ਸਰਹੱਦੀ ਤਣਾਅ: ਭਾਰਤ ਅਤੇ ਚੀਨ ਵਿਚਾਲੇ ਗੱਲਬਾਤ ਸਿਰੇ ਨਾ ਚੜ੍ਹੀ

ਨਵੀਂ ਦਿੱਲੀ (ਸਮਾਜ ਵੀਕਲੀ) : ਪੂਰਬੀ ਲੱਦਾਖ ’ਚ ਭਾਰਤ ਅਤੇ ਚੀਨ ਵਿਚਕਾਰ ਚੱਲ ਰਹੇ ਸਰਹੱਦੀ ਤਣਾਅ ਨੂੰ ਘਟਾਉਣ ਲਈ ਚੁਸ਼ੂਲ ’ਚ ਹੋਈ ਫ਼ੌਜੀ ਪੱਧਰ ਦੀ ਵਾਰਤਾ ਦੌਰਾਨ ਕੋਈ ਹੱਲ ਨਹੀਂ ਨਿਕਲ ਸਕਿਆ ਹੈ। ਸਰਕਾਰੀ ਸੂਤਰਾਂ ਨੇ ਕਿਹਾ,‘‘ਗੱਲਬਾਤ ਅੱਗੇ ਨਹੀਂ ਵੱਧ ਸਕੀ ਕਿਉਂਕਿ ਚੀਨ ਵਿਵਾਦਤ ਸਥਾਨ ਤੋਂ ਆਪਣੀ ਫ਼ੌਜ ਪਿੱਛੇ ਹਟਾਉਣ ਲਈ ਤਿਆਰ ਨਹੀਂ ਹੈ।’’ ਕੋਰ ਕਮਾਂਡਰ ਪੱਧਰ ਦੀ ਵਾਰਤਾ ਸ਼ੁੱਕਰਵਾਰ ਸਵੇਰੇ ਸਾਢੇ 9 ਵਜੇ ਸ਼ੁਰੂ ਹੋਈ ਸੀ ਜੋ ਸ਼ਾਮ 7 ਵਜੇ ਖ਼ਤਮ ਹੋਈ।

ਭਾਰਤੀ ਫ਼ੌਜ ਦੇ ਵਫ਼ਦ ਦੀ ਨੁਮਾਇੰਦਗੀ ਪਹਿਲੀ ਵਾਰ ਲੈਫ਼ਟੀਨੈਂਟ ਜਨਰਲ ਪੀ ਜੀ ਕੇ ਮੈਨਨ ਨੇ ਕੀਤੀ। ਇਸ ਤੋਂ ਪਹਿਲਾਂ ਉਨ੍ਹਾਂ ਦੋ ਵਾਰ ਵਾਰਤਾ ’ਚ ਹਿੱਸਾ ਲਿਆ ਸੀ ਪਰ ਉਸ ਸਮੇਂ ਭਾਰਤੀ ਵਫ਼ਦ ਦੀ ਅਗਵਾਈ ਲੈਫ਼ਟੀਨੈਂਟ ਜਨਰਲ ਹਰਿੰਦਰ ਸਿੰਘ ਕਰ ਰਹੇ ਸਨ ਜਿਨ੍ਹਾਂ ਨੂੰ ਪਿਛਲੇ ਮਹੀਨੇ ਇੰਡੀਅਨ ਮਿਲਟਰੀ ਅਕੈਡਮੀ ’ਚ ਟਰਾਂਸਫਰ ਕਰ ਦਿੱਤਾ ਗਿਆ ਹੈ। ਸੂਤਰ ਨੇ ਕਿਹਾ ਕਿ ਭਾਰਤ ਨੇ ਚੀਨ ਨੂੰ ਸਪੱਸ਼ਟ ਆਖ ਦਿੱਤਾ ਹੈ ਕਿ ਕੁਝ ਚੋਣਵੇਂ ਸਥਾਨਾਂ ਨਹੀਂ ਸਗੋਂ ਸਾਰੇ ਵਿਵਾਦਤ ਸਥਾਨਾਂ ਤੋਂ ਫ਼ੌਜਾਂ ਪਿੱਛੇ ਹਟਣਗੀਆਂ। ਦੋਵੇਂ ਮੁਲਕਾਂ ਵਿਚਕਾਰ ਇਹ ਸੱਤਵੀਂ ਵਾਰਤਾ ਸੀ ਪਰ ਅਜੇ ਤੱਕ ਛੇ ਮਹੀਨੇ ਪੁਰਾਣੇ ਮਸਲੇ ਦਾ ਹੱਲ ਨਹੀਂ ਨਿਕਲ ਸਕਿਆ ਹੈ। ਉਂਜ ਦੋਵੇਂ ਮੁਲਕਾਂ ਨੇ ਫ਼ੌਜੀ ਅਤੇ ਕੂਟਨੀਤਕ ਪੱਧਰ ’ਤੇ ਵਾਰਤਾ ਜਾਰੀ ਰੱਖਣ ’ਤੇ ਸਹਿਮਤੀ ਜਤਾਈ ਹੈ ਤਾਂ ਜੋ ਫ਼ੌਜਾਂ ਪਿੱਛੇ ਹਟਾਉਣ ਦਾ ਕੋਈ ਫਾਰਮੂਲਾ ਨਿਕਲ ਸਕੇ। 

Previous articleਕਾਲਜਾਂ ’ਚ ਕੇਵਲ 50 ਫ਼ੀਸਦ ਵਿਦਿਆਰਥੀਆਂ ਨੂੰ ਹਾਜ਼ਰੀ ਦੀ ਆਗਿਆ: ਯੂਜੀਸੀ
Next articleਭਾਰਤ ਵੱਲੋਂ ਨਵਾਂ ਸੈਟੇਲਾਈਟ ਤੇ ਨੌਂ ਹੋਰ ਉਪਗ੍ਰਹਿ ਪੁਲਾੜ ’ਚ ਸਥਾਪਤ