ਸਥਾਨਕ ਗੁਰੂ ਨਾਨਕ ਸਟੇਡੀਅਮ ਵਿੱਚ ਸੰਤੋਸ਼ ਟਰਾਫੀ ਦੇ ਅੱਜ ਖੇਡੇ ਗਏ ਫਾਈਨਲ ਮੁਕਾਬਲੇ ’ਚ ਸਰਵਿਸਿਜ਼ ਨੇ ਪੰਜਾਬ ਨੂੰ 1-0 ਨਾਲ ਹਰਾ ਕਿ ਟਰਾਫੀ ’ਤੇ ਆਪਣਾ ਕਬਜ਼ਾ ਕੀਤਾ। ਸਰਵਿਸਿਜ਼ ਦੇ ਕਪਤਾਨ ਸੁਰੇਸ਼ ਮਿਤਾਲੀ ਨੂੰ ‘ਮੈਨ ਆਫ ਦਿ ਮੈਚ’ ਐਲਾਨਿਆ ਗਿਆ। ਸਰਵਿਸਿਜ਼ ਦੀ ਟੀਮ ਨੇ ਇਸ ਚੈਂਪੀਅਨਸ਼ਿਪ ਦੇ ਸਾਰੇ ਮੈਚ ਜਿੱਤ ਕਿ ਅਜੇਤੂ ਰਹਿਣ ਦਾ ਮਾਣ ਵੀ ਪ੍ਰਾਪਤ ਕੀਤਾ। ਜੇਤੂ ਟੀਮ ਨੂੰ ਪੰਜ ਲੱਖ ਜਦਕਿ ਦੂਜੇ ਸਥਾਨ ’ਤੇ ਰਹੀ ਪੰਜਾਬ ਦੀ ਟੀਮ ਨੂੰ 3.5 ਲੱਖ ਰੁਪਏ ਦਾ ਨਕਦ ਇਨਾਮ ਮਿਲਿਆ। ਇਨਾਮਾਂ ਦੀ ਵੰਡ ਮੁੱਖ ਮਹਿਮਾਨ ਪਹੁੰਚੇ ਬ੍ਰਿਗੇਡੀਅਰ ਮਨੀਸ਼ ਅਰੋੜਾ ਨੇ ਕੀਤੀ। ਇਸ ਮੌਕੇ ਪੰਜਾਬ ਫੁਟਬਾਲ ਐਸੋਸੀਏਸ਼ਨ ਦੇ ਨੁਮਾਇੰਦਿਆਂ ਤੋਂ ਇਲਾਵਾ ਹੋਰ ਕਈ ਸਖਸ਼ੀਅਤਾਂ ਮੌਜੂਦ ਸਨ। ਦੁਪਹਿਰ ਬਾਅਦ ਖੇਡੇ ਗਏ ਫਾਈਨਲ ਮੁਕਾਬਲੇ ਲਈ ਦੋਵਾਂ ਟੀਮਾਂ ਵਿੱਚ ਅੱਜ ਤਕੜੀ ਟੱਕਰ ਦੇਖਣ ਨੂੰ ਮਿਲੀ। ਪਿਛਲੇ ਮੈਚਾਂ ’ਚ ਵਧੀਆ ਖੇਡ ਖੇਡਣ ਤੋਂ ਬਾਅਦ ਫਾਈਨਲ ਵਿੱਚ ਪਹੁੰਚੀਆਂ ਪੰਜਾਬ ਅਤੇ ਸਰਵਿਸਿਜ਼ ਦੀਆਂ ਟੀਮਾਂ ਦੇ ਖਿਡਾਰੀਆਂ ਨੇ ਵਧੀਆ ਖੇਡ ਦਾ ਮੁਜ਼ਾਹਰਾ ਕੀਤਾ। ਮੈਚ ਦੇ ਪਹਿਲੇ ਅੱਧ ਵਿੱਚ ਦੋਵਾਂ ਟੀਮਾਂ ਨੇ ਗੋਲ ਲਈ ਇੱਕ-ਦੂਜੇ ’ਤੇ ਕਈ ਹਮਲੇ ਕੀਤੇ ਪਰ ਕੋਈ ਵੀ ਟੀਮ ਗੋਲ ਨਾ ਕਰ ਸਕੀ। ਗੋਲ ਰਹਿਤ ਖ਼ਤਮ ਹੋਏ ਪਹਿਲੇ ਅੱਧ ਤੋਂ ਬਾਅਦ ਸ਼ੁਰੂ ਹੋਏ ਮੈਚ ਦੇ ਦੂਜੇ ਅੱਧ ਦੇ 61ਵੇਂ ਮਿੰਟ ’ਚ ਸਰਵਿਸਿਜ਼ ਦੇ ਬਿਕਾਸ ਥਾਪਾ ਨੇ ਗੋਲ ਕਰਕੇ ਆਪਣੀ ਟੀਮ ਨੂੰ 1-0 ਦੀ ਲੀਡ ਦਿਵਾ ਦਿੱਤੀ। ਘਰੇਲੂ ਮੈਚ ’ਤੇ ਖੇਡਦੀ ਪੰਜਾਬ ਦੀ ਟੀਮ ਨੇ ਇਸ ਲੀਡ ਨੂੰ ਬਰਾਬਰੀ ’ਤੇ ਲਿਆਉਣ ਲਈ ਕਈ ਹਮਲੇ ਕੀਤੇ ਪਰ ਸਰਵਿਸਿਜ਼ ਦੇ ਗੋਲਕੀਪਰ ਨੇ ਇਨਾਂ ਸਾਰੇ ਹਮਲਿਆਂ ਨੂੰ ਨਕਾਰਾ ਕਰ ਦਿੱਤਾ। ਅਖ਼ੀਰ ਇਹ ਮੈਚ 1-0 ਨਾਲ ਸਰਵਿਸਿਜ਼ ਦੇ ਹਿੱਸੇ ਆਇਆ। ਇੱਥੇ ਇਹ ਵੀ ਦੱਸਣਯੋਗ ਹੈ ਕਿ ਸਰਵਿਸਿਜ਼ ਦੀ ਟੀਮ ਨੇ ਚੈਂਪੀਅਨਸ਼ਿਪ ਦੇ ਲੁਧਿਆਣਾ ਵਿੱਚ ਖੇਡੇ ਗਏ ਪੂਲ ਦੇ ਚਾਰ, ਸੈਮੀ-ਫਾਈਨਲ ਅਤੇ ਹੁਣ ਫਾਈਨਲ ਮੈਚ ਜਿੱਤ ਕੇ ਲਗਾਤਾਰ ਪੰਜਵੀਂ ਜਿੱਤ ਦਰਜ ਕਰਕੇ ਅਜਿੱਤ ਰਹਿਣ ਦਾ ਮਾਣ ਪ੍ਰਾਪਤ ਕੀਤਾ। ਸਰਵਿਸਜ਼ ਦੇ ਮੁਕਾਬਲੇ ਵੱਧ ਵਾਰ ਸੰਤੋਸ਼ ਟਰਾਫ਼ੀ ਜਿੱਤਣ ਵਾਲੀ ਪੰਜਾਬ ਦੀ ਟੀਮ ਵੀ ਸਰਵਿਸਿਜ਼ ਦੇ ਜਿੱਤ ਦੇ ਘੋੜੇ ਨੂੰ ਰੋਕਣ ਵਿੱਚ ਅਸਫਲ ਰਹੀ। ਇਸ ਮੈਚ ਵਿੱਚ ਸਰਵਿਸਿਜ਼ ਦੇ ਕਪਤਾਨ ਸੁਰੇਸ਼ ਮਿਤਾਲੀ ਨੂੰ ਮੈਨ ਆਫ ਦਾ ਮੈਚ ਐਲਾਨਿਆ ਗਿਆ।
Sports ਸਰਵਿਸਿਜ਼ ਨੂੰ ਮਿਲੀ ਟਰਾਫ਼ੀ, ਪੰਜਾਬ ਨੂੰ ‘ਸੰਤੋਸ਼’