ਗਰੀਬਾਂ ਦਾ ਜੀਵਨ ਸੁਖਾਲਾ ਬਣਾਉਣ ਲਈ ਕੰਮ ਕਰਨ ਨੌਜਵਾਨ: ਮੋਦੀ

ਨਵੀਂ ਦਿੱਲੀ (ਸਮਾਜ ਵੀਕਲੀ) :  ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਹੈ ਕਿ ਮੁਲਕ ਆਪਣੇ ਨੌਜਵਾਨਾਂ ਲਈ ਕਾਰੋਬਾਰ ਸੁਖਾਲੇ ਢੰਗ ਨਾਲ ਕਰਨਾ ਯਕੀਨੀ ਬਣਾਏਗਾ ਜਦਕਿ ਉਨ੍ਹਾਂ ਨੂੰ ਲੋਕਾਂ ਖਾਸ ਕਰਕੇ ਬਹੁਤ ਜ਼ਿਆਦਾ ਗਰੀਬਾਂ ਦਾ ਜੀਵਨ ਕਾਢਾਂ ਰਾਹੀਂ ਆਸਾਨ ਬਣਾਉਣ ਲਈ ਕੰਮ ਕਰਨਾ ਚਾਹੀਦਾ ਹੈ।

ਆਈਆਈਟੀ ਦਿੱਲੀ ਦੀ 51ਵੀਂ ਸਾਲਾਨਾ ਕਾਨਵੋਕੇਸ਼ਨ ਨੂੰ ਵੀਡੀਓ ਕਾਨਫਰੰਸਿੰਗ ਰਾਹੀਂ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਕਰੋਨਾਵਾਇਰਸ ਤੋਂ ਬਾਅਦ ਦੀ ਦੁਨੀਆ ਬਿਲਕੁਲ ਵੱਖਰੀ ਹੋਵੇਗੀ ਅਤੇ ਤਕਨਾਲੋਜੀ ਇਸ ’ਚ ਸਭ ਤੋਂ ਵੱਡੀ ਭੂਮਿਕਾ ਨਿਭਾਏਗੀ। ਪ੍ਰਧਾਨ ਮੰਤਰੀ ਨੇ ਕਿਹਾ ਕਿ ਕੋਵਿਡ-19 ਨੇ ਦੁਨੀਆ ਨੂੰ ਸਿਖਾ ਦਿੱਤਾ ਹੈ ਕਿ ਵਿਸ਼ਵੀਕਰਨ ਅਹਿਮ ਹੈ ਪਰ ਆਤਮ-ਨਿਰਭਰ ਹੋਣਾ ਵੀ ਮਹੱਤਵਪੂਰਨ ਹੈ। ਉਨ੍ਹਾਂ ਵਿਦਿਆਰਥੀਆਂ ਨੂੰ ਗੁਣਵੱਤਾ ’ਤੇ ਧਿਆਨ ਕੇਂਦਰਿਤ ਕਰਨ, ਕਦੇ ਵੀ ਸਮਝੌਤਾ ਨਾ ਕਰਨ ਅਤੇ ਆਪਣੀਆਂ ਕਾਢਾਂ ਨੂੰ ਵੱਡੇ ਪੱਧਰ ’ਤੇ ਵਰਤਣ ਲਈ ਕਿਹਾ।

ਵਿਦਿਆਰਥੀਆਂ ਨੂੰ ‘ਬਰੈਂਡ ਇੰਡੀਆ’ ਦੇ ‘ਬਰੈਂਡ ਅੰਬੈਸਡਰ’ ਕਰਾਰ ਦਿੰਦਿਆਂ ਉਨ੍ਹਾਂ ਕਿਹਾ,‘‘ਤੁਹਾਡਾ ਕੰਮ ਸਾਡੇ ਉਤਪਾਦਾਂ ਨੂੰ ਆਲਮੀ ਪੱਧਰ ’ਤੇ ਮਾਨਤਾ ਦੇਵੇਗਾ।’’ ਉਨ੍ਹਾਂ ਕਿਹਾ ਕਿ ਤਕਨਾਲੋਜੀ ਨੇ ਲੋਕਾਂ ਤੱਕ ਸੇਵਾਵਾਂ ਪਹੁੰਚਾਉਣਾ ਸੁਖਾਲਾ ਬਣਾ ਦਿੱਤਾ ਹੈ ਜਿਸ ਨਾਲ ਭ੍ਰਿਸ਼ਟਾਚਾਰ ਘਟਿਆ ਹੈ। ਿੲਸ ਮੌਕੇ ਵਿਦਿਆਰਥੀਆਂ ਨੂੰ ਡਿਗਰੀਆਂ ਵੰਡੀਆਂ ਗਈਆਂ। ਸਿੱਖਿਆ ਮੰਤਰੀ ਰਮੇਸ਼ ਪੋਖਰਿਆਲ ‘ਨਿਸ਼ੰਕ’ ਨੇ ਕਿਹਾ ਕਿ ਕਾਨਵੋਕੇਸ਼ਨ ਦਾ ਮਤਲਬ ਇਹ ਨਹੀਂ ਕਿ ਸਿੱਖਿਆ ਖ਼ਤਮ ਹੋ ਗਈ ਹੈ ਸਗੋਂ ਇਹ ਰੁਜ਼ਗਾਰ ਦੇ ਖੇਤਰ ’ਚ ਮਜ਼ਬੂਤ ਨੀਂਹ ਬਣੇਗੀ।

Previous articleਟਰੰਪ ਤੇ ਭਾਜਪਾ ਦਾ ਰੌਲਾ ਇੱਕੋ ਜਿਹਾ: ਸ਼ਿਵ ਸੈਨਾ
Next article‘ਸਾਂਝੀਆਂ ਫੌਜੀ ਮਸ਼ਕਾਂ ’ਚ ਭਾਰਤ ਬਾਕੀ ਮੁਲਕਾਂ ਨਾਲੋਂ ਪਿੱਛੇ’