– ਅਮਰਜੀਤ ਚੰਦਰ, ਲੁਧਿਆਣਾ
ਕਨੇਡਾ ਇਕ ਸਰਮਾਏਦਾਰ ਤੇ ਖੁਸ਼ਹਾਲ ਦੇਸ਼ ਹੈ। ਖੇਤਰਫਲ ਦੇ ਹਿਸਾਬ ਨਾਲ ਇਹ ਦੇਸ਼ ਬਹੁਤ ਵੱਡਾ ਤੇ ਵਿਸ਼ਾਲ ਹੈ। ਕਨੇਡਾ ਦੀ ਧਰਤੀ ਕੁਦਰਤੀ ਤੌਰ ‘ਤੇ ਅਮੀਰ ਅਤੇ ਭੁਗੋਲਿਕ ਤੌਰ ਤੇ ਪਹਾੜਾਂ, ਜੰਗਲਾਂ, ਨਦੀਆਂ ਨਾਲਿਆ ਨਾਲ ਭਰੀ ਹੋਈ ਹੈ। ਇਹ ਨਹੀ ਕਿ ਮੈਦਾਨੀ ਨਹੀ ਹੈ ਮੈਦਾਨੀ ਏਰੀਆ ਹੈ, ਜੋ ਮੈਦਾਨੀ ਏਰੀਆ ਹੈ ਉਹ ਹਰਿਆਲੀ ਨਾਲ ਭਰਿਆ ਹੋਇਆ ਹੈ। ਬਰਫ ਲੱਦੇ ਉਚੇ ਉਚੇ ਪਹਾੜ ਹਨ। ਕਨੇਡਾ ਵਿਚ ਬਾਹਰੋਂ ਲੋਕ ਵੱਖ ਵੱਖ ਦੇਸ਼ਾਂ ਚੋਂ ਆ ਕੇ ਵਸੇ ਹੋਏ ਹਨ। ਕਨੇਡਾ ਵਿਚ ਹਰ ਕੌਮ (ਮਜ੍ਹਬ) ਦੇ ਲੋਕ ਵਸੇ ਹੋਏ ਹਨ। ਸ਼ੁਰੂ ਸ਼ਰੂ ਵਿਚ ਗੋਰੇ ਲੋਕ ਪ੍ਰਵਾਸੀਆਂ ਨਾਲ ਬਹੁਤ ਨਫਰਤ ਕਰਦੇ ਸੀ। ਜਿਉਂ-ਜਿਉਂ ਪ੍ਰਵਾਸੀਆਂ ਦੀ ਗਿਣਤੀ ਵੱਧਦੀ ਗਈ ਤਾਂ ਗੋਰੇ ਲੋਕਾਂ ਵਿਚ ਨਫਰਤ ਘੱਟਦੀ ਗਈ। ਹੁਣ ਤਾਂ ਕਨੇਡਾ ਵਿਚ ਗੋਰੇ ਲੋਕ ਬਹੁਤ ਘੱਟ ਗਿਣਤੀ ਵਿਚ ਹੀ ਰਹਿ ਗਏ ਹਨ। ਜਿਆਦਾ ਲੋਕ ਚੀਨ, ਪਾਕਿਸਤਾਨ, ਮੈਕਸੀਕੋ, ਭਾਰਤ ਜਾਂ ਹੋਰ ਦੋ ਚਾਰ ਛੋਟੇ ਮੋਟੇ ਦੇਸ਼ਾਂ ਵਿਚੋਂ ਆ ਕੇ ਹੀ ਵਸੇ ਹਨ। ਕਨੇਡਾ ਸਰਕਾਰ ਨੇ ਗੋਰੇ ਲੋਕਾਂ ਨੂੰ ਪੂਰੀਆਂ ਸਹੂਲਤਾਂ ਦਿੱਤੀਆਂ ਹੋਈਆਂ ਹਨ। ਸ਼ੁਰੂ-ਸ਼ੁਰੂ ਵਿਚ ਪ੍ਰਵਾਸੀ ਲੋਕ ਜਿਆਦਾਤਰ ਲੱਕੜ ਚੀਰਣ ਵਾਲੀਆਂ ਆਰੀਆਂ ਜਾਂ ਇਮਾਰਤੀ ਸਾਜੋ ਸਮਾਨ ਤੇ ਫਰਨੀਚਰ ਬਣਾਉਣ ਵਾਲੀਆਂ ਮਿਲਾਂ ਵਿਚ ਹੀ ਮਜਦੂਰੀ ਕਰਦੇ ਹੁੰਦੇ ਸਨ। ਉਸ ਸਮੇਂ ਕਨੇਡਾ ਨੂੰ ਆਬਾਦ ਕਰਨ ਵਾਸਤੇ ਮਜਦੂਰਾਂ ਦੀ ਬਹੁਤ ਲੋੜ ਸੀ। ਇਸ ਲਈ ਗਰੀਬ ਤੇ ਪਛੜੇ ਦੇਸ਼ਾਂ ਦੇ ਲੋਕ ਜਿਆਦਾ ਕਨੇਡਾ ਜਾਣ ਲੱਗ ਪਏ। ਉਸ ਸਮੇਂ ਕਨੇਡਾ ਦੀ ਜੰਨ ਸੰਖਿਆ ਵੀ ਬਹੁਤ ਥੋੜੀ ਸੀ ਤੇ ਕਨੇਡਾ ਦੇਸ਼ ਬਹੁਤ ਵੱਡਾ ਸੀ। ਜੰਗਲਾਂ ਵਿਚੋਂ ਲੱਕੜਾ ਵੱਡਣ ਦੇ ਲਈ ਲੱਕੜ ਦੀਆਂ ਮਿਲਾਂ ਤੇ ਆਰੀਆਂ ਉਪਰ ਕੰਮ ਕਰਨ ਵਾਸਤੇ ਮਜਦੂਰਾਂ ਦੀ ਬਹੁਤ ਲੋੜ ਹੁੰਦੀ ਸੀ। ਹੁਣ ਕਨੇਡਾ ਦੀ ਅਬਾਦੀ ਦਿਨੋ-ਦਿਨ ਵੱਧਦੀ ਜਾ ਰਹੀ ਹੈ, ਜੰਨ ਸੰਖਿਆ ਵਧਣ ਦੇ ਨਾਲ-ਨਾਲ ਭਾਵੇ ਬਹੁਤ ਸਾਰੇ ਹੋਰ ਕਾਰੋਬਾਰ ਸ਼ੁਰੂ ਹੋ ਗਏ ਹਨ ਪਰ ਹੁਣ ਪ੍ਰਵਾਸੀਆਂ ਦਾ ਕਨੇਡਾ ਜਾਣਾ ਬਹੁਤ ਔਖਾ ਹੋ ਗਿਆ ਹੈ।
ਭਾਰਤ ਦੇ ਸਾਰੇ ਸ਼ਹਿਰਾਂ ਵਿਚੋਂ ਬਹੁਤ ਸਾਰੇ ਲੋਕ ਕਨੇਡਾ ਜਾਂ ਹੋਰ ਵੱਖ-ਵੱਖ ਦੇਸ਼ਾਂ ਵਿਚ ਗਏ ਹੋਏ ਹਨ,ਜਿਆਦਾਤਰ ਪੰਜਾਬ ਵਿਚੋਂ ਲੋਕ ਆਪਣੀ ਰੋਜ਼ੀ ਰੋਟੀ ਕਮਾਉਣ ਦੇ ਲਈ ਕਨੇਡਾ ਗਏ ਹੋਏ ਹਨ।ਪੰਜਾਬੀ ਲੋਕ ਮਿਹਨਤੀ ਤੇ ਸਰੀਰਕ ਪੱਖੋਂ ਤਕੜੇ ਹੁੰਦੇ ਹਨ। ਪਿਛਲੇ ਵੀਹ ਕੁ ਸਾਲਾਂ ਤੋਂ ਹੀ ਪੰਜਾਬੀ ਭਾਈਚਾਰੇ ਦੇ ਲੋਕ ਆਪਣੀ ਰੋਜ਼ੀ-ਰੋਟੀ ਦੀ ਭਾਲ ਵਿਚ ਵੱਖ-ਵੱਖ ਦੇਸ਼ਾਂ ਵਿਚ ਜਾਣਾ ਸ਼ੁਰੂ ਹੋਏ ਹਨ, ਕਿਉਕਿ ਸਾਡੇ ਪੰਜਾਬ ਵਿਚ ਕੰਮ-ਕਾਰ ਨਹੀ ਰਿਹਾ ਏਸੇ ਕਰਕੇ ਹੀ ਪਿਛਲੇ ਦਸ ਕੁ ਸਾਲਾਂ ਤੋਂ ਵਿਦੇਸ਼ਾਂ ਵਿਚ ਜਾਣ ਦਾ ਰੁਝਾਨ ਨੌਜਵਾਨਾਂ ਵਿਚ ਦੇਖਣ ਨੂੰ ਮਿਲ ਰਿਹਾ ਹੈ, ਦੂਜੇ ਪਾਸੇ ਅੱਜ ਜੋ ਵੀ ਮੁੰਡਾ ਕੁੜੀ ਪੜ੍ਹਦਾ ਹੈ ਪੜ੍ਹਾਈ ਖਤਮ ਹੋਣ ਤੋਂ ਬਾਅਦ, ਵਿਦੇਸਾਂ ‘ਚ ਜਾ ਕੇ ਹੀ ਸੈਟ ਹੋਣ ਦੀ ਕੋਸ਼ਿਸ਼ ਕਰਦਾ ਹੈ। ਵਿਦੇਸ਼ਾ ਵਿਚ ਨੌਜਵਾਨ ਪੀੜ੍ਹੀ ਦੀ ਦੌੜ ਇਸ ਕਰਕੇ ਲੱਗੀ ਹੋਈ ਹੈ ਕਿ ਸਾਡੇ ਦੇਸ਼ ਵਿਚ ਪੜ੍ਹੇ ਲਿਖੇ ਬੱਚੇ ਲਈ ਕਿਤੇ ਵੀ ਕੋਈ ਰੁਜ਼ਗਾਰ ਨਹੀ ਹੈ। ਰੁਜਗਾਰ ਬਿਲਕੁਲ ਹੀ ਸੀਮਿਤ ਰਹਿ ਗਏ ਹਨ। ਅੱਜ ਦਾ ਪੜ੍ਹਿਆ ਲਿਖਿਆ ਨੌਜਵਾਨ ਵਰਗ ਹੁਣ ਤਾਂ ਕਨੇਡਾ ਅਮਰੀਕਾ ਨਿਊਜੀਲੈਂਡ ਇੰਗਲੈਡ ਵਰਗੇ ਦੇਸਾਂ ਨੂੰ ਹੀ ਪਸੰਦ ਕਰਨ ਲੱਗ ਪਿਆ ਹੈ। ਹੁਣ ਹਰ ਸਾਲ ਲੱਖਾਂ ਹੀ ਵਿਦਿਆਰਥੀ ਵਿਦੇਸ਼ਾਂ ਵਿਚ ਜਾ ਰਹੇ ਹਨ ਇਸ ਦੇ ਨਾਲ-ਨਾਲ ਕਰੋੜਾਂ ਡਾਲਰਾਂ ਦੇ ਰੂਪ ਵਿਚ ਸਾਡਾ ਪੈਸਾ ਵੀ ਭਾਰਤ ਤੋਂ ਬਾਹਰਲੇ ਦੇਸ਼ਾਂ ਨੂੰ ਜਾ ਰਿਹਾ ਹੈ। ਪੜ ਲਿਖ ਕੇ ਵੀ ਬੱਚਿਆਂ ਨੂੰ ਕੋਈ ਉਸ ਦੇ ਮੁਤਾਬਿਕ ਨੌਕਰੀ ਨਹੀ ਮਿਲਦੀ ਤਾਂ ਬੱਚੇ ਕੀ ਕਰਨ। ਅੱਜ ਕਿਸੇ ਵੀ ਪੜ੍ਹਦੇ ਬੱਚੇ ਨੂੰ ਪੁਛ ਲਵੋ ਕਿ ਪੜ੍ਹ ਕੇ ਕੀ ਬਣਨਾ ਤਾਂ ਇਕ ਹੀ ਜੁਵਾਬ ਹੁੰਦਾ ਪਲੱਸ ਟੂ ਕਰਕੇ ਆਇਲੈਟਸ ਕਰਨੀ ਤਾਂ ਬਾਹਰ ਕਨੇਡਾ ਚਲੇ ਜਾਣਾ, ਕਿਸੇ ਵੀ ਜਮਾਤ ਦੇ ਵਿਦਿਆਰਥੀ ਨੂੰ ਇਹ ਸਵਾਲ ਪੁੱਛ ਲਵੋ ਤਾਂ ਇਹੀ ਜਵਾਬ ਹੁੰਦਾ ਪਲੱਸ ਟੂ ਕਰਕੇ ਆਇਲੈਟਸ ਕਰਨੀ ਤਾਂ ਬਾਹਰ ਕਨੇਡਾ ਚਲੇ ਜਾਣਾ।
ਸਾਡੇ ਦੇਸ਼ ਵਿਚ ਗਰੀਬੀ ਰੇਖਾਂ ਤੋਂ ਥੱਲੇ ਰਹਿਣ ਵਾਲੇ ਲੋਕਾਂ ਦੀ ਗਿਣਤੀ ਜਿਆਦਾ ਹੈ,ਇਸ ਤਰ੍ਹਾਂ ਦੇ ਲੋਕ ਕਨੇਡਾ ਵਿਚ ਵੀ ਰਹਿੰਦੇ ਹਨ ਪਰ ਕਨੇਡਾ ਵਿਚ ਗਰੀਬੀ ਰੇਖਾ ਤੋਂ ਥੱਲੇ ਵਾਲੇ ਲੋਕਾਂ ਨੂੰ ਕਨੇਡਾ ਸਰਕਾਰ ਵਲੋਂ ਸਿਹਤ ਸਹੂਲਤਾਂ ਮੁਫਤ ਮਿਲ ਰਹੀਆਂ ਹਨ। ਕਨੇਡਾ ਗਰੀਬਾਂ ਦੀਆਂ ਸਹੂਲਤਾਂ ਵਿਚ ਪਿੱਛੇ ਨਹੀ ਹੈ, ਕਨੇਡਾ ਦੇ ਨਾਗਰਿਕ ਵਿਦਿਆਰਥੀਆਂ ਲਈ ਹਾਈ ਸਕੂਲ ਤੱਕ ਪੜ੍ਹਾਈ ਮੁਫਤ ਦਿੱਤੀ ਜਾਦੀ ਹੈ, ਕੋਈ ਵੀ ਫੀਸ ਬਗੈਰਾ ਨਹੀ ਲਈ ਜਾਂਦੀ। ਭਾਰਤ ਵਿਚ ਖੁੱਲੇ ਨਿਜੀ ਸਕੂਲਾਂ ਵਾਂਗ ਕਨੇਡਾ ਵਿਚ ਵੀ ਨਿਜੀ ਸਕੂਲ ਖੁੱਲ ਗਏ ਹਨ, ਜਿੱਥੇ ਸਿਰਫ ਅਮੀਰ ਲੋਕਾਂ ਦੇ ਬੱਚੇ ਹੀ ਪੜ੍ਹਦੇ ਹਨ ਕਿਉਕਿ ਸਾਡੇ ਦੇਸ਼ ਦੀ ਤਰ੍ਹਾਂ ਕਨੇਡਾ ਵਿਚ ਰਹਿਣ ਵਾਲਿਆ ਨੇ ਸਕੂਲਾਂ ਦੀਆਂ ਫੀਸਾਂ ਵੀ ਬਹੁਤ ਜਿਆਦਾ ਰੱਖੀਆਂ ਹੋਈਆਂ ਹਨ। ਪੰਜਾਬੀ ਲੋਕਾਂ ਨੇ ਵੀ ਕਨੇਡਾ ਦੀ ਧਰਤੀ ਤੇ ਖਾਲਸਾ ਸਕੂਲ ਖੋਲੇ ਹੋਏ ਹਨ, ਜਿੱਥੇ ਬੱਚਿਆਂ ਨੂੰ ਪੰਜਾਬੀ ਵੀ ਪੜ੍ਹਾਈ ਜਾਂਦੀ ਹੈ। ਕਨੇਡਾ ਦੇ ਬਹੁਤ ਸਾਰੇ ਸ਼ਹਿਰ ਇਹੋ ਜਿਹੇ ਹਨ, ਜਿੱਥੇ ਸਾਡੇ ਪੰਜਾਬੀਆਂ ਦੀ ਗਿਣਤੀ ਬਹੁਤ ਜਿਆਦਾ ਹੈ ਤਾਂ ਤੁਹਾਨੂੰ ਪਤਾ ਹੀ ਨਹੀ ਲੱਗਣਾ ਕਿ ਤੁਸੀ ਪੰਜਾਬ ਵਿਚ ਹੋ ਜਾਂ ਫਿਰ ਕਨੇਡਾ ਵਿਚ, ਕਿਉਕਿ ਉਥੇ ਰਹਿਣ ਵਾਲੇ ਸਾਡੇ ਭਾਈਚਾਰੇ ਦੇ ਲੋਕ ਆਮ ਪੰਜਾਬੀ ਬੋਲਦੇ ਹਨ, ਜੇ ਕਿਤੇ ਸਾਡੇ ਲੋਕ ਲੜਾਈ ਝਗੜਾ ਕਰਦੇ ਵੀ ਹਨ ਤਾਂ ਉਹਨਾਂ ਦੀਆਂ ਗਾਲ੍ਹਾਂ ਵੀ ਠੇਠ ਪੰਜਾਬੀ ਵਿਚ ਹੀ ਸੁਣਨ ਨੂੰ ਮਿਲਦੀਆਂ ਹਨ। ਹੁਣ ਤਾਂ ਸਾਡੇ ਪੰਜਾਬੀ ਭਾਈਚਾਰੇ ਨੇ ਬਹੁਤ ਸਾਰੇ ਮਾਲਜ, ਦੁਕਾਨਾਂ ਵੀ ਖੋਲ ਰੱਖੀਆਂ ਹਨ।ਜਿੱਥੋ ਜਰੂਰਤ ਮੁਤਾਬਿਕ ਹਰ ਪੰਜਾਬੀ ਚੀਜ਼ ਮਿਲ ਜਾਂਦੀ ਹੈ।ਉਹਨਾਂ ਦੁਕਾਨਾਂ ਤੇ, ਮਾਲਜ ਸਾਡੇ ਪੰਜਾਬੀ ਮੁੰਡੇ ਕੁੜੀਆਂ ਹੀ ਕੰਮ ਕਰਦੇ ਹਨ।
ਸੁਖ ਸਹੂਲਤਾਂ ਜਿਆਦਾ ਹੋਣ ਕਰਕੇ ਵੀ ਸਾਡੇ ਪੰਜਾਬੀ ਕਨੇਡਾ ਵਿਚ ਜਾਣਾ ਪਸੰਦ ਕਰਦੇ ਹਨ।ਸੁੱਖ ਸਹੂਲਤਾਂ ਜਰੂਰ ਕਨੇਡਾ ਵਿਚ ਮਿਲਦੀਆਂ ਹਨ ਪਰ ਉਹ ਸਹੂਲਤਾਂ ਕਿਹਨਾਂ ਨੂੰ ਤੇ ਕਿਸ ਤਰ੍ਹਾਂ ਮਿਲਦੀਆਂ ਹਨ ਉਹ ਸਿਰਫ ਕਨੇਡਾ ਵਿਚ ਰਹਿਣ ਵਾਲੇ ਹੀ ਜਾਣਦੇ ਹਨ,ਇਕ ਪੰਜਾਬੀ ਦੀ ਕਹਾਵਤ ਹੈ ਕਿ ਦੂਰ ਦੇ ਢੋਲ ਸੁਹਾਵਣੇ ਹੁੰਦੇ ਹਨ।ਉਹਨਾਂ ਦੀ ਸੱਚਾਈ ਇਹ ਹੈ ਕਿ ਜੋ ਕਨੇਡਾ ਵਿਚ ਇਹ ਸੁਖ-ਸਹੂਲਤਾਂ ਮਾਣਦੇ ਹਨ ਉਹਨਾਂ ਲੋਕਾਂ ਨੂੰ ਪਤਾ ਹੈ ਕਿ ਅਸੀ ਇਹ ਸੁੱਖ-ਸਹੂਲਤਾਂ ਲੈਣ ਵਾਸਤੇ ਕਿੰਨੇ ਸੰਘਰਸ਼ ਕਿੰਨੀਆਂ ਤਕਲੀਫਾਂ ਆਪਣੇ ਪਿੰਡੇ ਤੇ ਸਹਿਈਆਂ ਹਨ ਉਹਨਾਂ ਨੂੰ ਦਿਹਾੜੀ, ਤਨਖਾਹ ਜਾਂ ਜੋ ਵੀ ਉਹਨਾਂ ਨੂੰ ਕੰਮ ਕਰਨ ਦੇ ਬਦਲੇ ਮਿਲਦਾ ਸੀ ਉਹਦੇ ਵਿਚੋਂ ਉਹਨਾਂ ਦਾ ਟੈਕਸ ਦੇ ਰੂਪ ਵਿਚ ਪੈਸਾ ਕੱਟਿਆ ਜਾਂਦਾ ਸੀ, ਉਹਦੇ ਬਦਲੇ ਹੀ ਉਹ ਅੱਜ ਸੁਖ ਸਹੂਲਤਾਂ ਦਾ ਨਿੱਘ ਮਾਣ ਰਹੇ ਹਨ। ਕਨੇਡਾ ਵਿਚ ਪੜ੍ਹਣ ਗਏ ਵਿਦਿਆਰਥੀ ਤੇ ਕਨੇਡਾ ਵਿਚ ਆਮ ਘੁੰਮਣ ਗਏ ਲੋਕਾਂ ਨੂੰ ਇਹ ਸਹੂਲਤਾਂ ਨਹੀ ਮਿਲਦੀਆਂ। ਉਹਨਾਂ ਲੋਕਾਂ ਨੂੰ ਲਾਇਫ ਇੰਸ਼ੋਰੈਂਸ ਕਰਾਉਣੀ ਪੈਂਦੀ ਹੈ ਤਾਂ ਉਹ ਲੋਕ ਇਹ ਸਹੂਲਤ ਲੈ ਸਕਦੇ ਹਨ। ਵੈਸੇ ਕਨੇਡਾ ਵਿਚ ਇਲਾਜ਼ ਕਰਾਉਣਾ ਬੜਾ ਮਹਿੰਗਾ ਪੈਂਦਾ ਹੈ, ਇਕ ਵਾਰ ਡਾਕਟਰ ਦੇ ਕੋਲ ਜਾਣ ਤੇ 250 ਡਾਲਰ ਦੀ ਪਰਚੀ ਕਟਾਉਣੀ ਪੈਂਦੀ ਹੈ। ਦਵਾਈ ਦੀ ਪਰਚੀ ਵੱਖ ਹੁੰਦੀ ਹੈ। ਡਾਕਟਰ ਦੀ ਪਰਚੀ ਤੋਂ ਬਿੰਨਾਂ ਤੁਸੀ ਕਿਸੇ ਵੀ ਦਵਾਈਆਂ ਵਾਲੀ ਦੁਕਾਨ ਤੋਂ ਦਵਾਈ ਨਹੀ ਲੈ ਸਕਦੇ। ਕਨੇਡਾ ਦੇ ਵਸਨੀਕ ਨੂੰ ਵੀ ਆਪਣੀ ਛੋਟੀ ਮੋਟੀ ਬੀਮਾਰੀ ਦੇ ਲਈ ਆਪਣੇ ਫੈਮਲੀ ਡਾਕਟਰ ਕੋਲ ਹੀ ਜਾਣਾ ਪੈਂਦਾ ਹੈ। ਡਾਕਟਰ ਕੋਲ ਜਾਣ ਦੇ ਲਈ ਤੁਹਾਨੂੰ ਡਾਕਟਰ ਕੋਲੋ ਕੁਝ ਦਿਨ ਪਹਿਲਾਂ ਹੀ ਆਗਿਆ ਲੈਣੀ ਪੈਦੀ ਤਾਂ ਜਾ ਕੇ ਤੁਸੀ ਆਪਣੇ ਫੈਮਲੀ ਡਾਕਟਰ ਕੋਲੋ ਦਵਾਈ ਲੈ ਸਕਦੇ ਹੋ। ਡਾਕਟਰ ਕੋਲ ਜਦ ਮਰਜੀ ਚਲੇ ਜਾਓ ਤੁਹਾਨੂੰ ਡਾਕਟਰ ਦੇ ਕਲੀਨਿਕ ਤੇ ਭੀੜ ਦੀ ਲਾਇਨ ਲੱਗੀ ਮਿਲੇਗੀ। ਸਾਡੇ ਬਹੁਤੇ ਲੋਕ ਤਾਂ ਡਾਕਟਰ ਕੋਲ ਜਾਂਦੇ ਹੀ ਨਹੀ ਕਿਉਕਿ ਡਾਕਟਰ ਕੋਲ ਜਾਣ ਦੇ ਲਈ ਉਹਨਾਂ ਦੇ ਤਿੰਨ ਚਾਰ ਘੰਟੇ ਖਰਾਬ ਹੋ ਜਾਂਦੇ ਹਨ ਇਹਦੇ ਨਾਲ ਉਹਨਾਂ ਦੇ ਕੰਮ ਦਾ ਨੁਕਸਾਨ ਵੀ ਹੁੰਦਾ ਹੈ। ਉਥੇ ਰਹਿੰਦੇ ਲੋਕ ਜਿਆਦਾ ਕੰਮ ਨੂੰ ਪਹਿਲ ਦਿੰਦੇ ਹਨ। ਘਰ ਪਈ ਮਾੜੀ-ਮੋਟੀ ਦਵਾਈ ਖਾ ਕੇ ਹੀ ਕੰਮ ਤੇ ਜਾਣਾ ਪਸੰਦ ਕਰਦੇ ਹਨ।
ਜਿਹੜੇ ਲੋਕ ਕਨੇਡਾ ਵਿਚ ਬਹੁਤ ਚਿਰ ਪਹਿਲਾਂ ਗਏ ਹੋਏ ਹਨ ਉਹ ਬੁਢਾਪਾ ਪੈਂਨਸ਼ਨ ਵੀ ਲੈ ਰਹੇ ਹਨ।ਉਹਨਾਂ ਲੋਕਾਂ ਨੂੰ ਪੈਂਨਸ਼ਨ ਦੇ ਨਾਲ-ਨਾਲ ਦਵਾਈਆਂ, ਬੱਸ ਦਾ ਸਫਰ ਰੇਲ ਗੱਡੀ ਦਾ ਸਫਰ ਮੁਫਤ ਕਰਨ ਦੀ ਸਹੂਲਤ ਮਿਲਦੀ ਹੈ। ਬੁਢਾਪਾ ਪੈਂਨਸ਼ਨ ਲੈਣ ਵਾਲਿਆਂ ਦਾ ਕੁਝ ਨਾ ਮਾਤਰ ਪੈਸੇ ਦੇ ਕੇ ਬੱਸ ਜਾਂ ਰੇਲ ਗੱਡੀ ਦਾ ਇਕ ਸਾਲ ਲਈ ਪਾਸ ਬਣ ਜਾਂਦਾ ਹੈ। ਬਜੁਰਗ ਲੋਕ ਮੁਫਤ ਵਿਚ ਦਵਾਈਆਂ ਮਿਲਣ ਕਰਕੇ ਐਵੇਂ ਹੀ ਵਿਟਾਮਿਨ,ਕੈਲਸ਼ੀਅਮ ਜਾਂ ਛੋਟੀਆਂ ਮੋਟੀਆਂ ਬੀਮਾਰੀਆਂ ਦੀਆਂ ਹੀ ਦਵਾਈਆਂ ਲੈ ਕੇ ਖਾਈ ਜਾਂਦੇ ਹਨ।ਬੱਸ ਵਿਚ ਕਈ ਬਜੁਰਗਾਂ ਤੋਂ ਤਾਂ ਚੜਿਆ ਵੀ ਨਹੀ ਜਾਂਦਾ ਪਰ ਉਹ ਬੱਸਾਂ ਰੇਲ ਗੱਡੀਆਂ ਵਿਚ ਸਫਰ ਕਰਨਾ ਹੀ ਪਸੰਦ ਕਰਦੇ ਹਨ। ਬਿੰਨ੍ਹਾਂ ਲੋੜ ਤੇ ਸਫਰ ਕਰਨ ਨਾਲ ਬੱਸਾਂ ਰੇਲ ਗੱਡੀਆਂ ਵਿਚ ਭੀੜ ਵੀ ਵੱਧਦੀ ਹੈ। ਮੁਫਤ ਵਿਚ ਮਿਲਣ ਵਾਲੀ ਚੀਜ਼ ਦੀ ਹਰ ਪਾਸੇ ਦੁਰਵਰਤੋਂ ਹੋ ਰਹੀ ਹੈ। ਹਰੇਕ ਸਟੇਸ਼ਨ ਤੇ ਜਾਂ ਬੱਸ ਅੱਡੇ ਤੇ ਬਜੁਰਗ ਤੁਹਾਨੂੰ ਉਤਰਦੇ ਚੜਦੇ ਆਮ ਦੇਖਣ ਨੂੰ ਮਿਲ ਜਾਣਗੇ। ਜਿਵੇਂ ਸਾਡੇ ਦੇਸ਼ ਵਿਚ ਆਟਾ ਦਾਲ ਸਕੀਮ ਚੱਲ ਰਹੀ ਹੈ ਉਸ ਦੇ ਨਾਲ-ਨਾਲ ਲੋਕ ਨਿਕੰਮੇ ਹੁੰਦੇ ਜਾ ਰਹੇ ਹਨ।ਲੋਕ ਵਿਹਲੇ ਤੁਰੇ ਫਿਰਦੇ ਹਨ ਪਰ ਕਣਕ ਦੀ ਵਢਾਈ ਉਕਾ ਹੀ ਨਹੀ ਕਰਦੇ, ਦਿਹਾੜੀ ਨਹੀ ਕਰਨੀ, ਕਿਉ ਕਿ ਘਰ ਵਿਚ ਦਾਲ ਆਟਾ ਹੈ ਰੋਟੀ ਤਾਂ ਮਿਲ ਹੀ ਜਾਣੀ ਹੈ। ਮੁਫਤ ਚੀਜਾਂ ਮਿਲਣ ਦੇ ਨਾਲ ਨਾਲ ਕਈ ਮਾੜੇ ਪੈਦੇ ਪ੍ਰਭਾਵਾਂ ਨੂੰ ਵੀ ਦੇਖਣਾ ਚਾਹੀਦਾ ਹੈ।
ਕਨੇਡਾ ਵਿਚ ਜਿੰਦਗੀ ਜਿਉਣ ਦਾ ਢੰਗ ਕੁਝ ਵੱਖਰਾ ਹੀ ਹੈ।ਕਨੇਡਾ ਵਿਚ ਤੁਰੇ ਜਾਂਦੇ ਕਿਸੇ ਨੂੰ ਵੀ ਪੁੱਛ ਲਵੋ ਕਿਥੇ ਚੱਲਿਆਂ ਤਾਂ ਹਰੇਕ ਦੇ ਮੂੰਹੋ ਇਕ ਹੀ ਗੱਲ ਸੁਣੋਗੇ, ਕੰਮ ਤੇ ਚੱਲਿਆਂ, ਕੰਮ ਤੋਂ ਆਇਆ ਹਾਂ। ਪੰਜਾਬੀ ਭਾਈਚਾਰੇ ਦੇ ਲੋਕ ਤਾਂ ਬਾਰਾਂ-ਬਾਰਾਂ, ਪੰਦਰਾਂ-ਪੰਦਰਾਂ ਘੰਟੇ ਕੰਮ ਕਰ ਰਹੇ ਹਨ। ਗੋਰੇ ਲੋਕ ਵੀ ਸਾਡੇ ਲੋਕਾਂ ਦੇ ਨਾਲ ਹੀ ਕੰਮ ਕਰਦੇ ਹਨ। ਉਹ ਲੋਕ ਆਪਣੇ ਮਿੱਥੇ ਹੋਏ ਸਮੇਂ ਦੇ ਹਿਸਾਬ ਨਾਲ ਕੰਮ ਕਰਦੇ ਹਨ। ਉਹ ਪੰਜ ਦਿਨ ਡੱਟ ਕੇ ਕੰਮ ਕਰਦੇ ਹਨ ਅਤੇ ਸ਼ਨੀਵਾਰ ਐਤਵਾਰ ਦੋ ਦਿਨ ਉਹ ਪੂਰੀ ਮੌਜ਼ ਮਸਤੀ ਕਰਦੇ ਹਨ।ਸਮੁੰਦਰ ਦੇ ਕੰਢੇ ਜਾ ਕੇ ਪੂਰਾ ਪੂਰਾ ਦਿਨ ਬੈਠ ਕੇ ਆਨੰਦ ਲੈਦੇ ਹਨ। ਪੂਰੀ ਮੌਜ਼ ਮਸਤੀ ਕਰਦੇ ਹਨ, ਜੋ ਪੰਜ ਦਿਨ ਵਿਚ ਕਮਾਇਆ ਹੋਇਆ ਧੰਨ ਹੁੰਦਾ ਹੈ, ਬਸ ਦੋ ਦਿਨ ਵਿਚ ਖਤਮ ਕਰ ਦਿੰਦੇ ਹਨ।ਸਾਡੇ ਪੰਜਾਬੀ ਲੋਕ ਹਫਤੇ ਦੇ ਸੱਤ ਦਿਨ ਹੀ ਕੰਮ ਵਿਚ ਕੱਢ ਦਿੰਦੇ ਹਨ। ਹਫਤੇ ਵਿਚ ਹੁੰਦੇ ਹੀ ਸੱਤ ਦਿਨ, ਜੇ ਕਿਤੇ ਹਫਤੇ ਵਿਚ ਜਿਆਦਾ ਹੁੰਦੇ ਤਾਂ ਇਹਨਾਂ ਨੇ ਘਰ ਆਉਣਾ ਹੀ ਨਹੀ ਸੀ। ਪੰਜਾਬੀ ਲੋਕ ਜਿਆਦਾਤਰ ਉਥੇ ਚੌਕੀਦਾਰ ਦੀ ਡਿਉਟੀ ਕਰਦੇ ਹਨ। ਬਹੁਤੇ ਬਜੁਰਗ ਜੋੜੇ ਤਾਂ ਮਈ ਤੋਂ ਸਤੰਬਰ ਵਿਚ ਹੀ ਜਾਂਦੇ ਹਨ ਤਾਂ ਆਪਣੀ ਸਾਰੇ ਸਾਲ ਦੀ ਕਮਾਈ ਕਰ ਲੈਦੇ ਹਨ ਉਹ ਇਹਨਾਂ ਦਿਨਾਂ ਵਿਚ ਖੇਤਾਂ ਵਿਚ ਬੇਰ ਤੋੜਣ ਦਾ ਕੰਮ ਕਰਦੇ ਹਨ। ਹੁਣ ਵਿਦਿਆਰਥੀਆਂ ਦੇ ਮਾਂ ਪਿਓ ਕਨੇਡਾ ਬਹੁਤ ਜਾ ਰਹੇ ਹਨ, ਉਹਨਾਂ ਨੂੰ ਭਾਂਵੇ ਕੰਮ ਕਰਨ ਦੀ ਇਜਾਜਤ ਨਹੀ ਹੈ ਪਰ ਸਾਡੇ ਪੰਜਾਬੀ ਕੋਈ ਨਾ ਕੋਈ ਜੁਗਾੜ ਲਗਾ ਹੀ ਲੈਦੇ ਹਨ। ਵਿਜ਼ਟਰ ਵੀਜਾ ਵਾਲਿਆਂ ਲਈ ਕੰਮ ਕਰਨ ਦਾ ਕੋਈ ਅਧਿਕਾਰ ਨਹੀ ਹੈ, ਪਰ ਸਰਕਾਰ ਤੋਂ ਚੋਰੀ-ਛੁਪੇ ਸੱਭ ਕੁਝ ਚੱਲਦਾ ਹੈ। ਵਿਜਟਰ ਵੀਜਾ ਦਰਆਸਲ ਘੁੰਮਣ ਫਿਰਨ ਦੇ ਲਈ ਹੀ ਮਿਲਦਾ ਹੈ, ਪਰ ਸਾਡੇ ਪੰਜਾਬੀ ਪਹਿਲਾਂ ਹੀ ਜੁਗਾੜ ਲਾਈ ਬੈਠੇ ਹੁੰਦੇ ਹਨ।ਕਈ ਵਿਜ਼ਟਰ ਵੀਜਾ ਵਾਲਿਆ ਨੂੰ ਤਾਂ ਇਹ ਬੋਲਦੇ ਵੀ ਸੁਣਿਆ ਹੈ ਕਿ ਇਕ ਵਾਰੀ ਕਨੇਡਾ ਦੀ ਧਰਤੀ ਤੇ ਪੈਰ ਰੱਖਣ ਨੂੰ ਜਗ੍ਹਾ ਮਿਲ ਜਾਏ ਫਿਰ ਨਹੀ ਮੈਂ ਵਾਪਸ ਆਉਦਾ। ਇਹ ਸਾਡੇ ਪੰਜਾਬੀਆਂ ਦੇ ਦਿਮਾਗ ਵਿਚ ਪੱਕੀ ਤਰ੍ਹਾਂ ਵਸਿਆ ਹੋਇਆ ਹੈ ਕਿ ਕਿਹੜਾ ਜੁਗਾੜ ਕਿੱਥੇ ਲਗਾਉਣਾ ਹੈ।
