾਹੌਲ ਨੂੰ ਖ਼ਤਮ ਕਰਨ ਲਈ ਇਕਜੁੱਟ ਹੋਣ ਦਾ ਅਹਿਦ ਲਿਆ। ਸਮਾਗਮ ਵਿੱਚ ਰਾਹੁਲ ਨੇ ਮੌਜੂਦਾ ਹਾਲਾਤ ਨੂੰ ਗੰਭੀਰ ਚੁਣੌਤੀ ਕਰਾਰ ਦਿੰਦਿਆਂ ਕਿਹਾ, ‘‘ ਸਾਂਝੀ ਵਿਰਾਸਤ ਮੁਹਿੰਮ ਦਾ ਸੰਦੇਸ਼ ਇਹੀ ਹੈ ਕਿ ਅਸੀਂ ਸਭ ਮਿਲ ਕੇ ਰਾਸ਼ਟਰੀ ਸਵੈਮ ਸੇਵਕ ਸੰਘ ਦੀ ਵਿਚਾਰਧਾਰਾ ਨੂੰ ਮਾਤ ਦੇਵਾਂਗੇ।’’ ਇਸ ਤੋਂ ਪਹਿਲਾਂ ਸ਼ਰਦ ਯਾਦਵ ਨੇ ਕਿਹਾ ਕਿ ਮੋਦੀ ਸਰਕਾਰ ਦੀਆਂ ਫੁੱਟਪਾਊ ਨੀਤੀਆਂ ਕਾਰਨ ਸੰਵਿਧਾਨ ਖ਼ਤਰੇ ਵਿੱਚ ਹੈ। ਉਨ੍ਹਾਂ ਕਿਹਾ, ‘‘ਸੰਵਿਧਾਨ ਦੇਸ਼ ਦੀ ਸਾਂਝੀ ਵਿਰਾਸਤ ਦਾ ਸ਼ੀਸ਼ਾ ਹੈ। ਇਸ ਲਈ ਸਾਡੇ ਵਾਸਤੇ ਸੰਵਿਧਾਨ ਗੀਤਾ ਅਤੇ ਕੁਰਾਨ ਵਾਂਗ ਪਵਿੱਤਰ ਹੈ। ਇਸ ਵਿਚਾਰ ’ਤੇ ਯਕੀਨ ਰੱਖਣ ਵਾਲੇ ਲੋਕਾਂ ਨੂੰ ਇਕਜੁੱਟ ਹੋਣਾ ਹੀ ਪਵੇਗਾ, ਉਦੋਂ ਹੀ ਇਹ ਵਿਰਾਸਤ ਕਾਇਮ ਰਹਿ ਸਕੇਗੀ।’’ ਫਾਰੂਕ ਅਬਦੁੱਲਾ ਨੇ ਹਾਲਾਤ ਦੀ ਗੰਭੀਰਤਾ ਦਾ ਹਵਾਲਾ ਦਿੰਦਿਆਂ ਕਿਹਾ, ‘‘ ਜੇ ਅਸੀਂ ਹੁਣ ਵੀ ਇਕੱਠੇ ਨਾ ਹੋਏ ਤਾਂ ਮੁਲਕ ਨੂੰ ਮੁਸ਼ਕਲ ਦੌਰ ਵਿੱਚ ਕੱਢਣਾ ਅਸੰਭਵ ਹੋ ਜਾਵੇਗਾ। ਭਾਵੇਂ ਇਸ ਲਈ ਸਾਨੂੰ ਸਾਰਿਆਂ ਨੂੰ ਰਾਜਸੀ ਹਿੱਤਾਂ ਲਈ ਕੁਝ ਸਮਝੌਤਾ ਹੀ ਕਿਉਂ ਨਾ ਕਰਨਾ ਪਵੇ। ’’ ਕਮਿਊਨਿਸਟ ਪਾਰਟੀ ਦੇ ਜਨਰਲ ਸਕੱਤਰ ਸੀਤਾਰਾਮ ਯੇਚੁਰੀ ਅਤੇ ਸੁਧਾਕਰ ਰੈੱਡੀ ਨੇ ਕਿਹਾ ਕਿ ਸਾਂਝੀ ਵਿਰਾਸਤ ਮੁਹਿੰਮ ਦਾ ਉਦੇਸ਼ ਸੰਵਿਧਾਨ ਦੀ ਰੱਖਿਆ ਕਰਨਾ ਹੈ। ਇਸ ਨਾਲ ਮੁਲਕ ਨੂੰ ਸਮਾਜਿਕ ਵੰਡ ਦੇ ਖ਼ਤਰੇ ’ਚੋਂ ਬਾਹਰ ਕੱਢਿਆ ਜਾ ਸਕਦਾ ਹੈ। ਉਨ੍ਹਾਂ ਚੋਣ ਕਮਿਸ਼ਨ ਸਮੇਤ ਹੋਰਨਾਂ ਸੰਵਿਧਾਨਕ ਸੰਸਥਾਵਾਂ ’ਤੇ ਉਠਦੇ ਸਵਾਲਾਂ ਦਾ ਹਵਾਲਾ ਦਿੰਦਿਆਂ ਕਿਹਾ ਕਿ ਹੁਣ ਇਹ ਸਮੱਸਿਆ ਸਿੱਖਿਆ ਸੰਸਥਾਵਾਂ ਲਈ ਵੀ ਡੂੰਘੀ ਹੋ ਗਈ ਹੈ। ਇਸ ਲਈ ਹਾਕਮ ਸਰਕਾਰ ਨੂੰ ਇਕੱਠੇ ਹੋ ਕੇ ਹਟਾਉਣਾ ਹੀ ਇਸ ਚੁਣੌਤੀ ਦਾ ਇਕੋ ਇੱਕ ਹੱਲ ਹੈ।
ਸਮਾਗਮ ਵਿੱਚ ਹੋਰਨਾਂ ਤੋਂ ਇਲਾਵਾ ਝਾਰਖੰਡ ਦੇ ਸਾਬਕਾ ਮੁੱਖ ਮੰਤਰੀ ਬਾਬੂਲਾਲ ਮਰਾਂਡੀ, ਸਪਾ ਨੇਤਾ ਧਰਮੇਂਦਰ ਯਾਦਵ, ਰਾਸ਼ਟਰੀ ਲੋਕ ਦਲ ਦੇ ਜਯੰਤ ਚੌਧਰੀ, ਜਨਤਾ ਦਲ ਸੈਕੂਲਰ ਦੇ ਦਾਨਿਸ਼ ਅਲੀ, ਰਾਸ਼ਟਰੀ ਜਨਤਾ ਦਲ ਦੇ ਜੈਪ੍ਰਕਾਸ਼ ਯਾਦਵ, ਝਾਰਖੰਡ ਮੁਕਤੀ ਮੋਰਚਾ ਦੇ ਸੰਜੀਵ ਕੁਮਾਰ, ਤਿ੍ਣਮੂਲ ਕਾਂਗਰਸ ਦੇ ਚੰਦਨ ਮਿੱਤਰਾ, ਦ੍ਰਮੁਕ ਦੀ ਸੰਸਦ ਮੈਂਬਰ ਤਿਰੂਚੀ ਸ਼ਿਵਾ ਅਤੇ ਰਾਸ਼ਟਰੀ ਕਮਿਊਨਿਸਟ ਪਾਰਟੀ ਦੇ ਤਾਰਿਕ ਅਨਵਰ ਨੇ ਵੀ ਹਿੱਸਾ ਲਿਆ।