ਨਵੀਂ ਦਿੱਲੀ (ਸਮਾਜਵੀਕਲੀ): ਪੂਰਬੀ ਲੱਦਾਖ ਵਿੱਚ ਚੀਨ ਨਾਲ ਲੱਗਦੀ ਅਸਲ ਕੰਟਰੋਲ ਰੇਖਾ (ਐੱਲਏਸੀ) ’ਤੇ ਜਾਰੀ ਤਲਖੀ ਦਰਮਿਆਨ ਭਾਰਤ ਤੇ ਚੀਨ ਦਾ ਸਿਖਰਲਾ ਫੌਜੀ ਵਫ਼ਦ ਮੰਗਲਵਾਰ ਨੂੰ ਮੁੜ ਗੱਲਬਾਤ ਕਰੇਗਾ। ਸਰਕਾਰੀ ਸੂਤਰਾਂ ਨੇ ਕਿਹਾ ਕਿ ਲੈਫਟੀਨੈਂਟ ਜਨਰਲ ਪੱਧਰ ਦੀ ਤੀਜੇ ਗੇੜ ਦੀ ਇਹ ਗੱਲਬਾਤ ਐੱਲਏਸੀ ’ਤੇ ਭਾਰਤ ਵਾਲੇ ਪਾਸੇ ਲੇਹ ਜ਼ਿਲ੍ਹੇ ਦੇ ਚੁਸ਼ੁਲ ਸੈਕਟਰ ਵਿੱਚ ਹੋਵੇਗੀ। ਸੂਤਰਾਂ ਨੇ ਕਿਹਾ ਕਿ ਮੀਟਿੰਗ ਸਵੇਰੇ ਸਾਢੇ ਦਸ ਵਜੇ ਸ਼ੁਰੂ ਹੋਵੇਗੀ।
ਇਸ ਤੋਂ ਪਹਿਲਾਂ ਦੋ ਮੀਟਿੰਗਾਂ ਚੀਨੀ ਖੇਤਰ ’ਚ ਪੈਂਦੇ ਮੋਲਡੋ ’ਚ ਹੋਈਆਂ ਸਨ। ਭਾਰਤੀ ਵਫ਼ਦ ਦੀ ਅਗਵਾਈ 14ਵੀਂ ਕੋਰ ਦੇ ਕਮਾਂਡਰ ਲੈਫਟੀਨੈਂਟ ਜਨਰਲ ਹਰਿੰਦਰ ਸਿੰਘ ਕਰਨਗੇ ਜਦੋਂਕਿ ਚੀਨ ਵੱਲੋਂ ਤਿੱਬਤ ਫੌਜੀ ਜ਼ਿਲ੍ਹੇ ਦੇ ਕਮਾਂਡਰ ਦੀ ਅਗਵਾਈ ਵਾਲੀ ਟੀਮ ਸ਼ਿਰਕਤ ਕਰੇਗੀ। ਸੂਤਰਾਂ ਦੀ ਮੰਨੀਏ ਤਾਂ ਮੀਟਿੰਗ ਦਾ ਮੁੱਖ ੲੇਜੰਡਾ ਦੋਵਾਂ ਮੁਲਕਾਂ ਵੱਲੋਂ ਐੱਲਏਸੀ ’ਤੇ ਤਲਖੀ ਘਟਾਉਣ ਲਈ ਹੁਣ ਤਕ ਕੀਤੀਆਂ ਤਜਵੀਜ਼ਾਂ ਨੂੰ ਹੀ ਅੱਗੇ ਲਿਜਾਣ ਦਾ ਹੋਵੇਗਾ। ਸੂਤਰਾਂ ਨੇ ਕਿਹਾ, ‘ਹਾਲਾਤ ਨੂੰ ਸਥਿਰ ਕਰਨ ਅਤੇ ਸਰਹੱਦ ’ਤੇ ਬਣੀ ਤਲਖੀ ਨੂੰ ਘਟਾਉਣ ਤੇ ਜਮੂਦ ਨੂੰ ਤੋੜਨ ਲਈ ਹਰ ਵਿਵਾਦਿਤ ਖੇਤਰ ’ਤੇ ਵਿਚਾਰ ਚਰਚਾ ਹੋਵੇਗੀ।’
