ਨਵੀਂ ਦਿੱਲੀ (ਸਮਾਜ ਵੀਕਲੀ) : ਭਾਰਤੀ ਥਲ ਸੈਨਾ ਦੇ ਸਾਬਕਾ ਮੁਖੀ ਜਨਰਲ ਦੀਪਕ ਕਪੂਰ (ਸੇਵਾਮੁਕਤ) ਨੇ ਕਿਹਾ ਕਿ ਹਥਿਆਰਬੰਦ ਫੌਜਾਂ ਦੀਆਂ ਸਾਂਝੀਆਂ ਮਸ਼ਕਾਂ ਦੇ ਮਾਮਲੇ ਵਿੱਚ ਭਾਰਤ ਬਾਕੀ ਮੁਲਕਾਂ ਨਾਲੋਂ ਪਿੱਛੇ ਰਹਿ ਗਿਆ ਹੈ। ਊਨ੍ਹਾਂ ਚੀਨ ਦੀ ਮਿਸਾਲ ਦਿੰਦਿਆਂ ਕਿਹਾ ਕਿ ਇਸ ਦੇਸ਼ ਕੋਲ ਭਾਰਤ ਨਾਲ ਲੱਗਦੀ 3,488 ਕਿਲੋਮੀਟਰ ਦੀ ਅਸਲ ਕੰਟਰੋਲ ਰੇਖਾ ’ਤੇ ਇੱਕੋ ਕਮਾਂਡ ਹੈ।
ਦੂਜੇ ਪਾਸੇ, ਭਾਰਤ ਕੋਲ ਚੀਨ ਨਾਲ ਲੱਗਦੀ ਸਰਹੱਦ ’ਤੇ ਸੱਤ ਕਮਾਂਡਾਂ ਤਾਇਨਾਤ ਹਨ- ਚਾਰ ਥਲ ਸੈਨਾ ਦੀਆਂ ਅਤੇ ਤਿੰਨ ਹਵਾਈ ਸੈਨਾ ਦੀਆਂ। ਜਨਰਲ ਕਪੂਰ ਨੇ ਕਿਹਾ ਕਿ ਅਮਰੀਕਾ, ਰੂਸ, ਫਰਾਂਸ ਅਤੇ ਯੂਕੇ ਜਿਹੇ ਮੁਲਕ ਪਹਿਲਾਂ ਹੀ ਅਜਿਹਾ ਕਰ ਚੁੱਕੇ ਹਨ। ਭਾਰਤ ਦੇ ਮਾਮਲੇ ਵਿੱਚ ਅੰਡੇੇਮਾਨ ਨਿਕੋਬਾਰ ਕਮਾਂਡ ਸਾਂਝੀ ਕਮਾਂਡ ਦੀ ਮਿਸਾਲ ਹੈ। ਜਨਰਲ ਕਪੂਰ ਐਮਿਟੀ ਯੂਨੀਵਰਸਿਟੀ ਵਲੋਂ ‘ਭਾਰਤੀ ਹਥਿਆਰਬੰਦ ਸੈਨਾਵਾਂ ਦੀਆਂ ਸਾਂਝੀਆਂ ਜੰਗੀ ਮਸ਼ਕਾਂ’ ਵਿਸ਼ੇ ’ਤੇ ਕਰਵਾਏ ਵੈੱਬ ਸੈਮੀਨਾਰ ਮੌਕੇ ਸੰਬੋਧਨ ਕਰ ਰਹੇ ਸਨ।