ਹੁਸੈਨਪੁਰ (ਸਮਾਜ ਵੀਕਲੀ) (ਕੌੜਾ )- ਕੇਂਦਰ ਸਰਕਾਰ ਵੱਲੋਂ ਲਿਆਂਦੇ ਗਏ ਕਾਲੇ ਖੇਤੀ ਕਾਨੂੰਨਾਂ ਵਿਰੁੱਧ ਪੰਜਾਬ ਦੀਆਂ 30 ਕਿਸਾਨ ਜਥੇਬੰਦੀਆਂ ਵੱਲੋਂ ਵੱਖ-ਵੱਖ ਥਾਵਾਂ ਤੇ ਚਲਾਏ ਜਾ ਰਹੇ ਸੰਘਰਸ਼ਾਂ ਨੂੰ ਸਮਾਜ ਦੇ ਹਰੇਕ ਵਰਗ ਵੱਲੋਂ ਭਰਪੂਰ ਸਮਰਥਨ ਦਿੱਤਾ ਜਾ ਰਿਹਾ ਹੈ। ਜਿਸ ਦੇ ਤਹਿਤ ਅੱਜ ਸ਼ਹੀਦ ਊਧਮ ਸਿੰਘ ਲਾਇਬ੍ਰੇਰੀ ਟਿੱਬਾ ਦੇ ਵਰਕਰ ਵੱਡੀ ਗਿਣਤੀ ਵਿਚ ਕਿਸਾਨਾਂ ਨੂੰ ਸਮਰਥਨ ਦੇਣ ਲਈ ਸ਼ੰਭੂ ਬੈਰੀਅਰ ਲਈ ਰਵਾਨਾ ਹੋਏ। ਇਸ ਮੌਕੇ ਬੋਲਦਿਆਂ ਸਾਥੀ ਸੁਰਜੀਤ ਟਿੱਬਾ,ਸਾਥੀ ਅਮਰਜੀਤ ਸਿੰਘ ਜੇ .ਈ ਨੇ ਕਿਹਾ ਕਿ ਅੱਜ ਸਮੁੱਚੇ ਪੰਜਾਬੀਆਂ ਨੂੰ ਕੇਂਦਰ ਸਰਕਾਰ ਸਰਕਾਰ ਦੇ ਕਾਲੇ ਖੇਤੀ ਕਾਨੂੰਨਾਂ ਵਿਰੁੱਧ ਆਵਾਜ਼ ਉਠਾਉਣ ਦੀ ਵੱਡੀ ਲੋੜ ਹੈ।
ਜੇਕਰ ਇਹ ਕਾਲੇ ਕਾਨੂੰਨ ਪੰਜਾਬ ਅੰਦਰ ਲਾਗੂ ਹੋ ਗਏ ਤਾਂ ਦੇਸ਼ ਦਾ ਅੰਨ ਭੰਡਾਰ ਭਰਨ ਵਾਲਾ ਕਿਸਾਨ ਖਤਮ ਹੋ ਜਾਵੇਗਾ। ਇਸ ਮੌਕੇ ਕਾਮਰੇਡ ਬਲਵਿੰਦਰ ਸਿੰਘ ਧਾਲੀਵਾਲ, ਮਾਸਟਰ ਜਸਵਿੰਦਰ ਸਿੰਘ ਟਿੱਬਾ ਅਤੇ ਮਾਸਟਰ ਮਨਪ੍ਰੀਤ ਸਿੰਘ ਨੇ ਕਿਹਾ ਕਿ ਕਿਸਾਨ ਅੰਦੋਲਨ ਨੂੰ ਹਲਕਾ ਸੁਲਤਾਨਪੁਰ ਲੋਧੀ ਦੇ ਸਮੁੱਚੇ ਪਿੰਡਾਂ ਤੋਂ ਭਰਪੂਰ ਸਮਰਥਨ ਮਿਲ ਰਿਹਾ ਹੈ।ਆਉਣ ਵਾਲੇ ਦਿਨਾਂ ਵਿੱਚ ਹਲਕੇ ਵਿੱਚੋਂ ਵੱਡੇ ਜਥੇ ਕਿਸਾਨ ਮੋਰਚਿਆਂ ਵਿੱਚ ਸ਼ਾਮਲ ਹੋਣਗੇ। ਇਸ ਮੌਕੇ ਪਿੰਡ ਵਾਸੀਆਂ ਵੱਲੋਂ ਜਥਾ ਰਵਾਨਾ ਕਰਨ ਸਮੇਂ ਜੈਕਾਰੇ ਛੱਡੇ ਗਏ। ਇਸ ਮੌਕੇ ਬਲਦੇਵ ਸਿੰਘ ਖਾਲਸਾ, ਡਾਕਟਰ ਸਤਬੀਰ ਸਿੰਘ, ਹਰਜਿੰਦਰ ਸਿੰਘ,ਮਦਨ ਲਾਲ ਕੰਡਾ, ਮਨਪ੍ਰੀਤ ਸਿੰਘ, ਜਸਵਿੰਦਰ ਸਿੰਘ ਆਦਿ ਹਾਜ਼ਰ ਸਨ।