ਨਵੀਂ ਦਿੱਲੀ (ਸਮਾਜਵੀਕਲੀ): ਪੂਰਬੀ ਲੱਦਾਖ ’ਚ ਕਰੀਬ ਇਕ ਮਹੀਨੇ ਤੋਂ ਚੱਲ ਰਹੇ ਸਰਹੱਦੀ ਵਿਵਾਦ ਨੂੰ ‘ਹਾਂ-ਪੱਖੀ’ ਨਜ਼ਰੀਏ ਨਾਲ ਸੁਲਝਾਉਣ ਦੀ ਪਹਿਲੀ ਕੋਸ਼ਿਸ਼ ਤਹਿਤ ਅੱਜ ਭਾਰਤ ਅਤੇ ਚੀਨ ਦੀਆਂ ਫ਼ੌਜਾਂ ਵਿਚਕਾਰ ਲੈਫ਼ਟੀਨੈਂਟ ਜਨਰਲ ਪੱਧਰ ਦੀ ਵਾਰਤਾ ਹੋਈ। ਸਰਕਾਰੀ ਸੂਤਰਾਂ ਨੇ ਕਿਹਾ ਕਿ ਭਾਰਤੀ ਵਫ਼ਦ ਦੀ ਅਗਵਾਈ ਲੇਹ ਆਧਾਰਿਤ 14 ਕੋਰ ਦੇ ਜੀਓਸੀ ਲੈਫ਼ਟੀਨੈਂਟ ਜਨਰਲ ਹਰਿੰਦਰ ਸਿੰਘ ਨੇ ਕੀਤੀ ਜਦਕਿ ਚੀਨੀ ਵਫ਼ਦ ਦੀ ਅਗਵਾਈ ਤਿੱਬਤ ਮਿਲਟਰੀ ਡਿਸਟ੍ਰਿਕਟ ਕਮਾਂਡਰ ਨੇ ਕੀਤੀ।
ਫ਼ੌਜ ਦੇ ਸੀਨੀਅਰ ਅਧਿਕਾਰੀ ਨੇ ਕਿਹਾ,‘‘ਗੱਲਬਾਤ ਸੁਖਾਵੇਂ ਮਾਹੌਲ ’ਚ ਹੋਈ। ਦੋਵੇਂ ਮੁਲਕਾਂ ਦਾ ਨਜ਼ਰੀਆ ਹਾਂ-ਪੱਖੀ ਸੀ।’’ ਸਮਝਿਆ ਜਾ ਰਿਹਾ ਹੈ ਕਿ ਭਾਰਤੀ ਵਫ਼ਦ ਨੇ ਪੂਰਬੀ ਲੱਦਾਖ ’ਚ ਗਲਵਾਨ ਵਾਦੀ, ਪੈਂਗੌਂਗ ਤਸੋ ਅਤੇ ਗੋਗਰਾ ’ਚ ਪੁਰਾਣੀ ਸਥਿਤੀ ਬਹਾਲ ਕਰਨ ’ਤੇ ਜ਼ੋਰ ਪਾਇਆ ਹੈ। ਪਹਿਲਾਂ ਸੂਤਰਾਂ ਨੇ ਕਿਹਾ ਸੀ ਕਿ ਵਫ਼ਦ ਵੱਲੋਂ ਖ਼ਿੱਤੇ ’ਚ ਚੀਨੀ ਫ਼ੌਜਾਂ ਦੀ ਵੱਡੀ ਗਿਣਤੀ ’ਚ ਤਾਇਨਾਤੀ ਦਾ ਮੁੱਦਾ ਵੀ ਉਭਾਰਿਆ ਜਾਵੇਗਾ।
