ਗੁਹਾਟੀ (ਸਮਾਜ ਵੀਕਲੀ): ਭਾਜਪਾ ਆਗੂ ਤੇ ਪੂਰਬ-ਉੱਤਰ ਜਮਹੂਰੀ ਗੱਠਜੋੜ ਦੇ ਕਨਵੀਨਰ ਹਿਮੰਤ ਬਿਸਵਾ ਸਰਮਾ ਨੇ ਅੱਜ ਅਸਾਮ ਦੇ 15ਵੇਂ ਮੁੱਖ ਮੰਤਰੀ ਸਹੁੰ ਚੁੱਕੀ। ਰਾਜਪਾਲ ਜਗਦੀਸ਼ ਮੁਖੀ ਨੇ ਉਨ੍ਹਾਂ ਨੂੰ ਇੱਥੇ ਸ੍ਰੀਮੰਤ ਸ਼ੰਕਰਦੇਵ ਕਲਾਕਸ਼ੇਤਰ ’ਚ ਅਹੁਦੇ ਤੇ ਭੇਤ ਗੁਪਤ ਰੱਖਣ ਦੀ ਸਹੁੰ ਚੁਕਵਾਈ। ਸਰਮਾ ਨੇ ਅਸਾਮੀ ਭਾਸ਼ਾ ’ਚ ਹਲਫ਼ ਲਿਆ। ਕੋਵਿਡ-19 ਪ੍ਰੋਟੋਕੋਲ ਦੀ ਪਾਲਣਾ ਕਰਦਿਆਂ ਉਨ੍ਹਾਂ ਨਾਲ 13 ਹੋਰ ਵਿਧਾਇਕਾਂ ਨੇ ਸਹੁੰ ਚੁੱਕੀ।
ਸਹੁੰ ਚੁੱਕਣ ਵਾਲੇ ਵਿਧਾਇਕਾਂ ’ਚ ਭਾਰਤੀ ਜਨਤਾ ਪਾਰਟੀ ਦੇ 10 ਵਿਧਾਇਕ ਵੀ ਸ਼ਾਮਲ ਹਨ। ਇਨ੍ਹਾਂ ’ਚ ਭਾਜਪਾ ਦੇ ਸੂਬਾ ਪ੍ਰਧਾਨ ਰਣਜੀਤ ਕੁਮਾਰ ਦਾਸ ਤੇ ਅਹੁਦਾ ਛੱਡ ਰਹੇ ਮੰਤਰੀ ਚੰਦਰ ਮੋਹਨ ਪਟਵਾਰੀ, ਪਰੀਮਲ ਸੁਕਲਵੈਦਿਆ, ਜੋਗੇਸ਼ ਮੋਹਨ ਤੇ ਸੰਜੈ ਕਿਸ਼ਨ ਸ਼ਾਮਲ ਹਨ। ਨਵੇਂ ਮੰਤਰੀਆਂ ’ਚ ਰਾਨੋਜ ਪੇਗੂ, ਬਿਮਲ ਬੋਰਾ ਤੇ ਇੱਕੋ ਇੱਕ ਮਹਿਲਾ ਵਿਧਾਇਕ ਅਜੰਤਾ ਨਿਓਗ ਸ਼ਾਮਲ ਹੈ। ਗੱਠਜੋੜ ਭਾਈਵਾਲ ਏਜੀਪੀ ਦੇ ਅਤੁਲ ਬੋਰਾ ਤੇ ਕੇਸ਼ਬ ਮਹੰਤਾ ਅਤੇ ਯੂਪੀਪੀਐੱਲ ਦੇ ਸਾਬਕਾ ਰਾਜ ਸਭਾ ਮੈਂਬਰ ਯੂਜੀ ਬ੍ਰਹਮਾ ਨੇ ਅੱਜ ਸਹੁੰ ਚੁੱਕੀ ਹੈ।
ਭਾਜਪਾ ਪ੍ਰਧਾਨ ਜੇਪੀ ਨੱਡਾ, ਅਹੁਦਾ ਛੱਡ ਰਹੇ ਮੁੱਖ ਮੰਤਰੀ ਸਰਬਨੰਦ ਸੋਨੋਵਾਲ, ਕੇਂਦਰੀ ਮੰਤਰੀ ਜਿਤੇਂਦਰ ਸਿੰਘ ਤੇ ਰਮੇਸ਼ ਤੇਲੀ ਆਦਿ ਸਮਾਗਮ ’ਚ ਹਾਜ਼ਰ ਸਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਹਿਮੰਤ ਬਿਸਵ ਸਰਮਾ ਨੂੰ ਵਧਾਈ ਦਿੱਤੀ ਹੈ।