ਕਨੇਡਾ ਦੀ ਸਰਕਾਰ ਜੋ ਵਿਕਾਸ ਕਰਾਉਦੀ ਹੈ ਉਹ ਉਥੌ ਆਉਣ ਵਾਲੇ ਟੈਕਸਾ ਨਾਲ ਹੀ ਚਲਦਾ ਹੈ। ਕਨੇਡਾ ਵਿਚ ਰਹਿੰਦਾ ਹਰ ਆਦਮੀ ਭਾਂਵੇ ਉਹ ਲੇਬਰ ਦਾ ਕੰਮ ਕਰਦਾ ਜਾਂ ਕੋਈ ਅਫਸਰ ਲੱਗਿਆ ਹੋਇਆ ਹੈ ਸੱਭ ਨੂੰ ਟੈਕਸ ਦੇਣਾ ਹੀ ਪੈਦਾ ਹੈ। ਉਥੋਂ ਦੀ ਸਰਕਾਰ ਦੀ ਟੈਕਸ ਪ੍ਰਣਾਲੀ ਬਹੁਤ ਹੀ ਸਾਫ ਸੁਥਰੀ ਹੈ।ਹਰ ਕੰਮ ਕਰਨ ਵਾਲੇ ਵਿਆਕਤੀ ਨੂੰ 10% ਤੋਂ ਲੈ ਕੇ 35% ਤੱਕ ਟੈਕਸ ਦੇਣਾ ਪੈਂਦਾ ਹੈ। ਉਸ ਵਿਚ ਕੋਈ ਚੋਰੀ ਨਹੀ ਹੈ। ਜਿਸ ਏਰੀਏ ਵਿਚ ਤੁਸੀ ਰਹਿੰਦੇ ਹੋ ਉਸ ਅੰਦਰ ਕਿੰਨੇ ਸਰਕਾਰ ਦੇ ਕੰਮ ਚੱਲਦੇ ਹਨ ਉਨਾਂ ਦੇ ਹਿਸਾਬ ਦੇ ਨਾਲ ਤੁਹਾਨੂੰ ਟੈਕਸ ਦੇਣਾ ਪਏਗਾ। ਜੇਕਰ ਕੋਈ ਤੁਹਾਡੇ ਏਰੀਏ ਵਿਚ ਨਵਾ ਕੰਮ ਸ਼ੁਰੂ ਹੋਇਆ ਹੈ ਤਾਂ ਉਸ ਦਾ ਟੈਕਸ ਵੀ ਤੁਹਾਡੇ ਤੋਂ ਹੀ ਵਸੂਲਿਆ ਜਾਵੇਗਾ। ਹਰ ਮਹੀਨੇ ਦੀ ਤਨਖਾਹ ਵਿਚੋ ਟੈਕਸ ਕੱਟ ਕੇ ਬਾਕੀ ਦੀ ਰਕਮ ਤੁਹਾਨੂੰ ਤਨਖਾਹ ਦੇ ਰੂਪ ਵਿਚ ਦਿੱਤੀ ਜਾਵੇਗੀ। ਅਨੇਕਾਂ ਹੀ ਕਿਸਮ ਦੇ ਟੈਕਸ ਕੱਟਦੇ ਹਨ ਮੁਫਤ ਵਿਚ ਸਹੂਲਤਾਂ ਕੋਈ ਨਹੀ ਦਿੰਦਾ ਇਹ ਤੁਹਾਡੇ ਕੱਟੇ ਹੋਏ ਟੈਕਸ ਵਿਚੋ ਹੀ ਸੱਭ ਕੁਝ ਮੁਫਤ ਮਿਲ ਰਿਹਾ ਹੈ।ਦੂਸਰਿਆਂ ਨੂੰ ਲੱਗਦਾ ਹੈ ਕਿ ਮੁਫਤ ਦੀਆਂ ਸਹੂਲਤਾਂ ਮਿਲ ਰਹੀਆਂ ਹਨ। ਜੋ ਲੋਕ ਬੁਢਾਪਾ ਪੈਂਨਸ਼ਨ ਲੈ ਰਹੇ ਹਨ ਉਹਨਾਂ ਨੂੰ ਪੁੱਛ ਕੇ ਦੇਖੋ ਕਿ ਬੁਢਾਪਾ ਪੈਨਸ਼ਨ ਤੁਹਾਨੂੰ ਕਿਵੇ ਮਿਲੀ ਹੈ। ਉਹ ਪੈਨਸ਼ਨ ਦੇ ਹੱਕਦਾਰ ਤਾਂ ਬਣੇ ਕਿ ਉਹਨਾਂ ਨੇ ਘੱਟੋ ਘੱਟ 30-35 ਸਾਲ ਉਥੇ ਕੰਮ ਕੀਤਾ ਆਪਣੇ ਸਰੀਰ ਤੇ ਬਹੁਤ ਸਾਰੇ ਕਸ਼ਟ ਝੱਲੇ, ਮੀਂਹ ਕਣੀ ਨਹੀ ਦੇਖਿਆ, ਧੱਪ ਛਾਂ ਨਹੀ ਦੇਖੀ, ਮੀਂਹ ਝੱਖੜ ਵਿਚ ਵੀ ਆਪਣੇ ਕੰਮਾਂ ਤੇ ਡੱਟੇ ਰਹੇ, ਕਈਆਂ ਨੇ ਤਾਂ ਆਪਣੇ ਕੰਮਾਂ ਦੇ ਚੱਕਰ ਵਿਚ ਆਪਣੇ ਸਾਕ-ਸਬੰਧੀ ਵੀ ਗੁਆ ਲਏ, ਤਾਂ ਜਾ ਕੇ ਉਹ ਪੈਨਸ਼ਨ ਲੈਣ ਦੇ ਹੱਕਦਾਰ ਹੋਏ ਹਨ।
ਕਨੇਡਾ ਦੀ ਸਰਕਾਰ ਜੋ ਵੀ ਕੰਮ ਕਰਦੀ ਹੈ ਉਹ ਕਨੂੰਨ ਦੇ ਦਾਇਰੇ ਵਿਚ ਰਹਿ ਕੇ ਹੀ ਕਰਦੀ ਹੈ।ਰਿਸ਼ਵਤ ਹੈ ਸਹੀ ਪਰ ਨਾ ਮਾਤਰ ਹੀ ਹੈ,ਇੱਕਾ ਦੁੱਕਾ ਜੇ ਕੋਈ ਰਿਸ਼ਵਤ ਲੈ ਵੀ ਲੈਦਾ ਹੈ ਤਾਂ ਉਹ ਜਲਦੀ ਹੀ ਕਨੂੰਨ ਦੇ ਛਿਕੱਜ਼ੇ ਵਿਚ ਫਸ ਜਾਂਦਾ ਹੈ। ਲੋੜ ਪੈਣ ਤੇ ਉਥੇ ਦੀ ਪੁਲਿਸ ਨੂੰ ਫੋਨ ਕਰੋ ਜਦੇ ਹੀ ਹਰਕਤ ਵਿਚ ਆ ਜਾਂਦੀ ਹੈ।ਕਿਸੇ ਦੇ ਘਰ ਚੋਰੀ ਹੋ ਜਾਏ ਜਾਂ ਕੋਈ ਹੋਰ ਹਾਦਸਾ ਹੋ ਜਾਏ, ਪੰਜਾਬ ਵਾਂਗ ਨਹੀ ਕਿ ਉਹਨਾਂ ਦਾ ਪਿੱਛਾ ਕਰਨਾ ਜਾਂ ਪੰਜ ਸੱਤ ਸ਼ੱਕੀ ਫੜ ਕੇ ਥਾਣੇ ਨੱਪ ਦੇਣੇ, ਬਿਲਕੁਲ ਨਹੀ, ਉਥੇ ਹਰ ਜਗ੍ਹਾ ਕੈਮਰੇ ਲੱਗੇ ਹੋਏ ਹਨ,ਉਹਨਾਂ ਦੀ ਮਦਦ ਨਾਲ ਹੀ ਪੈਰਵੀ ਕਰਦੇ ਹਨ। ਕੇਸ ਉਹਨਾਂ ਨੇ ਉਦੋਂ ਹੀ ਦਰਜ ਕਰ ਲੈਣਾ ਹੈ ਪਰ ਤਫਤੀਸ ਮੁਲਜ਼ਮ ਦੇ ਫੜੇ ਜਾਣ ਤੇ ਹੀ ਕਰਦੇ ਹਨ। ਉਹਦੇ ਵਿਚ ਕਿਸੇ ਦੀ ਵੀ ਦਖਲ-ਅੰਦਾਜ਼ੀ ਨਹੀ ਹੁੰਦੀ ਅਤੇ ਨਾ ਹੀ ਕਿਸੇ ਦੀ ਸ਼ਿਫਾਰਸ਼ ਚਲਦੀ ਹੈ, ਸਿਆਸੀ ਦਬਾਅ ਕੋਈ ਨਹੀ ਹੁੰਦਾ।ਔਰਤ ਦੀ ਕਨੇਡਾ ਵਿਚ ਬੰਦਿਆਂ ਨਾਲੋ ਵੱਧ ਸੁਣੀ ਜਾਂਦੀ ਹੈ।ਘਰਾਂ ਦੇ ਝਗੜਿਆ ਵਿਚ ਵੀ ਔਰਤ ਦਾ ਪੱਖ ਜਿਆਦਾ ਸਣਿਆ ਜਾਂਦਾ ਹੈ। ਕਈ ਵਾਰ ਤਾਂ ਘਰੇਲੂ ਝਗੜਿਆ ਵਿਚ ਔਰਤ ਦਾ ਪੱਖ ਲੈਦੀ ਪੁਲਿਸ ਬੰਦੇ ਨੂੰ ਵੀ ਘਰੋ ਕੱਢ ਦਿੰਦੀ ਹੈ।