(ਸਮਾਜ ਵੀਕਲੀ)
ਇੱਕ ਵਾਰ ਇੱਕ ਪੰਛੀ ਸਮੁੰਦਰ ਵਿਚੋਂ ਚੁੰਜ ਨਾਲ ਭਰ ਭਰ ਕੇ ਪਾਣੀ ਬਾਹਰ ਕੱਢ ਰਿਹਾ ਸੀ। ਦੁੱਜੇ ਪੰਛੀ ਨੇ ਦੇਖਿਆ ਤਾਂ ਉਸਨੂੰ ਪੁੱਛਿਆ, ” ਭਾਈ ਇਹ ਤੂੰ ਕੀ ਕਰ ਰਿਹਾ ਹੈਂ ? ਉਸਨੇ ਕਿਹਾ ਕਿ ਸਮੁੰਦਰ ਨੇ ਮੇਰੇ ਬੱਚੇ ਡੁਬੋ ਦਿੱਤੇ ਹਨ। ਮੈਂ ਤਾਂ ਇਸ ਨੂੰ ਸੁਕਾ ਕੇ ਹੀ ਦਮ ਲਵਾਂਗਾ।
ਦੁੱਜਾ ਪੰਛੀ ਬੋਲਿਆ ,” ਕੀ ਤੈਥੋਂ ਸਮੁੰਦਰ ਸੁੱਕ ਜਾਵੇਗਾ ? ਤੂੰ ਤਾਂ ਬਹੁਤ ਛੋਟਾ ਹੈਂ, ਤੈਨੂੰ ਤਾਂ ਸਾਰੀ ਉਮਰ ਲੱਗ ਜਾਵੇਗੀ। ”
ਪਹਿਲਾਂ ਵਾਲੇ ਪੰਛੀ ਨੇ ਕਿਹਾ , ” ਜੇ ਦੇਣਾ ਹੈ ਤਾਂ ਮੇਰਾ ਸਾਥ ਦੇਹ, ਮੈਨੂੰ ਸਲਾਹ ਦੀ ਲੋੜ ਨਹੀਂ। ”
ਇਸੇ ਤਰ੍ਹਾਂ ਹੋਰ ਪੰਛੀ ਵੀ ਆਉਂਦੇ ਗਏ। ਸਾਰੇ ਅੱਗੇ ਇਹੋ ਕਹਿੰਦੇ ਰਹੇ ਕਿ ਸਲਾਹ ਨਹੀਂ ਸਹਿਯੋਗ ਚਾਹੀਦਾ ਹੈ।ਦੇਖਦਿਆਂ ਦੇਖਦਿਆਂ ਹੀ ਹਜ਼ਾਰਾਂ ਪੰਛੀ ਪਾਣੀ ਬਾਹਰ ਕੱਢਣ ਦੇ ਕੰਮ ਤੇ ਲੱਗ ਗਏ। ਸਹਿਯੋਗ ਦੇਣ ਵਾਲੇ ਪੰਛੀਆਂ ਦੀ ਗਿਣਤੀ ਰੋਜ਼ ਦੁੱਗਣੀ ਹੋਣ ਲਗੀ।
ਇਹ ਦੇਖ ਕੇ ਭਗਵਾਨ ਵਿਸ਼ਨੂੰ ਦਾ ਵਾਹਨ ਗਰੁੜ ਵੀ ਉੱਥੇ ਜਾਣ ਲੱਗਾ। ਭਗਵਾਨ ਬੋਲੇ ਕਿ ਜੇਕਰ ਤੂੰ ਉੱਥੇ ਚਲਾ ਗਿਆ ਤਾਂ ਮੇਰਾ ਕੰਮ ਰੁੱਕ ਜਾਵੇਗਾ। ਨਾਲੇ ਤੁਸਾਂ ਪੰਛੀਆਂ ਤੋਂ ਤਾਂ ਇਹ ਸਮੁੰਦਰ ਸੁੱਕਣਾ ਵੀ ਨਹੀਂ ਹੈ।
ਇਹ ਗੱਲ ਸੁਣ ਕੇ ਗਰੁੜ ਨੇ ਭਗਵਾਨ ਵਿਸ਼ਨੂੰ ਨੂੰ ਆਖਿਆ ,” ਭਗਵਨ ! ਸਲਾਹ ਨਹੀਂ ਸਹਿਯੋਗ ਚਾਹੀਦਾ ਹੈ। ”
ਫੇਰ ਕੀ ਸੀ, ਜਦੋਂ ਭਗਵਾਨ ਵਿਸ਼ਨੂੰ ਹੀ ਸਮੁੰਦਰ ਸੁਕਾਉਣ ਵਾਸਤੇ ਚੱਲ ਕੇ ਆਏ ਤਾਂ ਸਮੁੰਦਰ ਡਰ ਗਿਆ। ਉਸਨੇ ਪੰਛੀ ਦੇ ਬੱਚੇ ਪਰਤਾ ਦਿੱਤੇ।
ਮੰਨਿਆ ਕਿ ਕਰੋਨਾ ਮਹਾਂਮਾਰੀ ਦਾ ਸਮੁੰਦਰ ਬਹੁਤ ਵੱਡਾ ਹੈ। ਇਹ ਸਾਡੇ ਸਾਥੀ ਡੁਬੋਣ ਤੇ ਤੁਲਿਆ ਹੋਇਆ ਹੈ। ਅਸੀਂ ਸਾਰੇ ਮਿਲ ਮਿਲਾ ਕੇ ਇਸ ਨੂੰ ਵੀ ਸੁਕਾ ਦਿਆਂਗੇ।
ਬੱਸ ਸਲਾਹ ਨਹੀਂ , ਸਹਿਯੋਗ ਚਾਹੀਦਾ ਹੈ।
( ਸੀਰੀਜ਼ ; ਗੰਗਾ ਸਾਗਰ ਵਿਚੋਂ )
ਪੇਸ਼ਕਸ਼ : ਗੁਰਮਾਨ ਸੈਣੀ
ਰਾਬਤਾ : 8360487488,9256346906