ਸਵੱਛ ਸਰਵੇਖਣ 2019 ਵਿੱਚ ਲੁਧਿਆਣਾ ਨੇ ਇੱਕ ਵਾਰ ਫਿਰ ਮਾੜਾ ਪ੍ਰਦਰਸ਼ਨ ਕੀਤਾ, ਜਿਸ ਤੋਂ ਬਾਅਦ 2018 ਦੇ ਮੁਕਾਬਲੇ 137ਵੇਂ ਸਥਾਨ ਤੋਂ ਲੁਧਿਆਣਾ ਸਿੱਧੇ 163 ਸਥਾਨ ’ਤੇ ਪੁੱਜ ਗਿਆ ਹੈ। ਇਸ ਵਾਰ 5000 ਨੰਬਰਾਂ ਵਿੱਚੋਂ ਲੁਧਿਆਣਾ ਨੂੰ ਸਿਰਫ਼ 2523 ਨੰਬਰ ਹੀ ਮਿਲੇ। 2017 ਵਿੱਚ ਵੀ ਕੌਮੀ ਰੈਂਕਿੰਗ ਵਿੱਚ ਲੁਧਿਆਣਾ ਦਾ 140ਵਾਂ ਸਥਾਨ ਸੀ। ਮਨਿਸਟਰੀ ਆਫ਼ ਹਾਊਸਿੰਗ ਐਂਡ ਅਰਬਨ ਅਫੇਅਰ ਵੱਲੋਂ ਸਵੱਛ ਸਰਵੇਖਣ ਹਰ ਸਾਲ ਜਨਵਰੀ ਮਹੀਨੇ ਵਿੱਚ ਕਰਵਾਇਆ ਜਾਂਦਾ ਹੈ ਜਿਸ ਵਿੱਚ ਗਾਰਬੇਜ ਫਰੀ ਸਿਟੀ ਦੇ ਮੁੱਦੇ ’ਤੇ ਲੁਧਿਆਣਾ ਨੂੰ ਸਿਰਫ਼ ਇੱਕ ਸਟਾਰ ਹੀ ਮਿਲਿਆ। ਹੈਰਾਨੀ ਵਾਲੀ ਗੱਲ ਇਹ ਹੈ ਕਿ 35 ਲੱਖ ਦੀ ਆਬਾਦੀ ਵਾਲੇ ਸ਼ਹਿਰ ਵਿੱਚ ਸਿਰਫ਼ 1901 ਲੋਕਾਂ ਨੇ ਇਸ ਮੁੱਦੇ ’ਤੇ ਆਪਣਾ ਫੀਡਬੈਕ ਦਿੱਤਾ। ਸਵੱਛ ਸਰਵੇਖਣ ’ਚ ਚਾਰ ਕੈਟਾਗਰੀਆਂ ਰੱਖੀਆਂ ਗਈਆਂ ਸਨ, ਇਸ ’ਚ ਨਗਰ ਨਿਗਮ ਦੀ ਡਾਇਰੈਕਟਰ ਆਬਜ਼ਰਵੇਸ਼ਨ, ਸਿਟੀਜ਼ਨ ਫੀਡਬੈਕ ਲੈਵਲ ਪ੍ਰੋਗ੍ਰੈਸ ਤੇ ਸਰਟੀਫਿਕੇਸ਼ਨ ਸ਼ਾਮਲ ਸੀ। ਪ੍ਰਮੁੱਖ ਕੈਟਾਗਿਰੀ ’ਚ 1250 ਅੰਕ ਰੱਖੇ ਗਏ ਸਨ। ਡਾਇਰੈਕਟ ਆਬਜ਼ਰਵੇਸ਼ਨ ’ਚ ਲੁਧਿਆਣਾ 1016, ਸਰਵਿਸ ਲੈਵਲ ਪ੍ਰੋਗ੍ਰੈਸ ’ਚ 317, ਸਿਟੀਜ਼ਨ ਫੀਡਬੈਕ ’ਚ 840 ਤੇ ਸਰਟੀਫਿਕੇਸ਼ਨ ਕੈਟਾਗਿਰੀ ’ਚ 350 ਅੰਕ ਹੀ ਮਿਲੇ ਹਨ। ਇੱਥੇ ਦੱਸਣਯੋਗ ਹੈ ਕਿ ਇਸ ਵਾਰ ਸਰਵੇਖਣ ਟੀਮ ਵੱਲੋਂ ਲੁਧਿਆਣਾ ਵਿੱਚ ਕਈ ਵਾਰ ਅਚਨਚੇਤ ਚੈਕਿੰਗ ਕੀਤੀ ਗਈ ਜਿਸ ਦੌਰਾਨ ਵੱਖ ਵੱਖ ਇਲਾਕਿਆਂ ਦੇ ਵਸਨੀਕਾਂ ਨੇ ਉਨ੍ਹਾਂ ਨੂੰ ਸੀਵਰੇਜ਼ ਤੇ ਸਾਫ਼ ਸਫ਼ਾਈ ਸਬੰਧੀ ਸ਼ਿਕਾਇਤਾਂ ਕੀਤੀਆਂ। ਇੰਨਾ ਹੀ ਨਹੀਂ ਥਾਂ ਥਾਂ ਖੁੱਲ੍ਹੇ ਵਿੱਚ ਲੱਗੇ ਕੂੜੇ ਦੇ ਢੇਰ ਵੀ ਲੱਗੇ ਹੋਏ ਸਰਵੇਖਣ ਟੀਮ ਨੇ ਵੇਖੇ। ਸ਼ਹਿਰ ਦੇ ਵਿੱਚ ਕਰੀਬ 50 ਥਾਵਾਂ ਖੁੱਲ੍ਹੇ ਵਿੱਚ ਕੂੜੇ ਦੇ ਡੰਪ ਹਨ। ਜਿਨ੍ਹਾਂ ਵਿੱਚੋਂ ਕਈ ਨੈਸ਼ਨਲ ਹਾਈਵੇਅ ’ਤੇ ਵੀ ਹਨ। ਕਈ ਸਰਵਿਸ ਸੜਕਾਂ ਵੀ ਕੂੜੇ ਦੇ ਡੰਪਾਂ ਵਿੱਚ ਤਬਦੀਲ ਹੋ ਚੁੱਕੀਆਂ ਹਨ। ਇਨ੍ਹਾਂ ਹੀ ਨਹੀਂ ਫੰਡਾਂ ਦੀ ਘਾਟ ਹੋਣ ਕਾਰਨ ਸ਼ਹਿਰ ਵਿੱਚ ਜਨਤਕ ਥਾਵਾਂ ’ਤੇ ਕੂੜਾ ਸੂੱਟਣ ਵਾਲਾ ਡਸਟਬਿਨ ਵੀ ਨਹੀਂ ਲੱਗੇ ਹੋਏ। ਪਲਾਸਟਿਕ ਲਿਫ਼ਾਫਿਆਂ ’ਤੇ ਬੈਨ ਹੋਣ ਦੇ ਬਾਵਜੂਦ ਸ਼ਹਿਰ ਵਿੱਚ ਸਰੇਆਮ ਲਿਫ਼ਾਫਿਆਂ ਦਾ ਇਸਤੇਮਾਲ ਹੋ ਰਿਹਾ ਹੈ। ਸ਼ਹਿਰ ਵਿੱਚ ਲੱਗੇ ਕੂੜੇ ਦੇ ਢੇਰਾਂ ਤੋਂ ਸ਼ਹਿਰਵਾਸੀਆਂ ਨੂੰ ਬਚਾਉਣ ਲਈ ਨਗਰ ਨਿਗਮ ਨੇ 2017 ਵਿੱਚ ਸਟੈਟਿਕ ਵੇਸਟ ਕੰਪੈਕਟਰ ਲਗਾਉਣ ਦਾ ਐਲਾਨ ਕੀਤਾ ਸੀ। ਨਗਰ ਨਿਗਮ ਹਾਲੇ ਤੱਕ ਸ਼ਹਿਰ ’ਚੋਂ ਨਿਕਲਣ ਵਾਲੇ ਕੂੜੇ ਨੂੰ ਨਿਪਟਾਉਣ ’ਚ ਫਾਡੀ ਸਾਬਿਤ ਹੋ ਰਿਹਾ ਹੈ। ਸ਼ਹਿਰ ’ਚ ਹਰ ਰੋਜ਼ 1100 ਟਨ ਤੋਂ ਵੱਧ ਕੂੜਾ ਨਿਕਲਦਾ ਹੈ। ਹਾਲੇ ਤੱਕ ਸ਼ਹਿਰ ’ਚ ਡੋਰ-ਟੂ-ਡੋਰ ਕੂੜਾ ਇਕੱਠਾ ਕਰਾਉਣ ਦਾ ਕੰਮ ਵੀ ਸਿਰਫ਼ 40 ਵਾਰਡਾਂ ਵਿੱਚ ਹੀ ਹੋ ਸਕਿਆ ਹੈ। ਜਦੋਂ ਕਿ ਹੋਰ ਥਾਵਾਂ ’ਤੇ ਨਗਰ ਨਿਗਮ ਵਿੱਚ ਕੰਮ ਕਰਨ ਵਾਲੇ ਸਫ਼ਾਈ ਮੁਲਾਜ਼ਮ ਹੀ ਕੂੜਾ ਚੁੱਕਣ ਦਾ ਕੰਮ ਕਰ ਰਹੇ ਹਨ। ਮਹਾਂਸਭਾ ਐਨਜੀਓ ਦੇ ਪ੍ਰਧਾਨ ਸਾਬਕਾ ਕਰਨਲ ਜੀਐਸ ਬਰਾੜ ਦਾ ਕਹਿਣਾ ਹੈ ਕਿ ਨਗਰ ਨਿਗਮ ਹਰ ਸਾਲ ਸਾਲਿਡ ਵੇਸਟ ਮੈਨੇਜਮੈਂਟ ਦੇ ਨਾਂ ’ਤੇ ਲੋਕਾਂ ਦੇ ਕਰੋੜਾਂ ਰੁਪਏ ਬਰਬਾਦ ਕਰ ਰਿਹਾ ਹੈ, ਪਰ ਇਹ ਪ੍ਰਾਈਵੇਟ ਕੰਪਨੀ ਕੋਈ ਕੰਮ ਨਹੀਂ ਰਹੀ।
INDIA ਸਵੱਛ ਸਰਵੇਖਣ: 137 ਤੋਂ 163ਵੇਂ ਨੰਬਰ ’ਤੇ ਪੁੱਜਿਆ ਲੁਧਿਆਣਾ