ਘਰੇਲੂ ਝਗੜੇ ਅਕਸਰ ਕਨੇਡਾ ਵਿਚ ਚੱਲਦੇ ਹੀ ਰਹਿੰਦੇ ਹਨ, ਬਹੁ-ਗਿਣਤੀ ਵਿਚ ਵਿਆਹੇ ਹੋਏ ਜੋੜੇ ਕਨੇਡਾ ਵਿਚ ਵੱਖ-ਵੱਖ ਹੀ ਰਹਿੰਦੇ ਹਨ ਅਤੇ ਬੱਚੇ ਹਮੇਸ਼ਾਂ ਹੀ ਔਰਤ ਦੇ ਕੋਲ ਹੀ ਰਹਿੰਦੇ ਦੇਖੇ ਗਏ ਹਨ, ਬਾਲਗ ਹੋਣ ਤੋਂ ਬਾਅਦ ਬੱਚਿਆਂ ਦੀ ਮਰਜ਼ੀ ਉਤੇ ਨਿਰਭਰ ਕਰਦਾ ਹੈ ਕਿ ਉਹਨਾਂ ਨੇ ਮਾਂ ਕੋਲ ਰਹਿਣਾ ਹੈ ਜਾਂ ਬਾਪ ਕੋਲ ਰਹਿਣਾ ਹੈ। ਆਮ ਦੇਖਿਆ ਗਿਆ ਹੈ ਕਿ ਮੁੰਡੇ ਕੋਲ ਮੁੰਡੇ ਦੇ ਮਾਂ ਪਿਓ ਰਹਿੰਦੇ ਹਨ ਤੇ ਕੁੜੀ ਦੇ ਕੋਲ ਕੁੜੀ ਦੇ ਮਾਂ ਬਾਪ ਰਹਿੰਦੇ ਹਨ। ਸਕੂਲ ਵਿਚ ਦੇਖ ਲਈਏ ਤਾਂ ਅਕਸਰ ਬੱਚਿਆਂ ਦੇ ਨਾਨਾ ਨਾਨੀ ਜਾਂ ਦਾਦਾ ਦਾਦੀ ਹੀ ਬੱਚਿਆ ਨੂੰ ਛੱਡਣ ਤੇ ਲੈਣ ਲਈ ਆਉਦੇ ਦੇਖੇ ਗਏ ਹਨ।
ਬਾਕੀ ਦੇਸ਼ਾਂ ਵਾਂਗ ਕਨੇਡਾ ਵੀ ਦੂਸਰੇ ਦੇਸ਼ਾਂ ਤੋਂ ਸਸਤੇ ਰੇਟ ਵਿਚ ਮਜ਼ਦੂਰ ਮੰਗਵਾ ਕੇ ਖੁਸ਼ ਹੈ। ਸਾਡੇ ਪੰਜਾਬੀ ਕਨੇਡਾ ਜਾ ਕੇ ਮਜ਼ਦੂਰੀ ਕਰਨੀ ਬਹੁਤ ਪਸੰਦ ਕਰਦੇ ਹਨ। ਸਸਤੇ ਰੇਟ ਤੇ ਸਾਰੀ ਉਮਰ ਉਹਨਾਂ ਤੋਂ ਵੱਖ ਵੱਖ ਤਰੀਕਿਆ ਨਾਲ ਕੰਮ ਲਿਆ ਜਾਦਾ ਹੈ। ਇਸ ਦੇ ਬਦਲੇ ਥੋੜੀਆਂ ਬਹੁਤੀਆਂ ਸਹੂਲਤਾ ਦੇ ਕੇ ਉਥੋਂ ਦੇ ਵਸ਼ਿੰਦੇ ਸਾਡੇ ਮਜ਼ਦੂਰਾਂ ਦਾ ਸ਼ੋਸ਼ਣ ਕਰ ਰਹੇ ਹਨ।ਸਾਡੇ ਪੰਜਾਬੀਆ ਨੇ ਵੀ ਬਹੁਤ ਵੱਡੇ-ਵੱਡੇ ਮਾਲਜ, ਟਰਾਸਪੋਰਟ, ਰੈਸਟੋਰੈਟ ਆਦਿ ਖੋਲੇ ਹੋਏ ਹਨ ਉਹ ਸਾਡੇ ਪੰਜਾਬੀਆ ਦਾ ਵੱਧ ਸ਼ੋਸ਼ਣ ਕਰਦੇ ਹਨ , ਕਿਉਕਿ ਉਹਨਾਂ ਨੂੰ ਆਪਣੇ ਲੋਕਾਂ ਦਾ ਪਤਾ ਹੈ ਕਿ ਇਹ ਕੁਝ ਬੋਲ ਨਹੀ ਸਕਦੇ, ਅੱਜ ਦੀ ਤਰੀਕ ਵਿਚ ਸਭ ਤੋਂ ਵੱਧ ਸਾਡੇ ਦੇਸ਼ ਤੋਂ ਗਏ ਨਵੇ ਮੁੰਡੇ ਕੁੜੀਆਂ ਦਾ ਸੌਸ਼ਣ ਹੋ ਰਿਹਾ ਹੈ। ਬੱਚੇ ਪੜਣ ਵਾਸਤੇ ਗਏ ਹੁੰਦੇ ਹਨ, ਉਹਨਾਂ ਨੇ ਆਪਣੀਆਂ ਫੀਸਾ ਵੀ ਕੱਢਣੀਆਂ ਹੁੰਦੀਆਂ। ਕੰਮ ਕਰਨਗੇ ਤਾਂ ਹੀ ਫੀਸਾਂ ਦੇ ਪਾਉਣਗੇ।ਇਸੇ ਕਰਕੇ ਹੀ ਉਹ ਇਸ ਗੁਲਾਮੀ ਨੂੰ ਚੁੱਪ-ਚੁਪੀਤੇ ਸਈ ਜਾ ਰਹੇ ਹਨ, ਇਸ ਤੋਂ ਇਲਾਵਾ ਉਹਨਾਂ ਦੇ ਕੋਲ ਕੋਈ ਦੂਸਰਾ ਬਦਲ ਨਹੀ ਹੁੰਦਾ, ਤੇ ਉਹ ਚਾਹੁੰਦੇ ਹੋਏ ਵੀ ਗੁਲਾਮੀ ਦੇ ਵਿਰੁਧ ਅਵਾਜ਼ ਉਠਾਉਣ ਦੇ ਵਿਚ ਬੇਬੱਸ ਹੁੰਦੇ ਹਨ, ਤੇ ਬੜੀ ਮੁਸ਼ਕਲ ਨਾਲ ਆਪਣੀ ਪੜ੍ਹਾਈ ਪੂਰੀ ਕਰਦੇ ਹੋਏ ਵਰਕ ਪਰਮਿੰਟ ਦੇ ਹੱਕਦਾਰ ਹੁੰਦੇ ਹਨ ਬਸ ਫਿਰ ਕੀ ਕੋਹਲੂ ਦੇ ਬਲਦ ਬਣ ਜਾਂਦੇ ਹਨ, ਗੱਡੀ ਕਿਸ਼ਤਾਂ ਦੇ ਲੈ ਲਈ, ਘਰ ਕਿਸ਼ਤਾਂ ਤੇ ਲੈ ਲਿਆ,ਕਰੈਡਿਟ ਕਾਰਡ ਇਕ ਦੋ ਹਰ ਬੰਦਾ ਬਣਾ ਹੀ ਲੈਦਾ ਹੈ, ਬਸ ਉਹਨਾਂ ਦੀਆਂ ਕਿਸ਼ਤਾਂ ਵਿਚ ਹੀ ਆਪਣੇ ਆਪ ਨੂੰ ਘਣ ਚੱਕਰ ਬਣਾ ਲੈਦੇ ਹਨ।ਮਜ਼ਦੂਰ ਜਮਾਤ ਲਾਲਚ ਦੇ ਚੱਕਰ ਵਿਚ ਓਵਰ-ਟਾਇਮ ਦੇ ਰੂਪ ਵਿਚ ਵਾਧੂ ਛੇ ਛੇ-ਸੱਤ ਸੱਤ ਘੰਟੇ ਕੰਮ ਕਰਦੇ ਹਨ, ਇਸ ਤਰ੍ਹਾਂ, ਸੌਣ ਦੇ ਲਈ ਤੇ ਜਰੂਰੀ ਕੰਮਾਂ ਦੇ ਲਈ ਉਹਨਾਂ ਦੇ ਕੋਲ ਬਹੁਤ ਘੱਟ ਸਮ੍ਹਾਂ ਬਚਦਾ ਹੈ।ਕਈ ਵਾਰ ਤਾਂ ਉਹ ਲੋਕ ਮਾਨਸਿਕ ਰੋਗੀ ਹੀ ਬਣ ਜਾਦੇ ਹਨ ਤੇ ਨਸ਼ਾਂ ਕਰਨ ਦੀ ਆਦਤ ਪਾਲ੍ਹ ਲੈਦੇ ਹਨ। ਦਿਮਾਗ ਉਤੇ ਜਿਆਦਾ ਬੋਝ ਹੋਣ ਕਰਕੇ ਕੁੜੀਆਂ ਮੁੰਡੇ ਜਵਾਨੀ ਵਿਚ ਹੀ ਡਰੱਗ ਲੈਣਾ ਸ਼ੁਰੂ ਕਰ ਦਿੰਦੇ ਹਨ। ਇਸ ਤੋਂ ਬਾਅਦ ਗੈਗ ਗਰੁਪ ਬਣਨੇ ਸ਼ੁਰੂ ਹੋ ਜਾਂਦੇ ਹਨ। ਸਾਡੇ ਪੰਜਾਬੀਆਂ ਨੇ ਉਥੇ ਬਹੁਤ ਵਧੀਆ ਕੰਮ ਸੈਟ ਕੀਤੇ ਹੋਏ ਹਨ ਟਰਾਂਸਪੋਰਟ ਦਾ ਕੰਮ ਤਕਰੀਬਨ ਸਾਡੇ ਪੰਜਾਬੀਆ ਨੇ ਸੰਭਾਲ ਰੱਖੇ ਹਨ,ਖੇਤੀ ਦਾ ਕੰਮ ਵੀ ਬਹੁਤ ਸਾਰੇ ਪੰਜਾਬੀਆਂ ਨੇ ਸਾਂਭ ਰੱਖਿਆ ਹੈ ਜਿੰਨਾਂ ਵਿਚ ਜਿਆਦਾਤਰ ਬਲੂ ਬੇਰੀ ਦੀ ਖੇਤੀ ਕਰਦੇ ਹਨ, ਪੰਜਾਬੀ ਮੁੰਡੇ ਅੱਜ ਕਲ ਤਾਂ ਟੈਕਸੀ ਜਾਂ ਟਰਾਲੇ ਦਾ ਵੀ ਕੰਮ ਬਹੁ-ਗਿਣਤੀ ਵਿਚ ਕਰ ਲੱਗ ਪਏ ਹਨ। ਪੰਜਾਬ ਵਾਂਗ ਤਵੇ ਤੋਂ ਲਹਿੰਦੀ-ਲਹਿੰਦੀ ਰੋਟੀ ਤਾਂ ਕਨੇਡਾ ਵਿਚ ਨਹੀ ਮਿਲਦੀ, ਉਥੇ ਤਾਂ ਘੱਟੋ-ਘੱਟ ਇਕ ਦਿਨ ਦਾ ਬੇਹਾ ਤੇ ਠੰਢਾ ਖਾਣਾ ਹੀ ਖਾਣਾ ਪੈਂਦਾ ਹੈ। ਜਦ ਕਿ ਸਾਡੇ ਲੋਕ ਮਿਹਨਤ ਮਜ਼ਦੂਰੀ ਕਰਦੇ ਹਨ ਤਾਂ ਕਨੇਡਾ ਸਰਕਾਰ ਨੂੰ ਟੈਕਸ ਦਿੰਦੇ ਹਨ, ਇਹਦੇ ਨਾਲ ਹੀ ਕਨੇਡਾ ਦਾ ਵਿਕਾਸ ਹੁੰਦਾ ਹੈ ਅਤੇ ਉਥੋਂ ਦੇ ਕਾਰਖਾਨੇ ਚੱਲਦੇ ਰਹਿੰਦੇ ਹਨ।
ਜਿਹੜੇ ਲੋਕ ਕਨੇਡਾ ਘੁੰਮਣ ਦੇ ਲਈ ਜਾਂਦੇ ਹਨ ਉਹਨਾਂ ਦੇ ਲਈ ਕਨੇਡਾ ਵਿਚ ਘੁੰਮਣ ਵਾਸਤੇ ਬਹੁਤ ਸਾਰੀਆਂ ਥਾਵਾਂ ਹਨ।ਤੁਸੀ ਕਿਹੜੇ ਸਹਿਰ ਗਏ ਹੋ ਜਾਂ ਤਾਂ ਉਥੇ ਰਹਿੰਦੇ ਕਿਸੇ ਪੁਰਾਣੇ ਵਸ਼ਿੰਦੇ ਨੂੰ ਪੁੱਛ ਲਵੋ ਕਿ ਇਥੇ ਅਸੀ ਘੁੰਮ ਫਿਰ ਕੇ ਕੀ ਕੀ ਦੇਖ ਸਕਦੇ ਹਾਂ ਜਾਂ ਫਿਰ ਮੈਪ ਵਿਚ ਸਰਚ ਕਰ ਲਵੋ ਤਾਂ ਕਿ ਤੁਹਾਨੂੰ ਘੁੰਮਣ ਵਿਚ ਕੋਈ ਪ੍ਰੇਸ਼ਾਨੀ ਨਾ ਆਵੇ।ਜੇਕਰ ਤੁਸੀ ਅਨਟਾਰੀਓ, ਟਰਾਂਟੋ, ਸਰੀ, ਵੈਨਕੋਵਰ, ਕਿਚਨਰ, ਸਕੈਚਵੈਨ, ਕੈਲਗਿਰੀ, ਸਕਾਰਵੋ, ਸਹਿਰ ਵਿਚ ਗਏ ਹੋ ਤਾਂ ਉਥੇ ਤੁਹਾਨੂੰ ਪੰਜਾਬੀ ਬੋਲਣ ਦੀ ਜਾਂ ਸਮਝਣ ਦੀ ਕੋਈ ਸਮੱਸਿਆ ਨਹੀ ਆਵੇਗੀ ਜਿਆਦਾਤਰ ਹਰ ਪਾਸੇ ਤੁਹਾਨੂੰ ਪੰਜਾਬੀ ਮਿਲੇਗਾ, ਨਿਆਗਰਾ ਇਕ ਛੋਟਾ ਜਿਹਾ ਸ਼ਹਿਰ ਹੈ ਪਰ ਦੁਨੀਆ ਵਿਚ ਮਸ਼ਹੂਰ ਹੈ “ਨਿਆਗਰਾ ਫਾਲ” ਤੁਸੀ ਅਨਟਾਰੀਓ ਗਏ ਹੋ ਤਾਂ ਉਥੇ ਬਹੁਤ ਨੇੜੇ ਹੀ ਹੈ ਜਰੂਰ ਦੇਖਣਾ। ਨਿਆਗਰਾ ਫਾਲ ਬਾਰੇ ਕੁਝ ਇਸ ਤਰਾਂ ਲਿਖਿਆ ਗਿਆ ਹੈ।
ਕਨੇਡਾ ਵਿਚ ਪੈਂਦਾ ਨਿਆਗਰਾ ਫਾਲਸਜ਼ ਦੁਨੀਆ ਦੀ ਸੱਭ ਤੋਂ ਵੱਡੀ ਸੈਰਗਾਹ ਹੈ। ਨਿਆਗਰਾ ਰੱਖ ਰਖਾਵ ਦੀ ਸੂਚਨਾ ਮੁਤਾਬਕ ਦੁਨੀਆਂ ਭਰ ਤੋਂ ਹਰ ਸਾਲ ਇਕ ਕਰੋੜ ਸੈਲਾਨੀ ਇਸ ਨੂੰ ਦੇਖਣ ਆਉਦੇ ਹਨ, ਦੁਨੀਆਂ ਦੀ ਹਰ ਕਿਸੇ ਵੀ ਸੈਰਗਾਹ ਦੇ ਮੁਕਾਬਲੇ ਸੈਲਾਨੀਆਂ ਦੀ ਗਿਣਤੀ ਇਹ ਬਹੁਤ ਜਿਆਦਾ ਹੈ। ਕਨੇਡਾ ਅਮਰੀਕਾ ਦੀ 1812 ਦੀ ਫੈਸਲਾਕੁੰਨ ਲੜਾਈ ਏਸੇ ਥਾਂ ‘ਤੇ ਹੋਈ ਸੀ। ਇਹ ਉਹ ਲੜਾਈ ਸੀ ਜਿਸ ਨੇ ਕਨੇਡਾ ਦੀ ਤਕਦੀਰ ਬਦਲ ਦਿੱਤੀ।
ਨਿਆਗਰਾ ਫਾਲਜ਼ ਕਨੇਡਾ ਦੀ ਧਰਤੀ ‘ਤੇ ਸਦੀਆਂ ਤੋਂ ਵਹਿ ਰਿਹਾ ਹੈ। ਦਰਿਆ ਦਾ ਇਹ ਕੰਢਾ ਜੰਗ ਦਾ ਸਥਾਨ ਹੋਣ ਕਰਕੇ ਅਤੇ ਦਰਿਆ ਦਾ ਬਹੁਤ ਤੇਜ਼ ਵਹਾਅ ਹੋਣ ਕਰਕੇ ਆਸ ਪਾਸ ਦੀ ਧਰਤੀ ਨੂੰ ਬਚਾਉਣ ਲਈ ਕਨੇਡਾ ਸਰਕਾਰ ਨੇ 1885 ਵਿਚ ਵਰਤਮਾਨ ਨਿਆਗਰਾ ਪਾਰਕ ਨੂੰ ਸੈਰਗਾਹ ਵਜੋਂ ਸਥਾਪਤ ਕੀਤਾ ਸੀ।ਇਹ ਪਾਰਕ 56 ਕਿਲੋਮੀਟਰ ਵਿਚ ਫੈਲਆ ਹੋਇਆ ਹੈ। ਨਿਆਗਰਾ ਦਰਿਆ ਮੀਲਾਂ ਤੋਂ ਤੇਜ਼ੀ ਨਾਲ ਭੱਜ ਰਿਹਾ ਦਿਖਾਈ ਦਿੰਦਾ ਹੈ ਜਿਸ ਦੇ ਕਿਸੇ ਪਾਸੇ ਰੋਕ ਲਈ ਪੱਤਣ ਨਹੀ। ਸੈਲਾਨੀ ਇਸ ਦੀ ਤੋਰ ਤੇ ਤੇਜ਼ ਰਵਾਨੀ ਦੇਖ ਕੇ ਬੜੇ ਖੁਸ਼ ਹੁੰਦੇ ਹਨ ਅਤੇ ਕੁਦਰਤ ਦੇ ਇਸ ਕਰਿਸ਼ਮੇ ਤੇ ਬਲਿਹਾਰੇ ਜਾਂਦੇ ਹਨ। ਪਾਣੀ ਦੇ ਤੇਜ਼ ਤਰਾਰ ਵਹਾਅ ਦੇ ਇਸ ਨਜ਼ਾਰੇ ਨੂੰ ਸੈਲਾਨੀਆਂ ਦੇ ਕੈਮਰੇ ਅਤੇ ਮੋਬਾਇਲਾਂ ਦੀਆਂ ਲਿਸ਼ਕੋਰਾਂ ਆਪਣੇ ਵਿਚ ਬੰਦ ਕਰਨ ਦਾ ਯਤਨ ਕਰਦੀਆਂ ਰਹਿੰਦੀਆਂ ਹਨ। ਅੱਗੇ ਆ ਕੇ ਇਹ ਪਾਣੀ ਬੜੇ ਹੀ ਧਮਾਕੇ ਦੇ ਅੰਦਾਜ਼ ਨਾਲ 13 ਮੰਜ਼ਲਾ ਤੋਂ ਹੇਠਾਂ ਡਿੱਗਦਾ ਹੈ ਅਤੇ ਉਟਾਰੀਓ ਝੀਲ ਵਿਚ ਵਗਣ ਲੱਗਦਾ ਹੈ। ਇਕ ਮਿੰਟ ਵਿਚ 1,68,000 ਕਿਊਬਕ ਮੀਟਰ ਪਾਣੀ ਝਰਨੇ ਤੋਂ ਡਿੱਗਦਾ ਹੈ ਜੋ ਕਿ ਦਸ ਲੱਖ ਬਾਥ ਟੱਬ ਭਰਨ ਦੇ ਬਰਾਬਰ ਹੈ।
