(ਸਮਾਜ ਵੀਕਲੀ)
ਬਜ਼ੁਰਗ ਮਾਤਾ-ਪਿਤਾ ਦਿਵਸ ‘ਤੇ ਵਿਸ਼ੇਸ਼
ਬੇਸ਼ੱਕ ਅਸੀਂ ਆਪਣੇ ਮਾਤਾ-ਪਿਤਾ ਨੂੰ ਰੱਬ ਦਾ ਦਰਜਾ ਦਿੰਦੇ ਹਾਂ ਪ੍ਰੰਤੂ ਅੱਜ ਦਾ ਸਮਾਂ ਐਸਾ ਆ ਗਿਆ ਹੈ ਕਿ ਬੱਚੇ ਆਪਣੇ ਰੱਬ ਰੂਪੀ ਮਾਤਾ-ਪਿਤਾ ਦੀ ਸੇਵਾ ਕਰਨੀ ਤਾਂ ਦੂਰ ਦੀ ਗੱਲ, ਉਹ ਉਹਨਾਂ ਨੂੰ ਦੇਖਣਾ ਵੀ ਪਸੰਦ ਨਹੀਂ ਕਰਦੇ। ਪੁਰਾਣੇ ਸਮਿਆਂ ਵਿੱਚ ਲੋਕ ਇੱਕ ਸੰਯੁਕਤ ਪਰਿਵਾਰ ਵਿੱਚ ਇੱਕੋ ਛੱਤ ਦੇ ਥੱਲੇ ਰਹਿੰਦੇ ਸਨ। ਉਹਨਾਂ ਵਿਚ ਪਿਆਰ ਹੁੰਦਾ ਸੀ। ਸਾਰੇ ਘਰ ਦੇ ਮੁਖੀ ਦੀ ਗੱਲ ਮੰਨਦੇ ਸਨ। ਘਰ ਵਿੱਚ ਕੋਈ ਵੀ ਨਵੀਂ ਚੀਜ਼ ਲਿਆਉਣੀ ਹੁੰਦੀ ਜਾਂ ਕਿਸੇ ਗੱਲ ਦੀ ਸਲਾਹ ਲੈਣੀ ਹੁੰਦੀ ਸੀ ਤਾਂ ਮਾਤਾ-ਪਿਤਾ ਨੂੰ ਜ਼ਰੂਰ ਪੁੱਛਿਆ ਜਾਂਦਾ ਸੀ। ਪਰ ਅੱਜ ਦੇ ਬੱਚਿਆਂ ਲਈ ਮਾਤਾ ਪਿਤਾ ਤੋਂ ਸਲਾਹ ਲੈਣਾ ਆਪਣੇ ਆਪ ਨੂੰ ਨੀਵਾਂ ਸਮਝਣ ਦੇ ਬਰਾਬਰ ਹੈ। ਮਾਤਾ-ਪਿਤਾ ਸੁੱਖਾਂ ਸੁੱਖ ਕੇ ਰੱਬ ਕੋਲ਼ੋਂ ਔਲਾਦ ਦੀ ਪ੍ਰਾਪਤੀ ਕਰਦੇ ਹਨ, ਪਰ ਅਫਸੋਸ ਨਾਲ਼ ਕਹਿਣਾ ਪੈ ਰਿਹਾ ਹੈ ਕਿ ਬੱਚੇ ਮਾਤਾ-ਪਿਤਾ ਨੂੰ ਘਰ ‘ਚੋਂ ਇਵੇਂ ਕੱਢਦੇ ਹਨ ਜਿਵੇਂ ਘਰ ‘ਚੋਂ ਕਿਸੇ ਕਬਾੜੀਏ ਨੂੰ ਕਬਾੜ ਚਕਾਈਦਾ ਹੈ।
