ਨਵੀਂ ਦਿੱਲੀ (ਸਮਾਜਵੀਕਲੀ) : ਭਾਰਤ ਅਤੇ ਚੀਨੀ ਫੌਜੀਆਂ ਦਰਮਿਆਨ ਝੜਪ ਵਿਚਾਲੇ ਅੱਜ ਗਲਵਾਨ ਵਾਦੀ ਤੋਂ ਲੈ ਕੇ ਫਿੰਗਰ ਫੋਰ ਤਕ ਸਰਹੱਦੀ ਵਿਵਾਦ ’ਤੇ ਅੱਜ ਦੋਵੇਂ ਮੁਲਕਾਂ ਦੇ ਲੈਫਟੀਨੈਂਟ ਜਨਰਲ ਪੱਧਰ ਦੀ ਗੱਲਬਾਤ ਚੁਸ਼ਲ ਮੋਲਦੋ ਵਿੱਚ ਸ਼ੁਰੂ ਹੋ ਗਈ ਹੈ। ਇਹ ਉਹੀ ਥਾਂ ਹੈ ਜਿਥੇ ਚੀਨ ਨੇ 6 ਜੂਨ ਨੂੰ ਦੋਵਾਂ ਮੁਲਕਾਂ ਦੇ ਲੈਫਟੀਨੈਂਟ ਜਨਰਲ ਰੈਂਕ ਦੇ ਅਧਿਕਾਰੀਆਂ ਵਿਚਾਲੇ ਗੱਲਬਾਤ ਤੋਂ ਬਾਅਦ ਆਪਣੇ ਟੈਂਟ ਹਟਾਉਣ ’ਤੇ ਸਹਿਮਤੀ ਜਤਾਈ ਸੀ।
15 ਜੂਨ ਨੂੰ ਚੀਨ ਵੱਲੋਂ ਟੈਂਟ ਹਟਾਉਣ ਤੋਂ ਇਨਕਾਰ ਕਰਨ ਬਾਅਦ ਦੋਵਾਂ ਮੁਲਕਾਂ ਦੇ ਫੌਜੀਆਂ ਵਿਚਾਲੇ ਝੜਪ ਹੋਈ ਸੀ, ਜਿਸ ਵਿੱਚ 20 ਭਾਰਤੀ ਜਵਾਨ ਸ਼ਹੀਦ ਹੋ ਗਏ ਸਨ। ਫੌਜੀ ਸੂਤਰਾਂ ਮੁਤਾਬਕ ਚੀਨ ਦੇ 45 ਫੌਦੀਆਂ ਦੇ ਮਾਰੇ ਜਾਣ ਜਾਂ ਜ਼ਖ਼ਮੀ ਹੋਣ ਦੀਆਂ ਖ਼ਬਰਾਂ ਸਨ। ਸਭਨਾਂ ਦੀ ਨਿਗ੍ਹਾ ਮੀਟਿੰਗ ਦੇ ਨਤੀਜੇ ’ਤੇ ਹੈ।
ਸੂਤਰਾਂ ਅਨੁਸਾਰ ਮੀਟਿੰਗ ਵਿੱਚ ਗਲਵਾਨ ਵਾਦੀ ਤੋਂ ਲੈ ਕੇ ਫਿੰਗਰ ਫੋਰ ਤਕ ਲਗਦੀ ਸਰਹੱਦ ਬਾਰੇ ਚਰਚਾ ਕੀਤੀ ਜਾਵੇਗੀ। ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਰੂਸ ਰਵਾਨਾ ਹੋਣ ਤੋਂ ਪਹਿਲਾਂ ਐਤਵਾਰ ਨੂੰ ਤਿੰਨੇ ਫੌਜਾਂ ਦੇ ਮੁਖੀਆਂ ਨਾਲ ਗੱਲਬਾਤ ਕੀਤੀ ਸੀ। ਉਨ੍ਹਾਂ ਇਸ ਦੌਰਾਨ ਹਾਲਾਤ ਅਤੇ ਸੁਰੱਖਿਆ ਤਿਆਰੀਆਂ ਦਾ ਜਾਇਜ਼ਾ ਲਿਆ ਸੀ।