ਸਿੱਖ ਇਤਿਹਾਸ ਦੀ ਮਹਾਨ ਸ਼ਖ਼ਸੀਅਤ ਪੁੱਤਰਾਂ ਦੇ ਦਾਨੀ, ਸੱਚਖੰਡ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਦੇ ਪਹਿਲੇ ਹੈੱਡ ਗ੍ਰੰਥੀ, 6 ਗੁਰੂਆਂ ਦੇ ਦਰਸ਼ਨਾਂ ਦਾ ਸੁਭਾਗ ਪ੍ਰਾਪਤ ਅਤੇ 5 ਗੁਰੂਆਂ ਨੂੰ ਗੁਰਆਈ ਤਿਲਕ ਲਗਾਉਣ ਦਾ ਮਾਣ ਪ੍ਰਾਪਤ ਬ੍ਰਹਮ ਗਿਆਨੀ ਬਾਬਾ ਬੁੱਢਾ ਜੀ ਦਾ ਸਲਾਨਾ ਜੋੜ ਮੇਲਾ ਮਨਾਇਆ ਜਾ ਰਿਹਾ ਹੈ। ਇਹ ਜੋੜ ਮੇਲਾ 4, 5 ਅਤੇ 6 ਸਤੰਬਰ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਸਾਹਿਬ, ਵੱਖ-ਵੱਖ ਜਥੇਬੰਦੀਆਂ ਅਤੇ ਸਮੂਹ ਮਾਈ-ਭਾਈ ਦੇ ਸਾਂਝੇ ਉੱਦਮ ਨਾਲ ਸ਼ਰਧਾ ਭਾਵਨਾ ਸਹਿਤ ‘ਨਗਰ ਰਾਮਦਾਸ’ ਜ਼ਿਲ੍ਹਾ ਅੰਮ੍ਰਿਤਸਰ ਵਿਖੇ ਮਨਾਇਆ ਜਾ ਰਿਹਾ ਹੈ।
ਬਾਬਾ ਬੁੱਢਾ ਜੀ ਦਾ ਜਨਮ
ਪੂਰਨ ਗੁਰਸਿੱਖ ਬਾਬਾ ਬੁੱਢਾ ਜੀ ਦਾ ਜਨਮ 7 ਕੱਤਕ 1563 ਬਿਕਰਮੀ (22 ਅਕਤੂਬਰ, 1506 – 16 ਨਵੰਬਰ 1631) ਨੂੰ ਪਿੰਡ ਗੱਗੋਨੰਗਲ, ਜਿਸ ਨੂੰ ਹੁਣ ਕੱਥੂਨੰਗਲ ਦੇ ਨਾਂ ਨਾਲ ਜਾਣਿਆ ਜਾਂਦਾ ਹੈ, ਜ਼ਿਲ੍ਹਾ ਅੰਮ੍ਰਿਤਸਰ ਵਿਖੇ ਭਾਈ ਸੁੱਘਾ ਜੀ ਰੰਧਾਵਾ ਦੇ ਗ੍ਰਹਿ ਵਿਖੇ ਹੋਇਆ। ਬਾਬਾ ਬੁੱਢਾ ਜੀ ਦੇ ਪਿਤਾ 22 ਪਿੰਡਾਂ ਦੇ ਮਾਲਕ ਸਨ। ਬਾਬਾ ਬੁੱਢਾ ਜੀ ਦੇ ਮਾਤਾ ਗੌਰਾਂ ਬਹੁਤ ਭਜਨ ਬੰਦਗੀ ਸੁਭਾਉ ਵਾਲੇ ਸਨ ਅਤੇ ਉਨ੍ਹਾਂ ਦੀ ਭਜਨ ਬੰਦਗੀ ਦਾ ਪ੍ਰਭਾਵ ਬਾਬਾ ਬੁੱਢਾ ਜੀ ’ਤੇ ਵੀ ਪਿਆ।