ਸੂਤਰਾਂ ਨੇ ਕਿਹਾ ਕਿ ਵਾਰਤਾ ਦਾ ਇਹ ਦੌਰ ਪੂਰਬੀ ਲੱਦਾਖ ’ਚ ਅਸਲ ਕੰਟਰੋਲ ਰੇਖਾ ’ਤੇ ਚੀਨੀ ਇਲਾਕੇ ਮਾਲਡੋ ’ਚ ਸਰਹੱਦੀ ਪਰਸੋਨਲ ਮੀਟਿੰਗ ਪੁਆਇੰਟ ’ਤੇ ਸਵੇਰੇ ਸਾਢੇ 8 ਵਜੇ ਸ਼ੁਰੂ ਹੋਣਾ ਸੀ ਪਰ ਮੌਸਮ ਖ਼ਰਾਬ ਹੋਣ ਕਰ ਕੇ ਗੱਲਬਾਤ ਤਿੰਨ ਘੰਟੇ ਤੋਂ ਵੱਧ ਸਮੇਂ ਤੱਕ ਲਈ ਮੁਲਤਵੀ ਕਰ ਦਿੱਤੀ ਗਈ। ਵਾਰਤਾ ਸ਼ੁਰੂ ਹੋਣ ਤੋਂ ਪਹਿਲਾਂ ਭਾਰਤੀ ਵਫ਼ਦ ਦਾ ਚੀਨੀ ਫ਼ੌਜ ਦੇ ਸੀਨੀਅਰ ਅਧਿਕਾਰੀਆਂ ਨੇ ਨਿੱਘਾ ਸਵਾਗਤ ਕੀਤਾ। ਉਂਜ ਫ਼ੌਜ ਅਤੇ ਵਿਦੇਸ਼ ਮੰਤਰਾਲੇ ਨੇ ਗੱਲਬਾਤ ਦੇ ਵੇਰਵੇ ਨਹੀਂ ਦਿੱਤੇ ਹਨ।
ਦੋਵੇਂ ਫ਼ੌਜਾਂ ਦੇ ਸਥਾਨਕ ਕਮਾਂਡਰਾਂ ਵਿਚਕਾਰ 12 ਗੇੜ ਅਤੇ ਮੇਜਰ ਜਨਰਲ ਰੈਂਕ ਦੇ ਅਧਿਕਾਰੀਆਂ ਵਿਚਕਾਰ ਤਿੰਨ ਗੇੜ ਦੀ ਵਾਰਤਾ ਤੋਂ ਬਾਅਦ ਵੀ ਕੋਈ ਸਿੱਟਾ ਨਾ ਨਿਕਲਣ ’ਤੇ ਸ਼ਨਿਚਰਵਾਰ ਨੂੰ ਲੈਫ਼ਟੀਨੈਂਟ ਜਨਰਲ ਰੈਂਕ ਦੇ ਅਧਿਕਾਰੀਆਂ ’ਚ ਵਾਰਤਾ ਹੋਈ। ਇਸ ਤੋਂ ਪਹਿਲਾਂ ਸ਼ੁੱਕਰਵਾਰ ਨੂੰ ਦੋਵੇਂ ਮੁਲਕਾਂ ਨੇ ਕੂਟਨੀਤਕ ਪੱਧਰ ’ਤੇ ਗੱਲਬਾਤ ਕਰ ਕੇ ਸਹਿਮਤੀ ਪ੍ਰਗਟਾਈ ਸੀ ਕਿ ਉਹ ‘ਮੱਤਭੇਦਾਂ’ ਦਾ ਹੱਲ ਸ਼ਾਂਤਮਈ ਵਾਰਤਾ ਰਾਹੀਂ ਕੱਢਣਗੇ।
ਜਾਣਕਾਰੀ ਮੁਤਾਬਕ ਚੀਨ ਨੇ ਪੈਂਗੌਂਗ ਤਸੋ ਅਤੇ ਗਲਵਾਨ ਵਾਦੀ ’ਚ ਕਰੀਬ 2500 ਜਵਾਨ ਤਾਇਨਾਤ ਕੀਤੇ ਹੋਏ ਹਨ। ਸੂਤਰਾਂ ਨੇ ਕਿਹਾ ਕਿ ਉਪਗ੍ਰਹਿ ਤੋਂ ਲਈਆਂ ਗਈਆਂ ਤਸਵੀਰਾਂ ’ਚ ਨਜ਼ਰ ਆ ਰਿਹਾ ਹੈ ਕਿ ਚੀਨ ਨੇ ਅਸਲ ਕੰਟਰੋਲ ਰੇਖਾ ’ਤੇ ਵੱਡੀ ਗਿਣਤੀ ’ਚ ਰੱਖਿਆ ਸਾਜ਼ੋ ਸਾਮਾਨ ਜਮ੍ਹਾਂ ਕੀਤਾ ਹੈ।