ਮੁੰਬਈ: ਮਹਾਰਾਸ਼ਟਰ ਦੇ ਮੁੱਖ ਮੰਤਰੀ ਊਧਵ ਠਾਕਰੇ ਨੇ ਅੱਜ ਕਿਹਾ ਕਿ ਸ਼ਿਵ ਸੈਨਾ ਰਾਜ ਸਭਾ ਵਿੱਚ ਨਾਗਰਿਕਤਾ (ਸੋਧ) ਬਿੱਲ ਦੀ ਉਦੋਂ ਤਕ ਹਮਾਇਤ ਨਹੀਂ ਕਰੇਗੀ, ਜਦੋਂ ਤਕ ਪਾਰਟੀ ਵੱਲੋਂ ਲੋਕ ਸਭਾ ਵਿੱਚ ਬਿੱਲ ਬਾਬਤ ਪੁੱਛੇ ਸਵਾਲਾਂ ਬਾਰੇ ਸਪਸ਼ਟੀਕਰਨ ਨਹੀਂ ਮਿਲ ਜਾਂਦਾ। ਲੋਕ ਸਭਾ ਨੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਵੱਲੋਂ ਪੇਸ਼ ਸੋਧ ਬਿੱਲ ਸੋਮਵਾਰ ਦੇਰ ਰਾਤ ਸੱਤ ਘੰਟਿਆਂ ਦੀ ਲੰਮੀ ਵਿਚਾਰ ਚਰਚਾ ਮਗਰੋਂ ਪਾਸ ਕਰ ਦਿੱਤਾ ਸੀ। ਸ਼ਿਵ ਸੈਨਾ ਨੇ ਬਿੱਲ ਦੀ ਹਮਾਇਤ ਕੀਤੀ ਸੀ। ਸ੍ਰੀ ਠਾਕਰੇ ਨੇ ਕਿਹਾ ਕਿ ਨਾਗਰਿਕਤਾ ਸੋਧ ਬਿੱਲ ’ਤੇ ਵਿਸਥਾਰਤ ਚਰਚਾ ਜ਼ਰੂਰੀ ਸੀ। ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਨੂੰ ਬਿੱਲ ਲਾਗੂ ਕਰਨ ਦੀ ਥਾਂ ਦੇਸ਼ ਦੇ ਅਰਥਚਾਰੇ, ਰੁਜ਼ਗਾਰ ਸੰਕਟ ਤੇ ਵਧਦੀ ਮਹਿੰਗਾਈ ਜਿਹੇ ਮੁੱਦਿਆਂ ਬਾਰੇ ਵਧੇਰੇ ਫ਼ਿਕਰਮੰਦ ਹੋਣ ਦੀ ਲੋੜ ਹੈ। ਉਨ੍ਹਾਂ ਕਿਹਾ, ‘ਸਾਨੂੰ ਇਹ ਧਾਰਨਾ ਬਦਲਣੀ ਹੋਵੇਗੀ ਕਿ ਬਿੱਲ ਦੀ ਹਮਾਇਤ ਕਰਨ ਵਾਲੀਆਂ ਭਾਜਪਾ ਸਮੇਤ ਹੋਰ ਪਾਰਟੀਆਂ ਦੇਸ਼ਭਗਤ ਜਦੋਂਕਿ ਵਿਰੋਧ ਕਰਨ ਵਾਲੇ ਦੇਸ਼ ਵਿਰੋਧੀ ਹਨ। ਸਰਕਾਰ ਨੂੰ ਬਿੱਲ ਬਾਬਤ ਸਾਰੇ ਸਵਾਲਾਂ ਦੇ ਜਵਾਬ ਦੇਣੇ ਚਾਹੀਦੇ ਹਨ।’