ਪਾਣੀ ਦੇ ਨਜ਼ਾਰੇ ਨੂੰ ਉਪਰੋਂ ਦੇਖਣ ਲਈ ਸੈਲਾਨੀਆਂ ਲਈ ਵਰਲਪੂਲ ਏਅਰੋ ਕਾਰ ਚਲਦੀ ਹੈ ਜਿਸ ਵਿਚ ਬੈਠ ਕੇ ਉਹ ਪਾਣੀ ਦੇ ਉਪਰਲੇ ਪੱਤਣਾਂ ਦਾ ਆਨੰਦ ਮਾਣਦੇ ਹਨ।ਇਹ ਕਾਰ ਸਪੇਨੀ ਇੰਜਨੀਅਰ ਲਿਓਨਾਰਦੇ ਨੇ 1928 ਵਿਚ ਤਿਆਰ ਕੀਤੀ ਸੀ। ਪਾਣੀ ਦੀਆਂ ਤੇਜ਼ ਧਾਰਾਂ ਹੇਠ ਜਾਣ ਦੇ ਲਈ ਸਵੇਰ ਤੋਂ ਦੇਰ ਸ਼ਾਮ ਤੱਕ ਕਰੂਜ਼ ਚੱਲਦਾ ਰਹਿੰਦਾ ਹੈ। ਇਸ ਵਿਚ ਲੋਕ ਡੂੰਘੀ ਦਿਲਚਸਪੀ ਲੈਦੇ ਹਨ। ਪਾਣੀ ਦਾ ਕੁਝ ਵਹਾਅ ਅਮਰੀਕਾ ਵਾਲੇ ਪਾਸਿਓ ਵੀ ਆ ਰਿਹਾ ਹੈ। ਨਿਆਗਰਾ ਫਾਲ ਦੀ ਸ਼ਕਲ ਘੋੜੇ ਦੇ ਖੁਰ ਵਰਗੀ ਹੈ ਇਸ ਕਰਕੇ ਇਸ ਨੂੰ ‘ਹੌਰਸ ਸ਼ੂ’ ਕਿਹਾ ਜਾਂਦਾ ਹੈ। ਇੰਝ ਲੱਗਦਾ ਹੈ ਕਿ ਸ਼ੋਸ਼ਲ ਮੀਡੀਆ ਤੇ ਵੀ ਸੱਭ ਤੋਂ ਜਿਆਦਾ ਤਸਵੀਰਾਂ ਨਿਆਗਰਾ ਫਾਲਜ ਦੀਆਂ ਹੀ ਹਨ। ਇਥੇ ਰਾਤ ਦੀਆ ਰੌਸ਼ਨੀਆ ਦਾ ਦ੍ਰਿਸ਼ ਵੀ ਦੇਖਣ ਯੋਗ ਹੁੰਦਾ ਹੈ। ਰੌਸ਼ਨੀਆਂ ਦੇ ਨਾਲ-ਨਾਲ ਆਤਸਬਾਜ਼ੀ ਵੀ ਕਮਾਲ ਦੀ ਹੁੰਦੀ ਹੈ। ਦੁਨੀਆ ਦਾ ਪ੍ਰਸਿੱਧ ਸੈਲਾਨੀ ਵਿਸੰਟਨ ਚਾਰਲਸ 1943 ਵਿਚ ਏਥੇ ਆਇਆ ਸੀ। ਇਸ ਦੇ ਬਾਰੇ ਵਿਚ ਉਸ ਨੇ ਲਿਖਿਆ ਹੈ ਕਿ ਦੁਨੀਆ ਵਿਚ ਇਸ ਤੋਂ ਸੁੰਦਰ ਥਾਂ ਹੋਰ ਕੋਈ ਨਹੀ ਹੈ।
ਕੁਦਰਤ ਦੇ ਇਸ ਕਰਿਸ਼ਮੇ ਦਾ ਆਨੰਦ ਮਾਣਦਿਆਂ ਸੈਲਾਨੀ ਲੋਰਾ ਸੇਕਰਡ ਪਾਰਕ ਵੀ ਦੇਖਦੇ ਹਨ। ਲੋਰਾ ਨਾਂ ਦੀ ਔਰਤ ਨੇ ਆਪਣੇ ਘਰ ਕੁਇਨਸਟਨ ਤੋਂ ਛੁਪ-ਛੁੱਪ ਕੇ 32 ਕਿਲੋਮੀਟਰ ਸਫਰ ਤੈਅ ਕੀਤਾ ਅਤੇ ਅੰਗਰੇਜ਼ ਲੈਫਟੀਨੈਟ ਜੇਮਜ਼ ਨੂੰ ਥਾਰੋਲਡ ਮਹਿਲ ਵਿਚ ਅਮਰੀਕਾ ਵਲੋਂ ਅਚਨਚੇਤੀ ਕੀਤੀ ਜਾਣ ਵਾਲੀ ਜੰਗ ਦੀ ਸੂਚਨਾ ਦਿੱਤੀ। ਉਹ ਇਹ ਸੂਚਨਾ ਨਾ ਪਹੁੰਚਾਉਦੀ ਤਾਂ ਕੇਨੇਡਾ ਦਾ ਇਤਿਹਾਸ ਕੁਝ ਹੋਰ ਹੀ ਹੋਣਾ ਸੀ। ਅਗਾਊ ਸੂਚਨਾ ਮਿਲਣ ਕਾਰਨ ਅੰਗਰੇਜ਼ਾ ਨੇ ਛੇ ਹੋਰ ਮੁਲਕ ਦਾ ਸਾਥ ਲੈ ਕੇ 1812 ਵਿਚ ਇਸੇ ਥਾਂ ਤੇ ਜੰਗ ਲੜੀ ਜਿਸ ਵਿਚ 3000 ਜਵਾਨ ‘ਤੇ ਅਫਸਰ ਸ਼ਹੀਦ ਹੋਏ ਅਤੇ ਹਜਾਰਾਂ ਜਖਮੀ ਹੋਏ। ਇਹਨਾਂ ਸ਼ਹੀਦਾਂ ਦੀ ਯਾਦ ਵਿਚ ਓਲਡ ਏਰੀ ਕਿਲਾ ਬਣਿਆ ਹੋਇਆ ਹੈ। ਦੁਨੀਆ ਦਾ ਸਭ ਤੋਂ ਪੁਰਾਣਾ ਲੱਕੜੀ ਦਾ ਛਾਪਾਖਾਨਾ ਮਕੈਨਜੀ ਪ੍ਰੈਸ ਇੱਥੇ ਹੀ ਹੈ। ਸੈਲਾਨੀ ਖੁਦ ਟਾਇਪ ਕਰਕੇ ਦੇਖ ਸਕਦੇ ਹਨ।ਇੱਥੇ ਫੁੱਲਾਂ ਨਾਲ ਤਿਆਰ ਕੀਤੀ ਘੜੀ ਮੌਜੂਦ ਹੈ ਜਿਸ ਦੇ ਫੁਲ ਸਾਲ ਵਿਚ ਦੋ ਬਾਰ ਬਦਲੇ ਜਾਦੇ ਹਨ। ਬਟਰਫਲਾਈ ਕੰਜ਼ਰਵੇਟਰੀ ਵਿਚ 45 ਕਿਸਮ ਦੀਆਂ ਤਿਤਲੀਆਂ ਵੇਖ ਸਕਦੇ ਹੋ। ਅਨੇਕਾਂ ਕਿਸਮ ਦੇ ਪੰਛੀ ਗਰਮੀ ਦੀ ਰੁੱਤ ਵਿਚ ਇਥੇ ਪਰਵਾਸ ਕਰਕੇ ਆਉਦੇ ਹਨ ਜਦ ਕਿ ਸਥਾਨਕ ਪੰਛੀ ਪੂਰੀ ਬਰਫ ਦੇ ਮੌਸਮ ਵਿਚ ਵੀ ਏਥੇ ਹੀ ਰਹਿੰਦੇ ਹਨ। ਬਮਟੇਨੀਕਲ ਗਾਰਡਨ ਵਿਚ ਵੀ ਬਹੁਤ ਸਾਰੀਆਂ ਕਿਸਮਾਂ ਦੇ ਫੁੱਲਾਂ ਅਤੇ ਬੂਟਿਆਂ ਦੀ ਭਰਮਾਰ ਹੈ। ਲੋਕਾਂ ਦੇ ਮਨੋਰੰਜਨ ਲਈ ਥੀਏਟਰ ਅਤੇ ਗੋਲਫ ਕਪਰਸ ਮੌਜੂਦ ਹੈ। ਸੈਲਾਨੀਆਂ ਲਈ ਮਹਿੰਗੇ ਸਸਤੇ ਹਰ ਤਰਾਂ ਦੇ ਹੋਟਲ ਮੌਜੂਦ ਹਨ।