ਮਾਂ-ਬਾਪ ਆਪਣੇ ਬੱਚਿਆਂ ਨੂੰ ਪੜ੍ਹਾ-ਲਿਖਾ ਕੇ ਰੁਜ਼ਗਾਰ ਉੱਪਰ ਲਗਾਉਂਦੇ ਹਨ। ਪ੍ਰੰਤੂ ਨੌਕਰੀ ਮਿਲਣ ਬਾਅਦ ਬੱਚਿਆਂ ਦੇ ਦਿਲਾਂ ਵਿੱਚ ਮਾਂ-ਬਾਪ ਲਈ ਸੇਵਾ ਭਾਵਨਾ ਬਿਲਕੁਲ ਖ਼ਤਮ ਹੋ ਜਾਂਦੀ ਹੈ। ਪਿਛਲੇ ਦਿਨੀਂ ਆਪਾਂ ਨੇ ਸਾਰਿਆਂ ਨੇ ਦੇਖਿਆ ਹੈ ਕਿ ਇੱਕ ਪੁਲਿਸ ਮੁਲਾਜ਼ਮ ਨੇ ਆਪਣੀ ਬਿਰਧ ਮਾਂ ਨਾਲ਼ ਕਿਵੇਂ ਦਾ ਸਲੂਕ ਕੀਤਾ ਹੈ। ਜੋ ਕਿ ਬਹੁਤ ਮਾੜੀ ਗੱਲ ਹੈ।
ਮਾਂ-ਬਾਪ ਦੀ ਸੇਵਾ ਕਿੰਨੀ ਕੁ ਹੋ ਰਹੀ ਹੈ, ਇਸ ਗੱਲ ਦਾ ਅੰਦਾਜ਼ਾ ਦਿਨੋ ਦਿਨ ਖੁੱਲ੍ਹ ਰਹੇ ਬਿਰਧ ਆਸ਼ਰਮਾਂ ਦੀ ਗਿਣਤੀ ਤੋਂ ਲਗਾਇਆ ਜਾ ਸਕਦਾ ਹੈ। ਬੱਚਿਆਂ ਨੂੰ ਆਪਣੀ ਮਾਂ-ਬਾਪ ਦੀ ਗੱਲ ਸੁਣਨੀ ਪਸੰਦ ਹੀ ਨਹੀਂ ਹੈ। ਮਾਂ-ਬਾਪ ਇਸ ਆਸ ਨਾਲ਼ ਬੱਚੇ ਪੈਦਾ ਕਰਦਾ ਹੈ ਕਿ ਵੱਡੇ ਹੋ ਕੇ ਉਹਨਾਂ ਦੇ ਬੱਚੇ ਉਹਨਾਂ ਦਾ ਨਾਮ ਰੌਸ਼ਨ ਕਰਨਗੇ ਅਤੇ ਬੁੱਢੇ ਹੋਇਆਂ ਦੀ ਡੰਗੋਰੀ ਬਣਨਗੇ। ਪਰ ਮਾਤਾ-ਪਿਤਾ ਨੂੰ ਉਸ ਵਕਤ ਮਰਨ ਲਈ ਕੋਈ ਥਾਂ ਨਹੀਂ ਲੱਭਦੀ ਜਦ ਉਹਨਾਂ ਦੀ ਔਲਾਦ ਉਨ੍ਹਾਂ ਨੂੰ ਧੱਕੇ ਮਾਰ ਕੇ ਘਰੋਂ ਬਾਹਰ ਕੱਢਦੀ ਹੈ। ਇਹ ਆਮ ਦੇਖਣ ‘ਚ ਆਇਆ ਹੈ ਕਿ ਜਦ ਕਿਸੇ ਬੱਚੇ ਦਾ ਵਿਆਹ ਹੋ ਜਾਂਦਾ ਹੈ ਤਾਂ ਉਹ ਸਿਰਫ਼ ਆਪਣੀ ਘਰਵਾਲ਼ੀ ਦਾ ਹੀ ਬਣਕੇ ਰਹਿ ਜਾਂਦਾ ਹੈ। ਅੱਗੋਂ ਘਰਵਾਲ਼ੀ ਵੀ ਕਈ ਵਾਰ ਇਸ ਤਰ੍ਹਾਂ ਦੀ ਮਿਲ਼ ਜਾਂਦੀ ਹੈ, ਜਿਸ ਵਾਸਤੇ ਸੱਸ-ਸਹੁਰੇ ਦੀ ਸੇਵਾ ਇੱਕ ਆਫ਼ਤ ਹੁੰਦੀ ਹੈ। ਉਸ ਵਾਸਤੇ ਜਾਂ ਤਾਂ ਸੱਸ ਚੰਗੀ ਹੋਵੇ ਜਾਂ ਫੋਟੋ ਕੰਧ ‘ਤੇ ਟੰਗੀ ਹੋਵੇ। ਵਿਆਹ ਕਰਵਾ ਕੇ ਔਲਾਦ ਆਪਣੇ ਮਾਂ-ਬਾਪ ਨੂੰ ਡੇਲਿਆਂ ਵੱਟੇ ਨਹੀਂ ਪਛਾਣਦੀ।