ਕੋਰ ਕਮਾਂਡਰ ਪੱਧਰ ਦੀਆਂ ਆਖਰੀ ਦੋ ਮੀਟਿੰਗਾਂ 6 ਜੂਨ ਤੇ 22 ਜੂਨ ਨੂੰ ਹੋਈਆਂ ਸਨ। ਭਾਰਤ ਤੇ ਚੀਨ ਦੇ ਫੌਜੀ ਪੱਧਰ ਦੇ ਅਧਿਕਾਰੀਆਂ ਦੀ 22 ਜੂਨ ਨੂੰ ਹੋਈ ਮੀਟਿੰਗ 11 ਘੰਟੇ ਦੇ ਕਰੀਬ ਚੱਲੀ ਸੀ। ਸੁਹਿਰਦ, ਸਕਾਰਾਤਮਕ ਤੇ ਊਸਾਰੂ ਮਾਹੌਲ ਵਿੱਚ ਹੋਈ ਇਸ ਗੱਲਬਾਤ ਦੌਰਾਨ ਦੋਵਾਂ ਧਿਰਾਂ ਨੇ ‘ਆਪਸੀ ਰਜ਼ਾਮੰਦੀ ਨਾਲ ਐੱਲੲੇਸੀ ਤੋਂ ਪਿੱਛੇ ਹਟਣ ਤੇ ਤਲਖੀ ਘਟਾਉਣ ਦੀ ਸਹਿਮਤੀ’ ਦਿੱਤੀ ਸੀ।
ਸੂਤਰਾਂ ਨੇ ਕਿਹਾ ਕਿ ਮੰਗਲਵਾਰ ਨੂੰ ਹੋਣ ਵਾਲੀ ਮੀਟਿੰਗ ਵਿੱਚ ਦੋਵੇਂ ਧਿਰਾਂ 6 ਜੂਨ ਨੂੰ ਲੈਫਟੀਨੈਂਟ ਜਨਰਲਾਂ ਦੇ ਪਹਿਲੇ ਗੇੜ ਦੀ ਗੱਲਬਾਤ ਦੌਰਾਨ ਬਣੀ ਸਹਿਮਤੀ ਨੂੰ ਲਾਗੂ ਕਰਨ ’ਤੇ ਵਿਚਾਰ ਚਰਚਾ ਕਰਨਗੀਆਂ। 22 ਜੂਨ ਨੂੰ ਦੂਜੇ ਗੇੜ ਦੀ ਗੱਲਬਾਤ ਦੌਰਾਨ ਭਾਰਤ ਤੇ ਚੀਨ ਨੇ ਪੂਰਬੀ ਲੱਦਾਖ ’ਚ ਤਲਖੀ/ਟਕਰਾਅ ਵਾਲੇ ਸਾਰੇ ਖੇਤਰਾਂ ’ਚੋਂ ਫੌਜਾਂ ਪਿਛੇ ਹਟਾਉਣ ਦੀ ਸਹਿਮਤੀ ਦਿੱਤੀ ਸੀ।
15 ਜੂਨ ਦੀ ਰਾਤ ਨੂੰ ਗਲਵਾਨ ਘਾਟੀ ਵਿੱਚ ਭਾਰਤ ਤੇ ਚੀਨ ਦੀਆਂ ਫੌਜਾਂ ਦਰਮਿਆਨ ਹੋਈ ਹਿੰਸਕ ਝੜਪ, ਜਿਸ ਵਿੱਚ 20 ਭਾਰਤੀ ਫੌਜੀ ਸ਼ਹੀਦ ਹੋ ਗਏ ਸਨ, ਮਗਰੋਂ ਦੋਵਾਂ ਮੁਲਕਾਂ ’ਚ ਤਲਖੀ ਸਿਖਰ ’ਤੇ ਹੈ। ਇਸ ਕਸ਼ੀਦਗੀ ਨੂੰ ਘਟਾਉਣ ਲਈ ਦੋਵਾਂ ਮੁਲਕਾਂ ਵੱਲੋਂ ਫੌਜੀ ਤੇ ਕੂਟਨੀਤਕ ਪੱਧਰ ’ਤੇ ਮੀਟਿੰਗਾਂ ਕੀਤੀਆਂ ਗਈਆਂ ਹਨ, ਪਰ ਚੀਨ ਵੱਲੋਂ ਅਸਲ ਕੰਟਰੋਲ ਰੇਖਾ ਦੇ ਨਾਲ ਗਲਵਾਨ ਘਾਟੀ, ਪੈਂਗੌਗ ਝੀਲ, ਫਿੰਗਰ ਫੋਰ ਸਮੇਤ ਹੋਰਨਾਂ ਇਲਾਕਿਆਂ ’ਚ ਸਥਾਪਤ ਕੀਤੀਆਂ ਸੁਰੱਖਿਆ ਚੌਕੀਆਂ ਤੇ ਹੋਰ ਬੁਨਿਆਦੀ ਢਾਂਚਾ ਵੱਡੀ ਫਿਕਰਮੰਦੀ ਦਾ ਵਿਸ਼ਾ ਹੈ।