ਭਾਰਤੀ ਨਾਗਰਿਕ ਸਰਬਜੀਤ ਸਿੰਘ ਦੀ ਇੱਥੇ ਕੋਟ ਲਖਪਤ ਜੇਲ੍ਹ ਵਿਚ ਹੋਈ ਹੱਤਿਆ ਦੇ ਮਾਮਲੇ ’ਚ ਨਾਮਜ਼ਦ ਦੋ ਮੁੱਖ ਮੁਲਜ਼ਮਾਂ ਨੂੰ ਪਾਕਿਸਤਾਨੀ ਅਦਾਲਤ ਨੇ ਬਰੀ ਕਰ ਦਿੱਤਾ ਹੈ।
ਅਦਾਲਤ ਨੇ 2013 ਵਿਚ ਵਾਪਰੇ ਇਸ ਹੱਤਿਆ ਕਾਂਡ ਦੇ ਮਾਮਲੇ ’ਚ ਮੁਲਜ਼ਮਾਂ ਨੂੰ ‘ਸਬੂਤਾਂ ਦੀ ਘਾਟ’ ਦੇ ਆਧਾਰ ’ਤੇ ਬਰੀ ਕੀਤਾ ਹੈ। ਪੰਜ ਵਰ੍ਹੇ ਤੋਂ ਲਟਕ ਰਹੇ ਇਸ ਮਾਮਲੇ ਬਾਰੇ ਫ਼ੈਸਲਾ ਸੁਣਾਉਂਦਿਆਂ ਲਾਹੌਰ ਸੈਸ਼ਨ ਕੋਰਟ ਦੇ ਜੱਜ ਮੁਹੰਮਦ ਮੋਇਨ ਖੋਖ਼ਰ ਨੇ ਕਿਹਾ ਕਿ ਦੋਵਾਂ ਖ਼ਿਲਾਫ਼ ਇਕ ਵੀ ਗਵਾਹ ਪੇਸ਼ ਨਹੀਂ ਹੋਇਆ। ਇਸ ਲਈ ਆਮਿਰ ਤੰਬਾ ਤੇ ਮੁਦੱਸਰ ਨੂੰ ਬਰੀ ਕੀਤਾ ਜਾਂਦਾ ਹੈ। ਦੋਵਾਂ ਮੁਲਜ਼ਮਾਂ ਨੇ ਸੁਰੱਖਿਆ ਕਾਰਨਾਂ ਕਰ ਕੇ ਕੋਟ ਲਖਪਤ ਜੇਲ੍ਹ ਵਿਚੋਂ ਵੀਡੀਓ ਲਿੰਕ ਰਾਹੀਂ ਸੁਣਵਾਈ ’ਚ ਹਿੱਸਾ ਲਿਆ।
ਆਮਿਰ ਤੇ ਮੁਦੱਸਰ ਜੇਲ੍ਹ ਵਿਚ ਪਹਿਲਾਂ ਹੀ ਹੱਤਿਆ ਦੇ ਦੋਸ਼ ਹੇਠ ਬੰਦੀ ਸਨ ਤੇ ਉਨ੍ਹਾਂ 49 ਸਾਲਾ ਸਰਬਜੀਤ ਉੱਤੇ 2013 ਵਿਚ ਹਮਲਾ ਕਰ ਦਿੱਤਾ ਸੀ। ਇਸ ਤੋਂ ਬਾਅਦ ਸਰਬਜੀਤ ਦੀ ਮੌਤ ਹੋ ਗਈ ਸੀ। ਪਹਿਲਾਂ ਹੋਈਆਂ ਸੁਣਵਾਈਆਂ ਦੌਰਾਨ ਜੱਜ ਨੇ ਇਸਤਗਾਸਾ ਪੱਖ ਵੱਲੋਂ ਗਵਾਹ ਪੇਸ਼ ਕਰਨ ਵਿਚ ਨਾਕਾਮ ਰਹਿਣ ’ਤੇ ਨਾਰਾਜ਼ਗੀ ਜ਼ਾਹਿਰ ਕੀਤੀ ਸੀ। ਦੱਸਣਯੋਗ ਹੈ ਕਿ ਸਰਬਜੀਤ ਦੀ ਬਿਆਨ ਰਿਕਾਰਡ ਕਰਵਾਉਣ ਤੋਂ ਪਹਿਲਾਂ ਹੀ ਮੌਤ ਹੋ ਗਈ ਸੀ। ਇਕ ਗਵਾਹ ਨੇ ਅਦਾਲਤ ਵਿਚ ਦੱਸਿਆ ਸੀ ਕਿ ਉਹ ਸਰਬਜੀਤ ਦਾ ਬਿਆਨ ਲੈਣਾ ਚਾਹੁੰਦਾ ਸੀ, ਪਰ ਡਾਕਟਰਾਂ ਨੇ ਮਰੀਜ਼ ਦੀ ਹਾਲਤ ਗੰਭੀਰ ਦੱਸ ਕੇ ਅਜਿਹਾ ਕਰਨ ਤੋਂ ਉਸ ਨੂੰ ਰੋਕ ਦਿੱਤਾ ਸੀ।
HOME ਸਰਬਜੀਤ ਹੱਤਿਆ ਕਾਂਡ ਦੇ ਦੋਵੇਂ ਮੁਲਜ਼ਮ ਬਰੀ