ਔਲਾਦ ਆਪਣੇ ਮਾਤਾ-ਪਿਤਾ ਦੇ ਜਿਉਂਦੇ ਹੁੰਦਿਆਂ ਉਹਨਾਂ ਦੀ ਬਣਾਈ ਜਾਇਦਾਦ, ਧਨ-ਦੌਲਤ ਦੀਆਂ ਵੰਡੀਆਂ ਤਾਂ ਪਾਉਂਦੇ ਹੀ ਹਨ ਪਰ ਨਾਲ਼ ਦੀ ਨਾਲ਼ ਮਾਂ-ਬਾਪ ਵੀ ਵੰਡੇ ਜਾਂਦੇ ਹਨ। ਮਾਂ ਛੋਟੇ ਪੁੱਤ ਨਾਲ਼ ਰੋਟੀ ਖਾਂਦੀ ਹੈ। ਪਿਓ ਵੱਡੇ ਪੁੱਤਰ ਨਾਲ਼। ਪਰ ਹੋਣਾ ਇਹ ਚਾਹੀਦਾ ਹੈ ਕਿ ਉਹਨਾਂ ਨੂੰ ਇੱਕੋ ਥਾਂ ‘ਤੇ ਪਿਆਰ ਸਤਿਕਾਰ ਨਾਲ਼ ਰੋਟੀ ਖੁਆਉਣੀ ਚਾਹੀਦੀ ਹੈ।
ਅੱਜ ਦਾ ਇਨਸਾਨ ਸ਼ੌਂਕਾਂ ਨੇ ਵੀ ਮਾਰ ਰੱਖਿਆ ਹੈ। ਘਰ ਵਿੱਚ ਮਹਿੰਗੇ-ਮਹਿੰਗੇ ਕੁੱਤੇ ਪਾਲ਼ ਰੱਖੇ ਹਨ। ਕੁੱਤਿਆਂ ਦੀ ਮਾਤਾ-ਪਿਤਾ ਤੋਂ ਕਿਤੇ ਵੱਧ ਸੇਵਾ ਕੀਤੀ ਜਾਂਦੀ ਹੈ। ਕੁੱਤੇ ਨੂੰ ਅਗਰ ਥੋੜ੍ਹੀ ਬਹੁਤ ਸੱਟ ਵੀ ਲੱਗ ਜਾਂਦੀ ਹੈ ਜਾਂ ਉਹ ਇੱਕ ਦਿਨ ਰੋਟੀ ਨਾ ਖਾਵੇ ਤਾਂ ਸਾਰੇ ਟੱਬਰ ਨੂੰ ਹੱਥਾਂ ਪੈਰਾਂ ਦੀ ਪੈ ਜਾਂਦੀ ਹੈ। ਉਸਦਾ ਤੁਰੰਤ ਇਲਾਜ ਕਰਵਾਇਆ ਜਾਂਦਾ ਹੈ। ਪ੍ਰੰਤੂ ਵਿਹੜੇ ਵਿੱਚ ਅਗਰ ਮਾਂ ਪਾਣੀ ਦੇ ਗਿਲਾਸ ਲਈ ਬਿਲਕ ਰਹੀ ਹੋਵੇ ਤਾਂ ਉਸਨੂੰ ਇਹ ਕਿਹਾ ਜਾਂਦਾ ਹੈ “ਆਪ ਉੱਠ ਕੇ ਪੀ ਲੈ ਬੁੜੀਏ! ਕਿਧਰੇ ਨੀ ਤੇਰੀਆਂ ਲੱਤਾਂ ਟੁੱਟੀਆਂ।” ਪਰ ਮਾਂ-ਬਾਪ ਹਮੇਸ਼ਾ ਹੀ ਆਪਣੀ ਔਲਾਦ ਦਾ ਭਲਾ ਮੰਗਦੇ ਹਨ।
