ਮੁੰਬਈ (ਸਮਾਜਵੀਕਲੀ) : ਭਾਰਤ ਤੇ ਚੀਨ ਦਰਮਿਆਨ ਸਰਹੱਦ ’ਤੇ ਘਟਦੀ ਤਲਖੀ ਤੇ ਰਿਲਾਇੰਸ ਇੰਡਸਟਰੀਜ਼ ਤੇ ਐੱਚਡੀਐੱਫਸੀ ਵੱਲੋਂ ਦਰਜ ਮੁਨਾਫ਼ੇ ਕਰਕੇ ਸ਼ੇਅਰ ਬਾਜ਼ਾਰ ਵਿੱਚ ਅੱਜ ਲਗਾਤਾਰ ਚੌਥੇ ਦਿਨ ਤੇਜ਼ੀ ਦਾ ਦੌਰ ਰਿਹਾ। ਬੰਬੇ ਸਟਾਕ ਐਕਸਚੇਂਜ ਦਾ 30 ਸ਼ੇਅਰਾਂ ਵਾਲਾ ਸੈਂਸੈਕਸ ਦਿਨ ਦੇ ਕਾਰੋਬਾਰ ਦੌਰਾਨ ਇਕ ਵਾਰੀ 36,661.66 ਦੇ ਪੱਧਰ ’ਤੇ ਗਿਆ ਤੇ ਆਖਿਰ ਨੂੰ 465.86 ਨੁਕਤਿਆਂ ਦੇ ਉਭਾਰ ਨਾਲ 36,487.28 ਨੁਕਤਿਆਂ ’ਤੇ ਬੰਦ ਹੋਇਆ।
ਉਧਰ ਐੱਨਐੱਸਈ ਦੇ ਨਿਫ਼ਟੀ ਨੇ 156.30 ਨੁਕਤਿਆਂ ਦੀ ਛਾਲ ਮਾਰੀ ਤੇ 10,763.65 ਦੇ ਪੱਧਰ ’ਤੇ ਜਾ ਕੇ ਥਮਿਆ। ਮਹਿੰਦਰਾ ਐਂਡ ਮਹਿੰਦਰਾ ਦੇ ਸ਼ੇਅਰਾਂ ਨੇ 7 ਫੀਸਦ ਤੋਂ ਵੱਧ ਦਾ ਮੁਨਾਫ਼ਾ ਦਰਜ ਕੀਤਾ। ਬਜਾਜ ਫਾਇਨਾਂਸ, ਰਿਲਾਇੰਸ ਇੰਡਸਟਰੀਜ਼, ਮਾਰੂਤੀ, ਟੀਸੀਐੱਸ, ਐੱਚਡੀਐੱਫਸੀ ਬੈਂਕ ਤੇ ਟਾਟਾ ਸਟੀਲ ਦੇ ਸ਼ੇਅਰਾਂ ਦੇ ਭਾਅ ਵੀ ਚੜ੍ਹੇ। ਬਜਾਜ ਆਟੋ, ਐੱਚਡੀਐੱਫਸੀ, ਭਾਰਤੀ ਏਅਰਟੈੱਲ ਤੇ ਐੱਚਯੂਐੱਲ ਨੂੰ ਥੋੜ੍ਹਾ ਨੁਕਸਾਨ ਝੱਲਣਾ ਪਿਆ।