ਮਾਪਿਆਂ ਨੇ ਉਨ੍ਹਾਂ ਦਾ ਨਾਂ ਬੂੜਾ ਰੱਖਿਆ। ਕੁਝ ਚਿਰ ਮਗਰੋਂ ਉਨ੍ਹਾਂ ਦੇ ਮਾਪੇ ਪਿੰਡ ਰਮਦਾਸ ਆ ਵੱਸੇ ਸਨ ਅਤੇ ਬਾਅਦ ਵਿੱਚ ਮੱਝਾਂ ਦੇ ਵਾਗੀ ਵੀ ਬਣੇ। ਬਾਬਾ ਬੁੱਢਾ ਜੀ ਦੀ ਉਮਰ ਅਜੇ 12 ਕੁ ਸਾਲ ਦੀ ਹੀ ਸੀ ਜਦੋਂ ਉਨ੍ਹਾਂ ਕੱਥੂਨੰਗਲ ਵਿਖੇ ਪੁੱਜੇ, ਜਿਥੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਦਰਸ਼ਨ ਕੀਤੇ। ਇਸ ਉਪਰੰਤ ਉਹ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਹੀ ਹੋ ਕੇ ਰਹਿ ਗਏ। ਉਹ ਰੋਜ਼ ਗੁਰੂ ਜੀ ਕੋਲ ਆਉਂਦੇ ਅਤੇ ਉਨ੍ਹਾਂ ਦਾ ਉਪਦੇਸ਼ ਸੁਣਦੇ ਅਤੇ ਉਨ੍ਹਾਂ ਵਾਸਤੇ ਦੁੱਧ ਲਿਆ ਕੇ ਭੇਂਟ ਕਰਦੇ। ਇੱਕ ਦਿਨ ਗੁਰੂ ਜੀ ਨੇ ਬੂੜਾ ਜੀ ਨੂੰ ਉਨ੍ਹਾਂ ਬਾਰੇ ਪੁੱਛਿਆ ਅਤੇ ਗੁਰੂ ਜੀ ਨੇ ਬੂੜਾ ਜੀ ਦੇ ਜੁਆਬ ਸੁਣ ਕੇ ਕਿਹਾ ਕਿ ‘ਤੂੰ ਹੈ ਤਾਂ ਬੱਚਾ, ਪਰ ਗੱਲਾਂ ਬੁੱਢਿਆਂ (ਬਜ਼ੁਰਗਾਂ) ਵਾਂਗ ਕਰਦਾ ਹੈ। ਤੂੰ ਬੱਚਾ ਨਹੀਂ, ਤੂੰ ਬੁੱਢਾ ਹੈਂ।’ ਉਸ ਦਿਨ ਤੋਂ ਬੂੜਾ ਜੀ ਦਾ ਨਾਂ ‘ਬੁੱਢਾ ਜੀ’ ਪੈ ਗਿਆ। ਸਿੱਖ ਉਨ੍ਹਾਂ ਨੂੰ ਪਿਆਰ ਨਾਲ ਬਾਬਾ ਬੁੱਢਾ ਜੀ ਆਖਦੇ ਹਨ।
ਬਾਬਾ ਬੁੱਢਾ ਜੀ ਦਾ ਜੀਵਨ
ਬਾਬਾ ਬੁੱਢਾ ਜੀ ਸਾਰਾ ਦਿਨ ਸੰਗਤਾਂ ਦੀ ਸੇਵਾ ਕਰਦੇ ਰਹਿੰਦੇ ਸਨ। ਉਹ ਖੇਤਾਂ ਵਿੱਚ ਜਾ ਕੇ ਹੱਥੀਂ ਕੰਮ ਕਰਦੇ ਅਤੇ ਨਾਮ ਜਪਦੇ ਰਹਿੰਦੇ ਸਨ। ਉਨ੍ਹਾਂ ਨੇ ਆਪਣਾ ਜੀਵਨ ਮਨੁੱਖਤਾ ਦੀ ਸੇਵਾ ਵਿੱਚ ਲਗਾਇਆ ਅਤੇ ਗੁਰੂ ਜੀ ਦੇ ‘ਨਾਮ ਜਪਣ, ਕਿਰਤ ਕਰਨ ਤੇ ਵੰਡ ਕੇ ਛਕਣ’ ਦੇ ਉਪਦੇਸ਼ ਨੂੰ ਕਮਾ ਕੇ ਦਿਖਾਇਆ। ਗੁਰੂ ਨਾਨਕ ਦੇਵ ਜੀ ਉਨ੍ਹਾਂ ਉੱਪਰ ਬਹੁਤ ਪ੍ਰਸੰਨ ਸਨ ਅਤੇ ਜਦੋਂ ਗੁਰੂ ਜੀ ਨੇ ਗੁਰਗੱਦੀ ਗੁਰੂ ਅੰਗਦ ਦੇਵ ਜੀ ਨੂੰ ਸੌਂਪੀ, ਤਾਂ ਗੁਰੂ ਜੀ ਨੇ ਗੁਰਿਆਈ ਦੀ ਰਸਮ ਬਾਬਾ ਬੁੱਢਾ ਜੀ ਪਾਸੋਂ ਅਦਾ ਕਰਵਾਈ ਸੀ। ਮਗਰੋਂ ਤੀਜੀ, ਚੌਥੀ, ਪੰਜਵੀਂ ਤੇ ਛੇਵੀਂ ਪਾਤਸ਼ਾਹੀ ਨੂੰ ਗੁਰਤਾ ਦੀ ਰਸਮ ਵੀ ਬਾਬਾ ਬੁੱਢਾ ਜੀ ਹੀ ਕਰਦੇ ਰਹੇ।
ਸਿੱਖ ਇਤਿਹਾਸਕਾਰਾਂ ਅਨੁਸਾਰ ਜਦੋਂ ਤੀਜੀ ਪਾਤਸ਼ਾਹੀ ਸ੍ਰੀ ਗੁਰੂ ਅਮਰਦਾਸ ਜੀ ਰਾਹੀਂ ਬਾਦਸ਼ਾਹ ਅਕਬਰ ਵੱਲੋਂ ਚਿਤੌੜ ਦਾ ਕਿਲ੍ਹਾ ਫਤਿਹ ਕਰਨ ਉਪਰੰਤ ਪ੍ਰਗਣਾ ਝਬਾਲ (12 ਪਿੰਡ) ਗੁਰੂ ਘਰ ਨੂੰ ਭੇਂਟ ਕੀਤੇ ਤਾਂ ਉਨ੍ਹਾਂ ਨੇ ਬਾਬਾ ਬੁੱਢਾ ਜੀ ਨੂੰ ਇਸ ਜਗੀਰ ਦਾ ਕਾਰ ਮੁਖਤਾਰ ਬਣਾ ਕੇ ਇੱਥੇ ਬੀੜ ਵਿਖੇ ਡੇਰਾ ਲਾਉਣ ਦਾ ਹੁਕਮ ਦਿੱਤਾ। ਬਾਬਾ ਬੁੱਢਾ ਜੀ ਨੇ ਝਬਾਲ-ਢੰਡ-ਕਸੇਲ ਦੇ ਮੱਧ ਜਿਹੇ ਇੱਕ ਵਿਰਾਨ ਜਿਹੇ ਅਸਥਾਨ ’ਤੇ ਡੇਰਾ ਲਾਇਆ ਸੀ। ਇਸ ਜੰਗਲ ਜਿਹੇ ਅਸਥਾਨ ’ਤੇ ਅੱਜ ਮੰਗਲ ਬਣਿਆ ਹੋਇਆ ਹੈ।
ਸਿੱਖ ਇਤਿਹਾਸ ਅਨੁਸਾਰ ਧੰਨ ਧੰਨ ਬਾਬਾ ਬੁੱਢਾ ਜੀ ਨੇ ਮਾਤਾ ਗੰਗਾ ਜੀ ਨੂੰ ਪੁੱਤਰ ਦੀ ਦਾਤ ਲਈ ਅਸ਼ੀਰਵਾਦ ਦਿੱਤਾ ਅਤੇ ਕਿਹਾ ਮਾਤਾ ਜੀ ਆਪ ਜੀ ਦੇ ਘਰ ‘ਚ ਮਹਾਨ ਯੋਧਾ ਪੈਦਾ ਹੋਵੇਗਾ, ਜੋ ਮਨੁੱਖਤਾ ਅਤੇ ਧਰਮ ਦੀ ਰਾਖੀ ਲਈ ਮੁਗਲਾਂ ਦੇ ਸਿਰ ਕੁਚਲੇਗਾ। ਉਸ ਤੋਂ ਬਾਅਦ ਮਾਤਾ ਗੰਗਾ ਜੀ ਦੇ ਘਰ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਜਨਮ ਲਿਆ। ਦੂਸਰੇ ਗੁਰੂ ਸ੍ਰੀ ਗੁਰੂ ਅੰਗਦ ਦੇਵ ਜੀ ਤੋਂ ਲੈ ਕੇ ਛੇਵੇਂ ਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਤੱਕ ਗੁਰਿਆਈ ਰਸਮ ਨਿਭਾਉਣ ਦਾ ਸੁਭਾਗ ਬਾਬਾ ਬੁੱਢਾ ਜੀ ਨੂੰ ਪ੍ਰਾਪਤ ਹੋਇਆ ਹੈ।
ਵਿਆਹ ਅਤੇ ਪੁੱਤਰ
ਬਾਬ ਬੁੱਢਾ ਜੀ ਦਾ ਵਿਆਹ ਪਿੰਡ ਅਚੱਲ ਦੇ ਜ਼ਿਮੀਂਦਾਰ ਦੀ ਕੁੜੀ ਬੀਬੀ ਮਿਰੋਆ ਨਾਲ ਹੋਇਆ। ਬਾਬਾ ਜੀ ਦੇ ਗ੍ਰਹਿ ਚਾਰ ਪੁੱਤਰ ਭਾਈ ਸਿਧਾਰੀ ਜੀ, ਭਾਈ ਭਿਖਾਰੀ ਜੀ, ਭਾਈ ਮਹਿਮੂ ਜੀ ਅਤੇ ਭਾਈ ਭਾਨਾਂ ਜੀ ਹੋਏ ਸਨ। ਚੌਥੇ ਪੁੱਤਰ ਭਾਨਾਂ ਜੀ ਦੀ ਦਾਤ ਸਮੇਂ ਧੰਨ ਗੁਰੂ ਨਾਨਕ ਦੇਵ ਜੀ ਵਧਾਈ ਦੇਣ ਲਈ ਆਪ ਗ੍ਰਹਿ ਪਧਾਰੇ ਸਨ। ਆਪ ਜੀ ਦੇ ਪੁੱਤਰ ਭਾਨਾਂ ਜੀ ਦੇ ਨਾਂ ਅਤੇ ਆਪਣੇ ਨਗਰ ਤਲਵੰਡੀ ਦੇ ਨਾਂ ’ਤੇ ਇਸ ਨਗਰ ਦਾ ਨਾਂ ‘ਭਾਨਾਂ ਤਲਵੰਡੀ’ ਪਿਆ। ਬਾਬਾ ਭਾਨਾਂ ਜੀ ਨੇ ਆਪਣੀ ਜ਼ਿੰਦਗੀ ਦਾ ਕਾਫ਼ੀ ਸਮਾਂ ਛੇਵੇ ਗੁਰੂ ਸ੍ਰੀ ਹਰਗੋਬਿੰਦ ਸਾਹਿਬ ਜੀ ਦੀ ਸੇਵਾ ਵਿੱਚ ਬਤੀਤ ਕੀਤਾ। ਕੁੱਝ ਸਮੇਂ ਬਾਅਦ ਆਪ ਜੀ ਦੀ ਅੰਸ ਵੰਸ਼ ਵਿੱਚ ਬਾਬਾ ਝੰਡਾ ਜੀ ਨੇ ਜਨਮ ਲਿਆ ਅਤੇ ਧੰਨ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਇਸ ਨਗਰ ਵਿੱਚ ਬਾਬਾ ਬੁੱਢਾ ਜੀ ਦੇ ਗ੍ਰਹਿ ਵਿਖੇ ਵਧਾਈ ਦੇਣ ਲਈ ਆਏ ਸਨ।
ਨਗਰ ਦਾ ਨਾਮ ‘ਝੰਡਾ ਰਾਮਦਾਸਪੁਰ’
ਉਸ ਸਮੇਂ ਧੰਨ ਬਾਬਾ ਬੁੱਢਾ ਜੀ ਨੇ ਗੁਰੂ ਰਾਮਦਾਸ ਜੀ ਨੂੰ ਬੇਨਤੀ ਕੀਤੀ ਕਿ ਨਗਰ ਦਾ ਨਾਮ ਆਪ ਜੀ ਦੇ ਨਾਮ ’ਤੇ ਰੱਖਣਾ ਹੈ। ਪਰ ਧੰਨ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਨੇ ਹੁਕਮ ਕੀਤਾ ਕਿ ਇਸ ਨਗਰ ਦਾ ਨਾਮ ‘ਝੰਡਾ ਰਾਮਦਾਸਪੁਰ’ ਰੱਖਿਆ ਜਾਵੇ ਅਤੇ ਹੁਣ ਇਸ ਨਗਰ ਦਾ ਨਾਮ ਰਾਮਦਾਸ ਜੀ ਦੇ ਨਾਮ ਕਰਕੇ ਪ੍ਰਸਿੱਧ ਹੈ।
ਧੰਨ ਬਾਬਾ ਬੁੱਢਾ ਸਾਹਿਬ ਜੀ ਦੀ ਛੇਵੀਂ ਪੀੜ੍ਹੀ ਵਿੱਚੋਂ ਭਾਈ ਰਾਮ ਕੰਵਰ ਜੀ ਹੋਏ ਜੋ ਬਾਅਦ ਵਿੱਚ ਖੰਡੇ ਦੀ ਪਾਹੁਲ ਲੈ ਕੇ ਗੁਰਬਖਸ਼ ਸਿੰਘ ਨਾਮ ਨਾਲ ਪ੍ਰਸਿੱਧ ਹੋਏ। ਇਨ੍ਹਾਂ ਨੇ ਹੀ ਦਸ਼ਮ ਪਾਤਸ਼ਾਹ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਗੁਰਤਾ ਗੱਦੀ ਦਾ ਤਿਲਕ ਲਾਇਆ ਸੀ।
ਬ੍ਰਹਮ ਗਿਆਨੀ ਧੰਨ ਬਾਬਾ ਬੁੱਢਾ ਸਾਹਿਬ ਜੀ ਨੇ ਆਪਣੇ ਅੰਤਿਮ ਸਮੇਂ ਛੇਵੇਂ ਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਯਾਦ ਕੀਤਾ ਸੀ। ਉਸ ਸਮੇਂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਚੱਲ ਕੇ ਬਾਬਾ ਬੁੱਢਾ ਜੀ ਦੇ ਗ੍ਰਹਿ ਰਾਮਦਾਸ ਵਿਖੇ ਪਹੁੰਚੇ ਸਨ। ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਬਾਬਾ ਬੁੱਢਾ ਜੀ ਦਾ ਸੀਸ ਆਪਣੀ ਗੋਦ ਵਿੱਚ ਲੈ ਕੇ ਪਲੋਸਦੇ ਹਨ ਅਤੇ ਬਾਬਾ ਬੁੱਢਾ ਸਾਹਿਬ ਜੀ ਸੰਮਤ 1688 ਬਿਕਰਮੀ (ਸੰਨ 1631 ਈ:) ਨੂੰ 125 ਸਾਲ ਦੀ ਉਮਰ ਵਿੱਚ ਆਖਰੀ ਸਵਾਸ ਤਿਆਗਦੇ ਹਨ। ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਆਪਣੇ ਹੱਥੀ ਬਾਬਾ ਬੁੱਢਾ ਜੀ ਦਾ ਅੰਤਿਮ ਸੰਸਕਾਰ ਕੀਤਾ ਸੀ। ਉਸ ਸਮੇਂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨਾਲ ਬਾਬਾ ਬਿਧੀ ਚੰਦ ਜੀ, ਭਾਈ ਗੁਰਦਾਸ ਜੀ, ਭਾਈ ਲੰਗਾਹ ਜੀ, ਭਾਈ ਜੇਠਾ ਜੀ ਅਤੇ ਹੋਰ ਗੁਰਸਿੱਖ ਵੀ ਹਾਜ਼ਰ ਸਨ। ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਸਤਾਰਾਂ ਦਿਨ ਨਗਰ ਰਾਮਦਾਸ ਵਿਖੇ ਰਹਿ ਕੇ ਬਾਬਾ ਬੁੱਢਾ ਸਾਹਿਬ ਜੀ ਦੀਆਂ ਅੰਤਿਮ ਰਸਮਾਂ ਪੂਰੀਆਂ ਕੀਤੀਆਂ ਸਨ। ਹੁਣ ਇਹ ਅਸਥਾਨ ਗੁਰਦੁਆਰਾ ਤੱਪ ਅਸਥਾਨ ਬਾਬਾ ਬੁੱਢਾ ਸਾਹਿਬ ਜੀ ਸੁਸ਼ੋਭਿਤ ਹੈ। ਇਸ ਨਗਰ ਵਿੱਚ ਗੁਰਦੁਆਰਾ ਸ੍ਰੀ ਕਿਸ਼ਨ ਕੰਵਰ ਜੀ, ਗੁਰਦੁਆਰਾ ਭਾਈ ਸੁੱਖਾ ਜੀ ਵੀ ਸੁਸ਼ੋਭਿਤ ਹਨ।
ਬਾਬਾ ਬੁੱਢਾ ਜੀ ਸਿੱਖ ਇਤਿਹਾਸ ਅੰਦਰ ਇੱਕ ਵੇਲੇ ਬ੍ਰਹਮ ਗਿਆਨੀ, ਅਨਿੰਨ ਸੇਵਕ, ਪਰਉਪਕਾਰੀ, ਵਿਦਵਾਨ, ਦੂਰ-ਅੰਦੇਸ਼, ਮਹਾਨ ਉਸਰਈਏ, ਪ੍ਰਚਾਰਕ ਜਿਹੇ ਵਿਸ਼ੇਸ਼ਣਾਂ ਨਾਲ ਜਾਣੀ ਜਾਣ ਵਾਲੀ ਸ਼ਖ਼ਸੀਅਤ ਹਨ। ਬਾਬਾ ਬੁੱਢਾ ਜੀ ਨੇ 125 ਸਾਲ ਦੀ ਉਮਰ ਵਿੱਚੋ 113 ਸਾਲ ਸਿੱਖੀ ਅਤੇ ਸਿੱਖ ਧਰਮ ਲਈ ਸੇਵਾ ਨਿਭਾਈ।
ਹਰਜਿੰਦਰ ਛਾਬੜਾ