ਸੋ ਦੋਸਤੋ, ਅਗਰ ਸਾਡੇ ਘਰ ਵਿੱਚ ਮਾਤਾ-ਪਿਤਾ ਦੀ ਵਧੀਆ ਦੇਖਭਾਲ਼ ਹੋ ਰਹੀ ਹੈ ਤਾਂ ਸਾਨੂੰ ਕਿਸੇ ਵੀ ਤੀਰਥ ਅਸਥਾਨ ‘ਤੇ ਜਾਣ ਦੀ ਜ਼ਰੂਰਤ ਨਹੀਂ ਹੈ। ਪ੍ਰੰਤੂ ਜੇ ਅਸੀਂ ਜਿਉਂਦੇ ਜੀ ਮਾਂ-ਬਾਪ ਨੂੰ ਕਦੀ ਪੁੱਛਿਆ ਨਾ ਹੋਵੇ ਤਾਂ ਉਹਨਾਂ ਦੇ ਮਰਨ ਉਪਰੰਤ ਭੋਗ ਉੱਤੇ ਜਲੇਬੀਆਂ ਕਰਨ ਦਾ ਕੋਈ ਫ਼ਾਇਦਾ ਨਹੀਂ। ਇੱਕ ਗੱਲ ਯਾਦ ਰੱਖਿਓ! ਜੇ ਅੱਜ ਆਪਾਂ ਆਪਣੇ ਬਜ਼ੁਰਗ ਮਾ-ਬਾਪ ਦੀ ਸੇਵਾ ਨਹੀਂ ਕਰਦੇ ਤਾਂ ਕੱਲ੍ਹ ਨੂੰ ਸਾਡੀ ਔਲਾਦ ਵੀ ਸਾਨੂੰ ਫੁੱਲ ਨਹੀਂ ਵਰਸਾਏਗੀ। ਕਿਉਂਕਿ ਨਰਕ, ਸਵਰਗ ਸਭ ਇੱਥੇ ਹੀ ਹਨ। ਆਓ ਦੋਸਤੋ, ਮਾਂ-ਬਾਪ ਦੀ ਸੇਵਾ ਕਰਕੇ ਤਾਂ ਦੇਖੋ, ਕਿੰਨਾ ਸਕੂਨ ਮਿਲ਼ਦਾ ਹੈ। ਆਓ ਇੱਕ ਵਾਰ ਫਿਰ ਆਪਣੀ ਦਾਦੀ ਮਾਂ ਦੀਆਂ ਬਾਤਾਂ ਸੁਣੀਏ ਅਤੇ ਇੱਕ ਅਸਲੀ ਸਰਵਣ ਪੁੱਤ ਬਣੀਏ!!
ਮਾਂ-ਬਾਪ ਨੂੰ ਛੱਡਕੇ ਆਸ਼ਰਮ, ਨਿੱਤ ਤੀਰਥਾਂ ਤੇ ਤੂੰ ਆਉਂਦਾ ਏਂ।
ਮਾਂ-ਬਾਪ ਦੀ ਕੌਡੀ ਕਦਰ ਨਹੀਂ ਵੱਡਾ ਸਰਵਣ ਪੁੱਤ ਕਹਾਉਂਦਾ ਏਂ।
‘ਗੁਰਵਿੰਦਰਾ’ ਮਾਂ-ਪਿਓ ਵਰਗਾ ਰਿਸ਼ਤਾ, ਦੁਨੀਆਂ ਉੱਪਰ ਕੋਈ ਨਾ।
ਜਿਉਂਦੇ ਜੀ ਤੂੰ ਸਾਂਭੇ ਨਾਂ, ਤੁਰ ਜਾਣ ਦੇ ਮਗਰੋਂ ਰੋਈ ਨਾਂ।
ਖੁਸ਼ ਹੋ ਕੇ ਤੂੰ ਸੇਵਾ ਕਰਲੈ, ਦੱਸ ਨਾ ਇਨ੍ਹਾਂ ਨੂੰ ਸਿਆਪੇ।
ਰੱਬ ਦਾ ਰੂਪ ਨੇ ਹੁੰਦੇ ਸੱਜਣਾ, ਸਾਂਭ ਲੈ ਆਪਣੇ ਮਾਪੇ।
ਗੁਰਵਿੰਦਰ ਸਿੰਘ ਉੱਪਲ
ਈ.ਟੀ.ਟੀ. ਅਧਿਆਪਕ
ਮਾਲੇਰਕੋਟਲਾ (ਸੰਗਰੂਰ)
ਮੋਬਾ. 98411-45000