ਖਿਆਲਾ ਕਲਾਂ (ਸਮਾਜ ਵੀਕਲੀ) ( ਔਲਖ ) : ਸਰਬੱਤ ਸਿਹਤ ਬੀਮਾ ਯੋਜਨਾ ਤਹਿਤ ਕਾਰਡ ਧਾਰਕ ਲਾਭਪਾਤਰੀਆਂ ਤੇ ਉਨ੍ਹਾਂ ਦੇ ਪਰਿਵਾਰਕ ਮੈਬਰਾਂ ਨੂੰ ਸੂਬਾ ਸਰਕਾਰ ਵਲੋ 05 ਲੱਖ ਰੁਪਏ ਤੱਕ ਦੀ ਸਿਹਤ ਬੀਮਾ ਸਹੂਲਤ ਮੁਫਤ ਦਿੱਤੀ ਜਾ ਰਹੀ ਹੈ ਅਤੇ ਇਸ ਯੋਜਨਾ ਤਹਿਤ ਸਿਹਤ ਬਲਾਕ ਖਿਆਲਾ ਕਲਾਂ ਅਧੀਨ ਪ੍ਰਚਾਰ ਵੈਨ ਰਾਹੀਂ ਪ੍ਰਚਾਰ ਕਰਨ ਅਤੇ ਈ-ਕਾਰਡ ਬਣਾਉਣ ਲਈ ਵਿਸ਼ੇਸ਼ ਮੁਹਿੰਮ ਹੋਰ ਤੇਜ ਕੀਤੀ ਗਈ ਹੈ। ਸੀਨੀਅਰ ਮੈਡੀਕਲ ਅਫਸਰ ਡਾਕਟਰ ਹਰਦੀਪ ਸ਼ਰਮਾ ਨੇ ਕਮਿਊਨਿਟੀ ਸਿਹਤ ਕੇਂਦਰ ਖਿਆਲਾ ਤੋਂ ਪ੍ਰਚਾਰ ਵੈਨ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ।
ਸੀਨੀਅਰ ਮੈਡੀਕਲ ਅਫਸਰ ਡਾਕਟਰ ਹਰਦੀਪ ਸ਼ਰਮਾ ਨੇ ਕਿਹਾ ਕਿ ਬਲਾਕ ਅਧੀਨ ਆਉਂਦੇ ਪਿੰਡਾਂ ਦੇ ਲੋਕਾਂ ਨੂੰ ਇਸ ਸਕੀਮ ਦਾ ਵੱਧ ਤੋਂ ਵੱਧ ਲਾਭ ਲੈਣ ਲਈ ਹਰ ਤਰ੍ਹਾਂ ਨਾਲ ਪ੍ਰੇਰਿਤ ਕੀਤਾ ਜਾ ਰਿਹਾ ਹੈ। ਉਨ੍ਹਾਂ ਸਪੱਸ਼ਟ ਕੀਤਾ ਕਿ ਇਸ ਸਕੀਮ ਵਿਚ ਆਪਣਾ ਨਾਮ ਦਰਜ ਕਰਵਾਉਣ ਵਾਲੇ ਪਰਿਵਾਰਾਂ ਨੂੰ ਸਿਹਤ ਸਹੂਲਤਾਂ ਲਈ ਸੂਬਾ ਸਰਕਾਰ ਵੱਲੋਂ 5 ਲੱਖ ਤੱਕ ਦੀ ਬੀਮਾ ਸਹੂਲਤ ਮੁਹੱਇਆ ਕਰਵਾਈ ਜਾ ਰਹੀ ਹੈ।
