ਕਰੋਨਾਵਾਇਰਸ ਦੇ ਖ਼ਤਰੇ ਦੇ ਮੱਦੇਨਜ਼ਰ ਨੈਣਾਂ ਦੇਵੀ ਦਾ ਮੰਦਰ ਸ਼ਰਧਾਲੂਆਂ ਲਈ ਬੰਦ ਕਰ ਦਿੱਤਾ ਗਿਆ ਹੈ। ਇਸੇ ਤਰ੍ਹਾਂ ਤਖ਼ਤ ਕੇਸਗੜ੍ਹ ਸਾਹਿਬ ਵਿਚ ਆਉਣ ਵਾਲੇ ਸ਼ਰਧਾਲੂਆਂ ਲਈ ਹੱਥ ਧੋਣ ਵਾਸਤੇ ਵਧੀਆ ਸਾਬਣ ਅਤੇ ਸੈਨੇਟਾਈਜ਼ਰ ਉਪਲੱਬਧ ਕਰਵਾਏ ਗਏ ਹਨ। ਜਾਣਕਾਰੀ ਅਨੁਸਾਰ ਹਿਮਾਚਲ ਪ੍ਰਦੇਸ਼ ਵਿਚ ਸਥਿਤ ਨੈਣਾ ਦੇਵੀ ਦੇ ਮੰਦਰ ਸਣੇ ਚਿੰਤਪੁਰਨੀ, ਜਵਾਲਾਮੁਖੀ, ਚਾਮੁੰਡਾ ਦੇਵੀ ਮੰਦਰ ਸ਼ਰਧਾਲੂਆਂ ਦੇ ਲਈ ਅਗਲੇ ਹੁਕਮਾਂ ਤੱਕ ਬੰਦ ਕਰਵਾ ਦਿੱਤੇ ਗਏ ਹਨ।
ਸ਼ਰਧਾਲੂਆਂ ਨੂੰ ਮੰਦਰਾਂ ਵਿਚ ਨਾ ਆਉਣ ਲਈ ਕਿਹਾ ਗਿਆ ਹੈ। ਜਿਹੜੇ ਸ਼ਰਧਾਲੂ ਅੱਜ ਮੰਦਰ ਕੰਪਲੈਕਸ ਵਿਚ ਨਤਮਸਤਕ ਹੋਣ ਆਏ ਸਨ, ਉਨ੍ਹਾਂ ਨੂੰ ਸੁਰੱਖਿਆ ਕਰਮਚਾਰੀਆਂ ਵੱਲੋਂ ਵਾਪਸ ਭੇਜ ਦਿੱਤਾ ਗਿਆ।
ਉਧਰ, ਤਖ਼ਤ ਕੇਸਗੜ੍ਹ ਸਾਹਿਬ ਦੀ ਹਦੂਦ ਅਧੀਨ ਆਉਂਦੇ 42 ਗੁਰਦੁਆਰਿਆਂ ਜਿਨ੍ਹਾਂ ਵਿੱਚ ਕੇਸਗੜ੍ਹ ਸਾਹਿਬ ਤੋਂ ਇਲਾਵਾ ਆਨੰਦਪੁਰ ਸਾਹਿਬ ਦੇ ਹੋਰ ਗੁਰਦੁਆਰੇ, ਕੀਰਤਪੁਰ ਦੇ ਗੁਰਦੁਆਰੇ ਅਤੇ ਗੁਰੂ ਕਾ ਲਾਹੌਰ ਆਦਿ ਵਿਚ ਸਥਿਤ ਸਮੂਹ ਗੁਰਦੁਆਰਿਆਂ ਵਿਚ ਸ਼ਰਧਾਲੂਆਂ ਦੇ ਮੱਥਾ ਟੇਕਣ ਜਾਣ ਤੋਂ ਪਹਿਲਾਂ ਹੱਥ ਤੇ ਪੈਰ ਧੋਣ ਨੂੰ ਯਕੀਨੀ ਬਣਾਉਣ ਲਈ ਮੁਲਾਜ਼ਮਾਂ ਦੀ ਵਿਸ਼ੇਸ਼ ਡਿਊਟੀ ਲਗਾਈ ਗਈ ਹੈ। ਸੰਗਤ ਦੀ ਸਹੂਲਤ ਲਈ ਸਾਬਣ ਅਤੇ ਸੈਨੇਟਾਈਜ਼ਰ ਵੀ ਮੁਹੱਈਆ ਕਰਵਾਏ ਗਏ ਹਨ। ਤਖ਼ਤ ਕੇਸਗੜ੍ਹ ਸਾਹਿਬ ਦੇ ਮੈਨੇਜਰ ਜਸਵੀਰ ਸਿੰਘ ਨੇ ਕਿਹਾ ਕਿ ਸ਼ਰਧਾਲੂਆਂ ਦੀ ਸਿਹਤ ਨਾਲ ਸਮਝੌਤਾ ਨਹੀਂ ਕੀਤਾ ਜਾ ਸਕਦਾ।
ਉਨ੍ਹਾਂ ਕਿਹਾ ਕਿ ਕਰੋਨਾਵਾਇਰਸ ਦਾ ਖ਼ਤਰਾ ਘਟਾਉਣ ਲਈ ਸ਼੍ਰੋਮਣੀ ਕਮੇਟੀ ਦੇ ਮੁੱਖ ਦਫ਼ਤਰ ਤੋਂ ਜਾਰੀ ਹੁਕਮਾਂ ਅਨੁਸਾਰ ਕਾਰਵਾਈ ਨੂੰ ਅਮਲ ਵਿਚ ਲਿਆਂਦਾ ਜਾ ਰਿਹਾ ਹੈ। ਉਨ੍ਹਾਂ ਮੰਨਿਆ ਕਿ ਕਰੋਨਾਵਾਇਰਸ ਕਰ ਕੇ ਹੋਲੇ-ਮਹੱਲੇ ਤੋਂ ਲੈ ਕੇ ਹੁਣ ਤੱਕ ਸੰਗਤ ਦੀ ਆਮਦ ਵਿਚ ਵੱਡੀ ਘਾਟ ਦਰਜ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਇਸ ਮਹਾਮਾਰੀ ਦੇ ਖ਼ਤਰੇ ਕਾਰਨ ਭਵਿੱਖ ਵਿੱਚ ਵੀ ਸੰਗਤ ਦੀ ਗਿਣਤੀ ਵਿਚ ਕਮੀ ਬਰਕਰਾਰ ਰਹਿਣ ਦੀ ਉਮੀਦ ਹੈ।
INDIA ਸ਼ਰਧਾਲੂਆਂ ਦੀ ਸੁਰੱਖਿਆ ਲਈ ਨੈਣਾਂ ਦੇਵੀ ਮੰਦਰ ਬੰਦ