ਰੋਜ਼ਨੋ (ਸਮਾਜਵੀਕਲੀ) : ਸਲੋਵੇਨੀਆ ਦੇ ਸੇਵਨਿਕਾ ਵਿੱਚ ਅਮਰੀਕਾ ਦੀ ਪ੍ਰਥਮ ਮਹਿਲਾ ਮੇਲਾਨੀਆ ਟਰੰਪ ਦੇ ਲੱਕੜ ਦੇ ਬੁੱਤ ਨੂੰ ਕਿਸੇ ਨੇ ਅੱਗ ਲਾ ਦਿੱਤੀ। ਬੁੱਤ ਨੂੰ ਅੱਗ 4 ਜੁਲਾਈ ਨੂੰ ਅਮਰੀਕਾ ਦੇ ਆਜ਼ਾਦੀ ਦਿਹਾੜੇ ਮੌਕੇ ਲਾਈ ਗਈ। ਬੁੱਤ ਤਿਆਰ ਕਰਨ ਵਾਲੇ ਬਰਲਿਨ ਅਧਾਰਿਤ ਅਮਰੀਕੀ ਬੁਤਸਾਜ਼ ਬਰੈਡ ਡਾਊਨੀ ਨੇ ਕਿਹਾ ਕਿ ਪੁਲੀਸ ਵੱਲੋਂ ਸੂਚਿਤ ਕੀਤੇ ਜਾਣ ਦੇ ਫੌਰੀ ਮਗਰੋਂ ਉਸ ਨੇ ਬੁੱਤ ਨੂੰ ਉਥੋਂ ਹਟਾ ਦਿੱਤਾ ਸੀ।
ਸੇਵਨਿਕਾ ਮੇਲਾਨੀਆ ਟਰੰਪ ਦਾ ਹੋਮਟਾਊਨ ਹੈ। ਚੇਤੇ ਰਹੇ ਕਿ ਸਿਆਹਫਾਮ ਜੌਰਜ ਫਲਾਇਡ ਦੀ ਪੁਲੀਸ ਹਿਰਾਸਤ ਵਿੱਚ ਮੌਤ ਮਗਰੋਂ ਅਮਰੀਕਾ ਦੇ ਕਈ ਸ਼ਹਿਰਾਂ ਵਿੱਚ ਇਤਿਹਾਸਕ ਤੇ ਪੁਰਾਤਨ ਸਮਾਰਕਾਂ ਵਿੱਚ ਲੱਗੇ ਬੁੱਤਾਂ ਦੀ ਭੰਨਤੋੜ ਕੀਤੀ ਗਈ ਸੀ ਤੇ ਅਮਰੀਕੀ ਰਾਸ਼ਟਰਪਤੀ ਨੇ ਅਜਿਹੇ ਲੋਕਾਂ ਨਾਲ ਸਖ਼ਤੀ ਨਾਲ ਨਜਿੱਠਣ ਦਾ ਦਾਅਵਾ ਕੀਤਾ ਸੀ।