ਉਨ੍ਹਾਂ ਕਿਹਾ ਕਿ ਸਰਬੱਤ ਸਿਹਤ ਬੀਮਾ ਯੋਜਨਾ ਤਹਿਤ ਪੰਜਾਬ ਸਰਕਾਰ ਹਰ ਸਾਲ ਸੂਬੇ ਦੇ ਲਗਭਗ 40 ਲੱਖ ਪਰਿਵਾਰਾਂ ਨੂੰ 05 ਲੱਖ ਰੁਪਏ ਸਲਾਨਾ ਸਿਹਤ ਬੀਮਾ ਅਧੀਨ ਮੁਫਤ ਇਲਾਜ ਸੇਵਾਵਾਂ ਮੁਹੱਈਆ ਕਰਵਾ ਰਹੀ ਹੈ, ਜਿਸ ਵਿੱਚ ਸਮਾਰਟ ਰਾਸ਼ਨ ਕਾਰਡ ਧਾਰਕ ਪਰਿਵਾਰ, ਕਿਸਾਨ ,ਮਾਨਤਾ ਪ੍ਰਾਪਤ ਪੱਤਰਕਾਰ, ਉਸਾਰੀ ਕਾਮੇ ਅਤੇ ਵਪਾਰੀ ਆਦਿ ਸ਼ਾਮਲ ਹਨ।
ਇਹ ਪ੍ਰਚਾਰ ਵੈਨ 13 ਮਾਰਚ ਤੋਂ 21 ਮਾਰਚ ਤੱਕ ਬਲਾਕ ਖਿਆਲਾ ਕਲਾਂ ਵਿਚ ਰਹੇਗੀ। ਪ੍ਰਚਾਰ ਵੈਨ ਰਾਹੀਂ ਬਲਾਕ ਅਧੀਨ ਆਉਦੇ ਵੱਖ ਵੱਖ ਪਿੰਡਾਂ ਤੱਕ ਪਹੁੰਚ ਕਰਕੇ ਸਰਬੱਤ ਸਿਹਤ ਬੀਮਾ ਯੋਜਨਾ ਤਹਿਤ ਕਾਰਡ ਧਾਰਕ ਲਾਭਪਾਤਰੀਆਂ ਤੇ ਉਨਾਂ ਦੇ ਪਰਿਵਾਰਕ ਮੈਬਰਾਂ ਨੂੰ ਕਾਰਡ ਬਣਵਾਉਣ ਲਈ ਜਾਗਰੂਕ ਕੀਤਾ ਜਾਵੇਗਾ। ਉਨ੍ਹਾਂ ਸਮੂਹ ਯੋਗ ਲਾਭਪਾਤਰੀਆਂ ਨੂੰ ਅਪੀਲ ਕੀਤੀ ਕਿ ਉਹ ਇਸ ਯੋਜਨਾ ਤਹਿਤ ਆਪਣੇ ਈ-ਕਾਰਡ ਜ਼ਰੂਰ ਬਣਵਾਉਣ।
ਉਨ੍ਹਾਂ ਕਿਹਾ ਕਿ ਇਸ ਸਕੀਮ ਨੂੰ ਹੋਰ ਬਿਹਤਰ ਕਰਨ ਲਈ ਸਿਹਤ ਵਿਭਾਗ ਦੇ ਸਮੂਹ ਅਮਲੇ ਵੱਲੋਂ ਹਰ ਯੋਗ ਉਪਰਾਲੇ ਕੀਤੇ ਜਾ ਰਹੇ ਹਨ ਤਾਂ ਜੋ ਸਰਕਾਰ ਵੱਲੋਂ ਜਿਨ੍ਹਾਂ ਲੋਕਾਂ ਲਈ ਇਹ ਸਕੀਮ ਸ਼ੁਰੂ ਕੀਤੀ ਹੈ, ਉਹ ਲੋਕ ਬਿਨ੍ਹਾਂ ਦੇਰੀ ਇਸ ਸਕੀਮ ਵਿਚ ਆਪਣਾ ਨਾਮ ਦਰਜ ਕਰਵਾ ਸਕਣ। ਇਸ ਯੋਜਨਾ ਤਹਿਤ ਈ-ਕਾਰਡ ‘ਕਾਮਨ ਸਰਵਿਸ ਸੈਂਟਰਾਂ’ (ਸੀ.ਐਸ.ਸੀਜ਼.) ਅਤੇ ਸੇਵਾ ਕੇਂਦਰਾਂ ‘ਤੇ ਬਣਾਏ ਜਾ ਸਕਦੇ ਹਨ।ਇਸ ਮੌਕੇ ਡਾਕਟਰ ਹਰਮਨਦੀਪ ਸਿੰਘ, ਬਲਾਕ ਐਜੂਕੇਟਰ ਕੇਵਲ ਸਿੰਘ, ਸੁਪਰਵਾਈਜ਼ਰ ਸਰਬਜੀਤ ਸਿੰਘ , ਗੁਰਪ੍ਰੀਤ ਸਿੰਘ ਆਦਿ ਹਾਜ਼ਰ ਸਨ।