(ਸਮਾਜ ਵੀਕਲੀ)
ਸਰਹੱਦਾਂ ਨੂੰ ਸਿਆਸਤਦਾਨ
ਪਹਿਲਾਂ ਦਿਲਾਂ ‘ਚ ਉੱਕਰਦੇ ਨੇ
ਫਿਰ ਹੱਥਾਂ ‘ਚ
ਤੇ ਫਿਰ ਧਰਤੀ ਉੱਤੇ।
ਹਰ ਸਰਹੱਦ ਕੋਲ਼
ਇੱਕ ਭਿਆਨਕ ਇਤਿਹਾਸ ਹੁੰਦਾ ਹੈ
ਤੇ ਹਰ ਸਰਹੱਦ ਮਨੁੱਖਤਾ ਦੀ
ਕਬਰ ਉੱਤੇ ਉੱਸਰੀ ਹੁੰਦੀ ਹੈ !
ਸਰਹੱਦਾਂ ਕਦੇ
ਪੰਛੀਆਂ, ਦਰਿਆਵਾਂ
ਹਵਾਵਾਂ, ਬੱਦਲਾਂ ਨੂੰ
ਨਹੀਂ ਪੁੱਛਦੀਆਂ
ਕਿ ਉਹ ਕਿਹੜੇ ਪਾਸੇ ਰਹਿਣਗੇ ?
ਘਰੋਂ ਬੱਚਿਆਂ ਦੇ ਮੂੰਹ ਚੁੰਮ ਕੇ
ਤੇ ਮਾਂਵਾਂ ਦੇ ਪੈਰ ਛੂਹ ਕੇ ਤੁਰੇ ਜਵਾਨ
ਇੱਕ ਵਰਦੀ ਪਾ ਕੇ
ਕੁਝ ਬੁਰਜੀਆਂ ਦੀ
ਨਿਸ਼ਾਨਦੇਹੀ ਕੋਲ਼ ਖੜ੍ਹ ਕੇ
ਹਥਿਆਰ ਹੀ ਤਾਂ ਹੋ ਜਾਂਦੇ ਨੇ !
ਸਰਹੱਦ ਹੀ ਤਾਂ ਹੋ ਜਾਂਦੇ ਨੇ !!
ਸਿਆਸਤੀ ਜਦੋਂ ਚਾਹੁੰਦੇ ਨੇ
ਧਰਤੀ ਉੱਤੇ ਉੱਸਰੀਆਂ ਸਰਹੱਦਾਂ ਨੂੰ
ਪਿਛਾਂਹ ਵੱਲ ਤੋਰਦੇ
ਦਿਲਾਂ ਤੱਕ ਲੈ ਜਾਂਦੇ ਨੇ
ਤੇ ਦਿਲਾਂ ‘ਤੇ ਉੱਸਰੀਆਂ ਸਰਹੱਦਾਂ
ਬਹੁਤ ਭਿਆਨਕ ਹੁੰਦੀਆਂ ਨੇ !
ਸਰਹੱਦਾਂ ਤੋਂ ਹਜ਼ਾਰਾਂ ਮੀਲ ਦੂਰ
ਕੁਰਸੀਆਂ ‘ਤੇ ਬੈਠੀ ਜੀਭ
ਜਦੋਂ ਅੱਗ ਉਗਲਦੀ ਹੈ
ਤਾਂ ਪਹਿਲਾਂ ਸੇਕ
ਸਰਹੱਦਾਂ ‘ਤੇ ਅੱਪੜਦਾ ਹੈ
ਜਿੱਥੋਂ ਫਿਰ ਇਹ ਸੇਕ
ਆਮ ਘਰਾਂ ਵੱਲ ਪਰਤਦਾ ਹੈ
ਤੇ ਬੱਚਿਆਂ ਦੀਆਂ ਗੱਲ੍ਹਾਂ ਨੂੰ
ਜਾ ਲੂੰਹਦਾ ਹੈ
ਤੇ ਮਾਂਵਾਂ ਦੇ ਪੈਰੀਂ ਪੱਥਰ ਬੰਨ੍ਹਦਾ ਹੈ !
ਸਰਹੱਦਾਂ ਦੇ ਦੋਵੇਂ ਪਾਸੇ
ਭਾਸ਼ਾ ਅਲੱਗ ਅਲੱਗ ਹੋ ਸਕਦੀ ਹੈ
ਰੰਗ ਕੁਝ ਵੱਖਰੇ ਹੋ ਸਕਦੇ ਨੇ
ਪਰ…
ਅੱਖਾਂ ‘ਚੋਂ ਹੰਝੂ
ਇੱਕੋ ਤਰ੍ਹਾਂ ਦੇ ਸਿੰਮਦੇ ਨੇ
ਹਾਸੇ ਵੀ ਇੱਕੋ ਤਰ੍ਹਾਂ ਦੇ
ਕਿਲਕਾਰੀਆਂ ਵੀ ਇੱਕੋ ਤਰ੍ਹਾਂ ਦੀਆਂ
ਲਹੂ ਵੀ ਇੱਕੋ ਤਰ੍ਹਾਂ ਦੇ
ਤੇ ਮਾਂ ਦੇ ਦੁੱਧ ਦਾ ਸੁਆਦ ਵੀ
ਇੱਕੋ ਤਰ੍ਹਾਂ ਦਾ ਹੁੰਦਾ ਹੈ !
ਸਰਹੱਦਾਂ ਤੋਂ ਮਾਂਵਾਂ
ਬਹੁਤ ਡਰਦੀਆਂ ਨੇ
ਪਰ ਤਖ਼ਤਾਂ ਦੇ ਬਣਨ ਲਈ
ਰੁੱਖ ਨਹੀਂ ਸਰਹੱਦਾਂ ਚਾਹੀਦੀਆਂ ਨੇ !
ਸਰਹੱਦਾਂ ਤਕੜਿਆਂ ਤੋਂ ਡਰਦੀਆਂ
ਦੂਰ ਦੂਰ ਰਹਿੰਦੀਆਂ ਨੇ
ਪਰ ਸਰਹੱਦਾਂ ਸਦਾ ਮਾੜਿਆਂ ਵੱਲ ਨੂੰ
ਸਰਕਦੀਆਂ ਰਹਿੰਦੀਆਂ ਨੇ!
ਧਰਤੀ ਉੱਤੇ ਹਰ ਥਾਂ
ਕਦੇ ਨਾ ਕਦੇ
ਸਰਹੱਦਾਂ ਰਹੀਆਂ ਨੇ
ਤੇ ਕੋਈ ਸਰਹੱਦ ਸਦੀਵੀ ਨਹੀਂ ਹੈ,
ਧਰਤੀ ਦੇ ਜਾਏ
ਜਦੋਂ ਵੀ ਕਿਸੇ ਸਰਹੱਦ ਦੇ
ਖ਼ਿਲਾਫ਼ ਹੋਏ ਨੇ
ਉਹ ਸਰਹੱਦ ਢਹਿ ਵੀ ਜਾਂਦੀ ਹੈ
ਉਹ ਸਰਹੱਦ ਢਹਿ ਵੀ ਜਾਂਦੀ ਹੈ !!
ਅਮਰਜੀਤ ਸਿੰਘ ਅਮਨੀਤ
8872266066