ਨਵੀਂ ਦਿੱਲੀ/ਪੇਈਚਿੰਗ (ਸਮਾਜਵੀਕਲੀ): ਪੂਰਬੀ ਲੱਦਾਖ ’ਚ ਸਰਹੱਦ ’ਤੇ ਭਾਰਤ ਅਤੇ ਚੀਨ ਦੀ ਫ਼ੌਜ ਵਿਚਕਾਰ ਜਾਰੀ ਟਕਰਾਅ ਦੇ ਨਿਬੇੜੇ ਲਈ ਦੋਵੇਂ ਮੁਲਕਾਂ ਦੇ ਲੈਫ਼ਟੀਨੈਂਟ ਜਨਰਲਾਂ ਦਰਮਿਆਨ ਭਲਕੇ ਵਾਰਤਾ ਹੋਣ ਜਾ ਰਹੀ ਹੈ। ਦੋਵੇਂ ਮੁਲਕਾਂ ਦੀਆਂ ਫ਼ੌਜਾਂ ਰਣਨੀਤਕ ਤੌਰ ’ਤੇ ਅਹਿਮ ਸੰਵੇਦਨਸ਼ੀਲ ਇਲਾਕੇ ’ਚ ਆਹਮੋ-ਸਾਹਮਣੇ ਹਨ।
ਸੂਤਰਾਂ ਮੁਤਾਬਕ ਮਾਲਡੋ ’ਚ ਹੋਣ ਵਾਲੀ ਬੈਠਕ ’ਚ ਭਾਰਤੀ ਵਫ਼ਦ ਦੀ ਅਗਵਾਈ ਲੇਹ ਆਧਾਰਿਤ 14 ਕੋਰ ਦੇ ਜੀਓਸੀ ਲੈਫ਼ਟੀਨੈਂਟ ਜਨਰਲ ਹਰਿੰਦਰ ਸਿੰਘ ਕਰਨਗੇ ਜਦਕਿ ਚੀਨ ਵੱਲੋਂ ਤਿੱਬਤ ਮਿਲਟਰੀ ਜ਼ਿਲ੍ਹਾ ਕਮਾਂਡਰ ਆਪਣਾ ਪੱਖ ਰਖਣਗੇ। ਦੋਵੇਂ ਮੁਲਕਾਂ ਦੇ ਸਥਾਨਕ ਕਮਾਂਡਰਾਂ ਵਿਚਕਾਰ 12 ਅਤੇ ਮੇਜਰ ਜਨਰਲ ਰੈਂਕ ਦੇ ਅਧਿਕਾਰੀਆਂ ਵਿਚਕਾਰ ਤਿੰਨ ਗੇੜ ਦੀਆਂ ਬੈਠਕਾਂ ਪਹਿਲਾਂ ਹੀ ਹੋ ਚੁੱਕੀਆਂ ਹਨ ਪਰ ਸਰਹੱਦੀ ਵਿਵਾਦ ਦਾ ਕੋਈ ਵੀ ਹਾਂ-ਪੱਖੀ ਸਿੱਟਾ ਨਹੀਂ ਨਿਕਲ ਸਕਿਆ ਹੈ।
ਭਾਰਤ ਵੱਲੋਂ ਸ਼ਨਿਚਰਵਾਰ ਨੂੰ ਹੋਣ ਵਾਲੀ ਬੈਠਕ ਦੌਰਾਨ ਪੈਂਗੌਂਗ ਤਸੋ ਅਤੇ ਗਲਵਾਨ ਵਾਦੀ ’ਚ ਪੁਰਾਣੀ ਸਥਿਤੀ ਬਹਾਲ ਰੱਖਣ ਅਤੇ ਚੀਨ ਵੱਲੋਂ ਉਥੇ ਸਥਾਪਤ ਕੀਤੀਆਂ ਗਈਆਂ ਆਰਜ਼ੀ ਚੌਕੀਆਂ ਨੂੰ ਹਟਾਉਣ ਲਈ ਦਬਾਅ ਪਾਇਆ ਜਾਵੇਗਾ। ਭਾਰਤੀ ਵਫ਼ਦ ਵੱਲੋਂ ਵੂਹਾਨ ’ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਦਰਮਿਆਨ ਹੋਏ ਪਹਿਲੇ ਗ਼ੈਰ-ਰਸਮੀ ਸਿਖਰ ਸੰਮੇਲਨ ਦੌਰਾਨ ਲਏ ਗਏ ਫ਼ੈਸਲਿਆਂ ਤਹਿਤ ਦੋਵੇਂ ਫ਼ੌਜਾਂ ਵੱਲੋਂ ਜਾਰੀ ਰਣਨੀਤਕ ਦਿਸ਼ਾ-ਨਿਰਦੇਸ਼ਾਂ ਨੂੰ ਲਾਗੂ ਕਰਨ ਲਈ ਵੀ ਜ਼ੋਰ ਪਾਇਆ ਜਾਵੇਗਾ।
ਉਧਰ ਵਾਰਤਾ ਤੋਂ ਇਕ ਦਿਨ ਪਹਿਲਾਂ ਚੀਨੀ ਵਿਦੇਸ਼ ਮੰਤਰਾਲੇ ਦੇ ਤਰਜਮਾਨ ਗੇਂਗ ਸ਼ੁਆਂਗ ਨੇ ਕਿਹਾ ਕਿ ਚੀਨ, ਭਾਰਤ ਨਾਲ ਜਾਇਜ਼ ਮੁੱਦੇ ਢੁੱਕਵੇਂ ਢੰਗ ਨਾਲ ਸੁਲਝਾਉਣ ਲਈ ਵਚਨਬੱਧ ਹੈ। ਉਸ ਨੇ ਕਿਹਾ ਕਿ ਇਸ ਸਮੇਂ ਚੀਨ ਅਤੇ ਭਾਰਤ ਵਿਚਕਾਰ ਸਰਹੱਦ ’ਤੇ ਹਾਲਾਤ ਸਥਿਰ ਅਤੇ ਕੰਟਰੋਲ ਹੇਠ ਹਨ।