ਕੋਟਕਪੂਰਾ– ਇਥੇ ਹਰੀਨੌਂ ਰੋਡ ’ਤੇ ਸਹੁਰੇ ਨੇ ਆਪਣੀ ਲਾਇਸੈਂਸੀ ਬੰਦੂਕ ਨਾਲ ਨੂੰਹ ਦੀ ਹੱਤਿਆ ਕਰ ਦਿੱਤੀ। ਲੋਕਾਂ ਮੁਤਾਬਕ ਇਹ ਵਾਰਦਾਤ ਸਵੇਰੇ ਕਰੀਬ ਸਾਢੇ 8 ਵਜੇ ਵਾਪਰੀ ਜਦੋਂ ਘਰ ’ਚੋਂ ਗੋਲੀਆਂ ਚੱਲਣ ਦੀ ਆਵਾਜ਼ ਸੁਣਾਈ ਦਿੱਤੀ। ਲੋਕਾਂ ਨੇ ਜਦੋਂ ਮਕਾਨ ਦੇ ਵਰਾਂਡੇ ਵਿਚ ਵੇਖਿਆ ਤਾਂ ਉਥੇ ਨੀਲਮ ਰਾਣੀ (42) ਦੀ ਲਾਸ਼ ਖੂਨ ਨਾਲ ਲੱਥ-ਪੱਥ ਪਈ ਸੀ ਅਤੇ ਮੁਲਜ਼ਮ ਨੇ ਹੱਥ ਵਿਚ ਲਾਇਸੈਂਸੀ ਹਥਿਆਰ ਫੜਿਆ ਹੋਇਆ ਸੀ। ਨੀਲਮ ਪ੍ਰਾਈਵੇਟ ਸਕੂਲ ’ਚ ਅਧਿਆਪਕਾ ਸੀ। ਕਰੀਬ ਅੱਠ ਸਾਲ ਪਹਿਲਾਂ ਉਸ ਦੇ ਪਤੀ ਮਨੀਸ਼ ਪੁਰੀ ਉੱਤੇ ਜਾਨਲੇਵਾ ਹਮਲਾ ਹੋਣ ਕਰਕੇ ਉਹ ਪੈਰਾਂ ਤੋਂ ਲਾਚਾਰ ਹੋ ਗਿਆ ਸੀ। ਕੁਝ ਦਿਨ ਪਹਿਲਾਂ ਹੀ ਮਨੀਸ਼ ਨੇ ਪੈਰ ਦਾ ਅਪਰੇਸ਼ਨ ਕਰਵਾਇਆ ਸੀ। ਵਾਰਦਾਤ ਤੋਂ ਪਹਿਲਾਂ ਨੀਲਮ ਰਾਣੀ ਨੇ ਆਪਣੇ ਪਤੀ ਅਤੇ ਸਹੁਰੇ ਨੂੰ ਚਾਹ ਬਣਾ ਕੇ ਦਿੱਤੀ ਸੀ। ਇਸ ਮਗਰੋਂ ਦੋਹਾਂ ਵਿਚਕਾਰ ਮਾਮੂਲੀ ਤਕਰਾਰ ਸ਼ੁਰੂ ਹੋਈ ਅਤੇ ਗੁੱਸੇ ਵਿਚ ਆ ਕੇ ਸਹੁਰੇ ਨੇ ਘਰ ਵਿਚ ਪਈ ਬੰਦੂਕ ਨਾਲ ਨੂੰਹ ਦੀ ਹੱਤਿਆ ਕਰ ਦਿੱਤੀ। ਸੂਚਨਾ ਮਿਲਣ ’ਤੇ ਸ਼ਹਿਰੀ ਪੁਲੀਸ ਥਾਣੇ ਦੇ ਐੱਸਐੱਚਓ, ਡੀਐੱਸਪੀ ਬਲਕਾਰ ਸਿੰਘ ਸਿੱਧੂ ਅਤੇ ਸਹਾਇਕ ਥਾਣੇਦਾਰ ਸਤਪਾਲ ਸਿੰਘ ਨੇ ਮੌਕੇ ’ਤੇ ਪਹੁੰਚ ਕੇ ਘਟਨਾ ਦਾ ਜਾਇਜ਼ਾ ਲਿਆ। ਥਾਣੇਦਾਰ ਸਤਪਾਲ ਸਿੰਘ ਮੁਤਾਬਕ ਮ੍ਰਿਤਕਾ ਦੇ ਭਰਾ ਬਿੱਟੂ ਦਿਓੜਾ ਦੇ ਬਿਆਨ ਦੇ ਆਧਾਰ ’ਤੇ ਮੁਲਜ਼ਮ ਖ਼ਿਲਾਫ਼ ਮੁਕੱਦਮਾ ਦਰਜ ਕਰਕੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਹੈ।