ਸਹੁੰ

ਸਤਨਾਮ  ਸਮਾਲਸਰੀਆ

(ਸਮਾਜ ਵੀਕਲੀ)

ਤੈਨੂੰ  ਤਪਦੇ ਓਸ ਜੇਠ ਤੇ ਹਾੜ ਦੇ ਦੁਪਹਿਰ ਦੀ ਸਹੁੰ
ਪੋਹ ਮਾਘ ਦੀਆਂ ਰਾਤਾਂ ਵਿੱਚ ਪਾਣੀ ਲਾਉਂਦੇ ਤੀਜੇ ਪਹਿਰ ਦੀ ਸਹੁੰ
ਕਰਜ਼ੇ ਹੱਥੋਂ ਦੁਖੀ ਬਾਪੂ ਦੇ ਪੀਤੇ ਓਸ ਜ਼ਹਿਰ ਦੀ ਸਹੁੰ
ਸਹੁਰਿਆਂ ਨੇ ਭੈਣ ਜੋ ਦਾਜ਼ ਖਾਤਰ ਡੋਬ ਕੇ ਮਾਰੀ ਓਸ ਨਹਿਰ ਦੀ ਸਹੁੰ
ਚੱਲ ਉੱਠ  ਜਵਾਨਾਂ ! ਹੱਬਲਾ ਮਾਰ ਤੈਨੂੰ ਤੇਰੇ ਦੇਸ਼ ਦੇ ਹਰ ਪਿੰਡ ਤੇ ਸ਼ਹਿਰ ਦੀ ਸਹੁੰ

ਤੈਨੂੰ ਤੇਰੇ ਖੇਤ ਵਿੱਚ ਵਿੱਚ ਚੱਲਦੀਆਂ ਉਨ੍ਹਾਂ ਬੰਬੀਆਂ ਦੀ ਸਹੁੰ
ਦਾਤੀਆਂ, ਕਹੀਆਂ ਤੇ ਰੱਬੀਆਂ ਦੀ ਸਹੁੰ
ਵੱਟਾਂ, ਖਾਲਾਂ , ਪਹੀਆਂ ਤੇ ਡੰਡੀਆਂ ਦੀ ਸਹੁੰ
ਰਾਤਾਂ ਝਾਕ ਜਿੱਥੇ ਅਨਾਜ ਵੇਚਦਾ ਸੀ ਉਨ੍ਹਾਂ ਮੰਡੀਆਂ ਦੀ ਸਹੁੰ
ਸਤਾਲੀ , ਚਰਾਸੀ , ਜਲ੍ਹਿਆਵੇ ਵਾਲੇ ਬਾਗ ਤੇ ਕੋਟਕਪੂਰੇ ਢਾਹੇ ਕਹਿਰ ਦੀ ਸਹੁੰ
ਚੱਲ ਉੱਠ ਜਵਾਨਾਂ ! ਹੱਬਲਾ ਮਾਰ ਤੈਨੂੰ ਤੇਰੇ ਦੇਸ਼ ਦੇ ਹਰ ਪਿੰਡ ਤੇ ਸ਼ਹਿਰ ਦੀ ਸਹੁੰ

ਤੈਨੂੰ ਬਾਪੂ ਦੇ ਹੱਥਾਂ ਦੇ ਰੱਟਣਾਂ  ਤੇ ਪੈਰਾਂ ਦੀਆਂ ਵਿਆਈਆਂ ਦੀ ਸਹੁੰ
ਭੱਠਿਆਂ ‘ਤੇ ਇੱਟਾਂ ਕੱਢਦੀਆਂ ਚਾਚੀਆਂ ਤੇ ਤਾਈਆਂ ਦੀ ਸਹੁੰ
ਜਿੰਨ੍ਹਾਂ ਨੂੰ ਲੋੜੀਂਦੀ ਰੂੰ ਨਾ ਜੁੜੀ ਉਨ੍ਹਾਂ ਗੰਢੀਆਂ ਰਜਾਈਆਂ ਦੀ ਸਹੁੰ
ਚਿੱਟੇ ਨਾਲ ਮਰ ਗਏ ਪੁੱਤ ਦੀ ਲਾਸ ਤੇ ਮਾਂ ਦੀਆਂ ਪਾਈਆਂ ਦੁਹਾਈਆਂ ਦੀ ਸਹੁੰ
ਮੁੱਢਾਂ ਤੋ ਬਣੀ ਇਹ ਧਾਰਨਾ ਕਿ ਘਾਈਆਂ ਦੇ ਪੁੱਤ ਘਾਈਆਂ ਦੀ ਸਹੁੰ
ਬੇਵੱਸ ਲੋਕਾਂ ਦੀ ਰਾਤ ਕੱਟੀ ਲਈ ਪੁਲਾਂ ਹੇਠ ਬਣਾਈ ਠਹਿਰ ਦੀ ਸਹੁੰ
ਚੱਲ ਉੱਠ ਜਵਾਨਾ ! ਹੱਬਲਾ ਮਾਰ ਤੈਨੂੰ ਤੇਰੇ ਦੇਸ਼ ਦੇ ਹਰ ਪਿੰਡ ਤੇ ਸ਼ਹਿਰ ਦੀ ਸਹੁੰ

ਧਰਨੇ ਵਿੱਚ ਬੈਠੇ ਭਰਾ ਦੇ ਪਿੰਡੇ ਤੇ ਵੱਜੀਆਂ ਡਾਂਗਾਂ ਦੀ ਸਹੁੰ
ਨੌਕਰੀ ਦੀ ਪੁਕਾਰ ਲਈ ਭੈਣ ਦੇ ਪੇਟ ਵਿੱਚ ਮਰੀ ਬੱਚੀ ਦੀਆਂ ਚਾਗਾਂ ਦੀ ਸਹੁੰ
ਸਰਹੱਦਾਂ ਉੱਤੇ ਮਾਰ ਦਿੱਤੇ ਵੀਰਾਂ ਦੀਆਂ ਪਤਨੀਆਂ ਦੀ ਉੱਜੜੀਆਂ ਮਾਂਗਾਂ ਦੀ ਸਹੁੰ
ਵਿਦੇਸ਼ ਰੋਜ਼ੀ ਲਈ ਗਏ ਪੁੱਤ ਨੂੰ ਘਰ ਵਿੱਚ ਉਡੀਕ ਰਹੀ ਮਾਂ ਦੀਆਂ ਤਾਘਾਂ ਦੀ ਸਹੁੰ
ਹਰ ਸਮੇਂ ਮੌਤ ਵਰਗੀ ਛਾਈ ਚੁੱਪ ਤੇ ਦਹਿਸ਼ਤ ਦੇ ਗਹਿਰ ਦੀ ਸਹੁੰ
ਚੱਲ ਉਠ ਜਵਾਨਾ !ਹੱਬਲਾ ਮਾਰ ਤੈਨੂੰ ਤੇਰੇ ਦੇਸ਼ ਦੇ ਹਰ ਪਿੰਡ ਤੇ ਸ਼ਹਿਰ ਦੀ ਸਹੁੰ

ਤੈਨੂੰ ਤੇਰੇ ਓਸ ਪੁਰਾਣੇ ਹੱਸਦੇ ਖੇਡਦੇ ਬੇਪਰਵਾਹ ਪੰਜਾਬ ਦੀ ਸਹੁੰ
ਇਸਦੇ ਚਿਹਰੇ ਦੀ  ਝੱਲੀ ਨਾ ਜਾਣ ਵਾਲੀ ਤਾਬ ਦੀ ਸਹੁੰ
ਸਰਾਭੇ , ਚੰਦਰ ਸ਼ੇਖਰ, ਰਾਜਗੁਰੂ ਅਤੇ ਭਗਤ ਸਿੰਘ ਦੇ ਖੁਵਾਬ ਦੀ ਸਹੁੰ
ਸਤਲੁਜ਼ ,ਜੇਹਲਮ, ਰਾਵੀ ,ਬਿਆਸ ਅਤੇ ਚਨਾਬ ਦੀ ਸਹੁੰ
ਜਿਸਦਾ ਇੱਕ ਇੱਕ ਪੰਨਾ ਲਹੂ ਸੰਗ ਲਿਖਿਆ ਓਸ ਕਿਤਾਬ ਦੀ ਸਹੁੰ
ਧਰਤੀ ਮਾਂ ਤੇ ਮਾਂ ਬੋਲੀ ਦੀ ਪੱਤ ਰੋਲਣ ਵਾਲੇ ਤੋ ਲੈਣ ਵਾਲੇ ਹਿਸਾਬ ਦੀ ਸਹੁੰ
ਇਨ੍ਹਾਂ ਲੀਡਰਾਂ ਤੋਂ ਹੱਕ ਆਪਣਾ ਖੋਹਣ ਲਈ ‘ਸਮਾਲਸਰ’ ਚੋਂ ਉੱਠੀ ਲਹਿਰ ਦੀ ਸਹੁੰ
ਚੱਲ ਉਠ ਜਵਾਨਾ ! ਹੱਬਲਾ ਮਾਰ ਤੈਨੂੰ ਤੇਰੇ ਦੇਸ਼ ਦੇ ਹਰ ਪਿੰਡ ਤੇ ਸ਼ਹਿਰ ਦੀ ਸਹੁੰ

ਸਤਨਾਮ ਸਮਾਲਸਰੀਆ
ਸੰਪਰਕ: 97108 60004

Previous articlePutin urges to remove barriers to medical cooperation
Next articleਮਿਲਕਫੈੱਡ ਦੇ ਚੇਅਰਮੈਨ ਕੈਪਟਨ ਹਰਮਿੰਦਰ ਸਿੰਘ ਨੇ ਸਵਰਗੀ ਹਰਜਿੰਦਰ ਸਿੰਘ ਦੇ ਪਰਿਵਾਰ ਨੂੰ ਸੌਂਪਿਆ ਡੇਢ ਲੱਖ ਦਾ ਚੈੱਕ