ਸਾਕਾ ਜੱਲ੍ਹਿਆਂਆਂਵਾਲਾ ਬਾਗ਼
ਉਪ ਰਾਸ਼ਟਰਪਤੀ ਵੱਲੋਂ ਸ਼ਹੀਦਾਂ ਦੀ ਯਾਦ ’ਚ ਸਿੱਕਾ ਤੇ ਟਿਕਟ ਜਾਰੀ
ਜੱਲ੍ਹਿਆਂਵਾਲਾ ਬਾਗ ਦੇ ਖੂਨੀ ਸਾਕੇ ਦੀ ਸ਼ਤਾਬਦੀ ਮੌਕੇ ਦੇਸ਼ ਦੇ ਉਪ ਰਾਸ਼ਟਰਪਤੀ ਐੱਮ ਵੈਂਕਈਆ ਨਾਇਡੂ ਨੇ ਅੱਜ ਇੱਥੇ ਜੱਲ੍ਹਿਆਂਵਾਲਾ ਬਾਗ ਵਿੱਚ ਸ਼ਹੀਦੀ ਸਮਾਰਕ ‘ਤੇ ਫੁੱਲਮਾਲਾ ਭੇਟ ਕਰਕੇ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੱਤੀ। ਇਸ ਮੌਕੇ ਸ਼ਹੀਦਾਂ ਦੀ ਯਾਦ ਵਿੱਚ ਯਾਦਗਾਰੀ ਸਿੱਕਾ ਅਤੇ ਡਾਕ ਟਿਕਟ ਵੀ ਜਾਰੀ ਕੀਤੀ ਗਈ ਹੈ। ਉਪ ਰਾਸ਼ਟਰਪਤੀ ਨੇ ਇਥੇ ਜੱਲ੍ਹਿਆਂਵਾਲਾ ਬਾਗ ਦੀ ‘ਯਾਤਰੂ ਕਿਤਾਬ’ ਵਿੱਚ ਦਰਜ ਕੀਤੀਆਂ ਆਪਣੀਆਂ ਭਾਵਨਾਵਾਂ ਅਤੇ ਸੋਸ਼ਲ ਮੀਡੀਆ ਉੱਤੇ ਇਕ ਟਵੀਟ ਰਾਹੀਂ ਆਖਿਆ ਕਿ ਜੱਲ੍ਹਿਆਂਵਾਲਾ ਬਾਗ ਦਾ ਖੂਨੀ ਸਾਕਾ ਸਾਨੂੰ ਯਾਦ ਦਿਵਾਉਂਦਾ ਹੈ ਕਿ ਦੇਸ਼ ਦੀ ਆਜ਼ਾਦੀ ਲਈ ਕਿੰਨੀਆਂ ਕੁਰਬਾਨੀਆਂ ਦਿੱਤੀਆਂ ਗਈਆਂ ਸਨ। ਇਹ ਸ਼ਰਧਾਂਜਲੀ ਉਨ੍ਹਾਂ ਸਾਰੇ ਬੇਦੋਸ਼ੇ ਦੇਸ਼ ਵਾਸੀਆਂ ਨੂੰ ਹੈ, ਜਿਨ੍ਹਾਂ ਨੇ 1919 ਵਿੱਚ ਵਿਸਾਖੀ ਵਾਲੇ ਦਿਨ ਜੱਲ੍ਹਿਆਂਵਾਲਾ ਬਾਗ ਵਿੱਚ ਆਪਣੀ ਜਾਨ ਕੁਰਬਾਨ ਕੀਤੀ ਸੀ। ਉਹ ਇੱਥੇ ਆਉਣ ਮਗਰੋਂ ਜਿਥੇ ਗਮਗੀਨ ਮਹਿਸੂਸ ਕਰਦੇ ਹਨ, ਉਥੇ ਸ਼ਹੀਦਾਂ ਵਲੋਂ ਦਿੱਤੀ ਕੁਰਬਾਨੀ ‘ਤੇ ਫਖ਼ਰ ਵੀ ਮਹਿਸੂਸ ਕਰਦੇ ਹਨ। ਉਨ੍ਹਾਂ ਕਿਹਾ ਕਿ ਇਤਿਹਾਸ ਸਾਨੂੰ ਆਪਣੀਆਂ ਗਲਤੀਆਂ ਤੋਂ ਸਿੱਖਿਆ ਲੈਣ ਲਈ ਸੁਚੇਤ ਵੀ ਕਰਦਾ ਹੈ ਅਤੇ ਸਿਖਾਉਂਦਾ ਵੀ ਹੈ ਕਿ ਜ਼ੁਲਮ ਦੀ ਉਮਰ ਘੱਟ ਹੀ ਹੁੰਦੀ ਹੈ। ਉਨ੍ਹਾਂ ਨੇ ਦੇਸ਼ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਇਤਿਹਾਸ ਤੋਂ ਸਬਕ ਲੈ ਕੇ ਮਨੁੱਖਤਾ ਨੂੰ ਬਿਹਤਰ ਭਵਿੱਖ ਦੇਣ ਦੀ ਦਿਸ਼ਾ ਵੱਲ ਯਤਨ ਕਰਨ। ਇਸ ਦੌਰਾਨ ਇੱਥੇ ਜੱਲ੍ਹਿਆਂਵਾਲਾ ਬਾਗ ਵਿੱਚ ਕਰਵਾਏ ਇਕ ਸਮਾਗਮ ਦੌਰਾਨ ਸ਼ਤਾਬਦੀ ਮੌਕੇ ਇੱਕ ਪ੍ਰਾਰਥਨਾ ਸਭਾ ਵੀ ਕੀਤੀ ਗਈ, ਜਿਸ ਵਿੱਚ ਉਪ ਰਾਸ਼ਟਰਪਤੀ ਸਮੇਤ ਪੰਜਾਬ ਦੇ ਰਾਜਪਾਲ ਵੀ ਪੀ ਸਿੰਘ ਬਦਨੌਰ, ਪੰਜਾਬ ਸਰਕਾਰ ਵੱਲੋਂ ਮੰਤਰੀ ਓ.ਪੀ. ਸੋਨੀ, ਭਾਜਪਾ ਦੇ ਸੂਬਾਈ ਪ੍ਰਧਾਨ ਤੇ ਸੰਸਦ ਮੈਂਬਰ ਸ਼ਵੇਤ ਮਲਿਕ, ਜੱਲ੍ਹਿਆਂਵਾਲਾ ਬਾਗ ਯਾਦਗਾਰ ਟਰਸੱਟ ਦੇ ਟਰਸੱਟੀ ਵਜੋਂ ਤਰਲੋਚਨ ਸਿੰਘ, ਸ਼੍ਰੋਮਣੀ ਕਮੇਟੀ ਵਲੋਂ ਭਾਈ ਰਜਿੰਦਰ ਸਿੰਘ ਮਹਿਤਾ ਤੇ ਬੀਬੀ ਜਗੀਰ ਕੌਰ, ਨਗਰ ਨਿਗਮ ਦੇ ਮੇਅਰ ਕਰਮਜੀਤ ਸਿੰਘ ਰਿੰਟੂ, ਚੀਫ ਖਾਲਸਾ ਦੀਵਾਨ ਵੱਲੋਂ ਨਿਰਮਲ ਸਿੰਘ ਠੇਕੇਦਾਰ ਆਦਿ ਹਾਜ਼ਰ ਸਨ। ਪ੍ਰਾਰਥਨਾ ਸਭਾ ਵਿੱਚ ਗੁਰਬਾਣੀ ਦੇ ਕੀਰਤਨ ਤੋਂ ਬਾਅਦ ਉਪ ਰਾਸ਼ਟਰਪਤੀ ਨੇ ਸ਼ਹੀਦਾਂ ਦੀ ਯਾਦ ਵਿੱਚ ਯਾਦਗਾਰੀ ਸਿੱਕਾ ਅਤੇ ਡਾਕ ਟਿਕਟ ਜਾਰੀ ਕੀਤੀ। ਯਾਦਗਾਰੀ ਸਿੱਕਾ ਸੌ ਰੁਪਏ ਦਾ ਹੈ। ਇਸ ਮੌਕੇ ਇਥੇ ਐੱਲਸੀਡੀ ਸਕਰੀਨ ਉੱਤੇ ਕੇਂਦਰ ਸਰਕਾਰ ਵੱਲੋਂ ਜੱਲ੍ਹਿਆਂਵਾਲਾ ਬਾਗ ਦੀ ਸੁੰਦਰਤਾ ਤੇ ਸਾਂਭ ਸੰਭਾਲ ਲਈ 19.21 ਕਰੋੜ ਰੁਪਏ ਦੀ ਲਾਗਤ ਨਾਲ ਤਿਆਰ ਕੀਤੀ ਯੋਜਨਾ ਦੀ ਰੂਪ ਰੇਖਾ ਦਾ ਖੁਲਾਸਾ ਕੀਤਾ ਗਿਆ। ਇਸ ਤਹਿਤ 3-ਡੀ ਹਾਲ ਵਿੱਚ ਜ਼ੱਲ੍ਹਿਆਂਵਾਲਾ ਬਾਗ ਦੇ ਸਾਕੇ ਨੂੰ ਦਿਖਾਇਆ ਜਾਵੇਗਾ। ਸਮਾਰਕ ਦੀ ਮੁਰੰਮਤ ਕਰਕੇ ਇਸ ਦੇ ਆਲੇ ਦੁਆਲੇ ਦੀ ਦਿੱਖ ਨੂੰ ਸੁਧਾਰਿਆ ਜਾਵੇਗਾ। ਰਾਤ ਵੇਲੇ ਵੱਖ ਵੱਖ ਭਾਸ਼ਾਵਾਂ ਵਿੱਚ ਲਾਈਟ ਐਂਡ ਸਾਊਂਡ ਸ਼ੋਅ ਚਲਾਇਆ ਜਾਵੇਗਾ।ਇਸ ਦੌਰਾਨ ਉਪ ਰਾਸ਼ਟਰਪਤੀ ਨੇ ਸੂਚਨਾ ਅਤੇ ਪ੍ਰਸਾਰਨ ਮੰਤਰਾਲੇ ਵੱਲੋਂ ਇੱਥੇ ਲਾਈ ਫੋਟੋ ਪ੍ਰਦਰਸ਼ਨੀ ਵੀਦੇਖੀ।