ਅੰਮਿ੍ਤਸਰ : ਦੇਸ਼ ‘ਚ ਤੇਜ਼ੀ ਨਾਲ ਵਧੀਆਂ ਕੀਮਤਾਂ ਦਰਮਿਆਨ ਅਫ਼ਗਾਨਿਸਤਾਨ ਤੋਂ ਆਉਣ ਵਾਲੇ ਪਿਆਜ਼ ਦੇ ਟਰੱਕਾਂ ਦੀ ਗਿਣਤੀ ਵੀ ਸ਼ਨਿਚਰਵਾਰ ਨੂੰ ਅਚਾਨਕ ਵਧ ਗਈ। ਵਾਹਗਾ ਰਸਤੇ ਕੌਮਾਂਤਰੀ ਸਰਹੱਦ ਪਾਰ ਕਰ ਕੇ ਅਫ਼ਗਾਨੀ ਪਿਆਜ਼ ਦੇ 86 ਟਰੱਕ ਇੰਟੀਗ੍ਰੇਟਿਡ ਚੈੱਕ ਪੋਸਟ (ਆਈਸੀਪੀ) ਅਟਾਰੀ ਪੁੱਜੇ।
ਸ਼ਨਿਚਰਵਾਰ ਨੂੰ ਆਈਸੀਪੀ ‘ਤੇ ਕੁਲੀਆਂ ਵੱਲੋਂ ਕੰਮ ਸ਼ੁਰੂ ਕਰਨ ਤੋਂ ਬਾਅਦ ਕਸਟਮ ਅਧਿਕਾਰੀਆਂ ਨੇ ਪਾਕਿ ਕਸਟਮ ਅਧਿਕਾਰੀਆਂ ਨੂੰ ਉਕਤ ਟਰੱਕ ਭੇਜਣ ਨੂੰ ਕਿਹਾ। ਜਦਕਿ ਇਸ ਤੋਂ ਪਹਿਲਾਂ ਸ਼ੁੱਕਰਵਾਰ ਨੂੰ ਕੁਲੀਆਂ ਦੀ ਹੜਤਾਲ ਕਾਰਨ ਅਫ਼ਗਾਨੀ ਪਿਆਜ਼ ਦੇ 40 ਟਰੱਕ ਵਾਪਸ ਭੇਜ ਦਿੱਤੇ ਗਏ ਸਨ।
ਆਈਸੀਪੀ ‘ਤੇ ਕੁਲੀ ਬਕਾਇਆ ਭੁਗਤਾਨ ਨੂੰ ਲੈ ਕੇ ਦੋ ਦਿਨਾਂ ਤੋਂ ਹੜਤਾਲ ਕਰ ਰਹੇ ਸਨ ਜਿਸ ਕਾਰਨ ਆਈਸੀਪੀ ‘ਤੇ ਕੰਮ ਪੂਰੀ ਤਰ੍ਹਾਂ ਠੱਪ ਸੀ। ਸ਼ਨਿਚਰਵਾਰ ਨੂੰ ਹੜਤਾਲ ਖ਼ਤਮ ਕਰਨ ਦੇ ਫ਼ੈਸਲੇ ਤੋਂ ਬਾਅਦ ਵਾਹਗਾ ਸਰਹੱਦ ਰਾਹੀਂ ਭਾਰਤ ‘ਚ 3182 ਟਨ ਪਿਆਜ਼ ਭਾਰਤ ਪੁੱਜਾ ਹੈ। ਇਸ ਨਾਲ ਕੀਮਤਾਂ ‘ਚ ਗਿਰਾਵਟ ਆਉਣ ਦੀ ਸੰਭਾਵਨਾ ਵੀ ਬਣੀ ਹੈ।
ਡ੍ਰਾਈ ਫਰੂਟ ਐਸੋਸੀਏਸ਼ਨ ਦੇ ਪ੍ਰਧਾਨ ਅਨਿਲ ਮੇਹਰਾ ਨੇ ਦੱਸਿਆ ਕਿ ਕੁਲੀਆਂ ਦੀ ਹੜਤਾਲ ਖੁੱਲ੍ਹਣ ਨਾਲ ਕਾਰੋਬਾਰੀਆਂ ਨੂੰ ਰਾਹਤ ਮਿਲੀ ਹੈ। ਉਨ੍ਹਾਂ ਦੱਸਿਆ ਕਿ ਅਗਲੇ ਦਿਨਾਂ ‘ਚ ਵੀ ਅਫ਼ਗਾਨੀ ਪਿਆਜ਼ ਦੀ ਬਹੁਤ ਵੱਡੀ ਮਾਤਰਾ ਪਹੁੰਚਣ ਦੀ ਉਮੀਦ ਹੈ, ਜੋ ਦੇਸ਼ ਦੇ ਵੱਖ-ਵੱਖ ਹਿੱਸਿਆਂ ‘ਚ ਜਾਵੇਗਾ।