ਸਰਦਾਰ ਭਗਤ ਸਿੰਘ ਦੀ ਵਾਪਸੀ

ਅਸਿ. ਪ੍ਰੋ. ਗੁਰਮੀਤ ਸਿੰਘ

(ਸਮਾਜ ਵੀਕਲੀ)

ਨੌਜਵਾਨਾਂ ਅੰਦਰ ਕ੍ਰਾਂਤੀ ਦੀ ਭਾਵਨਾ ਭਰਨ ਦੇ ਉਦੇਸ਼ ਨਾਲ 1925 ਵਿੱਚ ਲਾਹੌਰ ਵਿਖੇ ਨੌਜਵਾਨ ਭਾਰਤ ਸਭਾ ਦਾ ਨਿਰਮਾਣ ਕਰਨ ਵਾਲਾ ਅਤੇ ਇਸ ਪਿੱਛੋਂ ਸੁਖਦੇਵ, ਯਸ਼ਪਾਲ, ਚੰਦਰ ਸ਼ੇਖਰ ਅਤੇ ਹੋਰ ਕ੍ਰਾਂਤੀਕਾਰੀਆਂ ਦੇ ਸੰਪਰਕ ਵਿੱਚ ਆਕੇ ਤੇ ਇਸ ਅਜ਼ਾਦੀ ਸੰਗਰਾਮ ਵਿੱਚ ਆਪਣੀ ਜ਼ਿੰਦਗੀ ਕੁਰਬਾਨ ਕਰਨ ਵਾਲਾ ਸਰਦਾਰ ਭਗਤ ਸਿੰਘ ਸੀ। ਨੈਸ਼ਨਲ ਕਾਲਜ ਲਾਹੌਰ ਤੋਂ 1923 ਵਿੱਚ ਬੀ. ਏ. ਦੀ ਪ੍ਰੀਖਿਆ ਪਾਸ ਕੀਤੀ । 1923 ਤੋਂ 1931 ਫਾਂਸੀ ਚੜ੍ਹਣ ਤੱਕ ਇਸ ਮਹਾਨ ਕ੍ਰਾਂਤੀਕਾਰੀ ਨੇ ਆਪਣੀ ਮਾਤ ਭੂਮੀ ਦੀ ਅਜ਼ਾਦੀ ਲਈ ਸੰਘਰਸ਼ ਕੀਤਾ।

ਸਰਦਾਰ ਕਿਸ਼ਨ ਸਿੰਘ ਅਤੇ ਮਾਤਾ ਵਿਦਿਆਵਤੀ ਦੀ ਸੰਤਾਨ ਸਰਦਾਰ ਭਗਤ ਸਿੰਘ ਦਾ ਜਨਮ 28 ਸਤੰਬਰ 1907 ਨੂੰ ਜਲੰਧਰ ਜ਼ਿਲ੍ਹੇ ਦੀ ਬੰਗਾਂ ਤਹਿਸੀਲ ਚ ਪੈਦੇਂ ਪਿੰਡ ਖਟਕੜਕਲਾਂ ਵਿਖੇ ਹੋਇਆ। ਮੁੱਢਲੀ ਸਿੱਖਿਆ ਪਿੰਡ ਦੇ ਸਕੂਲ ਤੋਂ ਪ੍ਰਾਪਤ ਕਰਨ ਪਿੱਛੋਂ ਉਹ ਲਾਹੌਰ ਦੇ ਡੀ. ਏ. ਵੀ. ਕਾਲਜ ਵਿਖੇ ਦਾਖਲਾ ਲਿਆ । ਇੱਥੇ ਹੀ ਉਹ ਕਾਲਜ ਦੇ ਦੋ ਅਨੁਭਵੀ ਦੇਸ਼ਭਗਤ ਅਧਿਆਪਕਾਂ ਦੇ ਪ੍ਰਭਾਵ ਅਧੀਨ ਆਇਆ। ਇੱਥੇ ਹੀ ਉਸ ਨੇ ਵਿਦਿਆਰਥੀ ਨੇਤਾ ਦੇ ਰੂਪ ਵਿੱਚ ਕੰਮ ਕੀਤਾ। ਪਰ ਗਾਂਧੀ ਜੀ ਦੀ ਅਸਹਿਯੋਗ ਸੰਬੰਧੀ ਅਵਾਜ਼ ਤੇ ਕਾਲਜ ਛੱਡ ਲਾਲਾ ਲਾਜਪਤ ਰਾਏ ਦੁਆਰਾ ਸਥਾਪਿਤ ਕੀਤੇ ਨੈਸ਼ਨਲ ਕਾਲਜ ਵਿੱਚ ਜਾ ਦਾਖਲਾ ਲਿਆ।

1928 ਵਿੱਚ ਸਾਈਮਨ ਕਮਿਸ਼ਨ ਨੂੰ ਇੱਕ ਵਿਸ਼ਾਲ ਜਲੂਸ ਦੇ ਰੂਪ ਵਿੱਚ ਲਾਲਾ ਲਾਜਪਤ ਰਾਏ ਦੀ ਅਗਵਾਈ ਹੇਠ ਵਿਰੋਧ ਚ’ ਕਾਲੇ ਝੰਡੇ ਦਿਖਾਏ ਗਏ। ਇਸ ਜਲੂਸ ਤੇ ਪੁਲਿਸ ਨੇ ਲਾਠੀਆਂ ਵਰ੍ਹਾਈਆਂ। ਲਾਲਾ ਲਾਜਪਤ ਰਾਏ ਜੀ ਦੇ ਸਰੀਰ ਤੇ ਵਰ੍ਹੀਆਂ ਲਾਠੀਆਂ ਲਈ ਸ੍ਰੀ ਸਕਾਟ ਨੂੰ ਜ਼ਿੰਮੇਵਾਰ ਮੰਨਦੇ ਹੋਏ ਕਤਲ ਕਰਨ ਦਾ ਫੈਸਲਾ ਕੀਤਾ। ਸਕਾਟ ਸਮਝ ਕੇ 17 ਦਸੰਬਰ 1928 ਨੂੰ ਪੁਲਿਸ ਹੈਡ ਕਾਂਸਟੇਬਲ ਸਾਂਡਰਸ ਗੋਲੀ ਦਾ ਨਿਸ਼ਾਨਾ ਬਣ ਗਿਆ। 08 ਅਪ੍ਰੈਲ 1929 ਨੂੰ ਭਗਤ ਸਿੰਘ ਨੇ ਆਪਣੇ ਸਾਥੀ ਬੀ. ਕੇ. ਦੱਤ ਨਾਲ ਮਿਲਕੇ ਸੁੱਤੀ ਹੋਈ ਅੰਗਰੇਜ਼ੀ ਰਾਜ ਦੀਆਂ ਅੱਖਾਂ ਖੋਲਣ ਲਈ ਕੇਂਦਰੀ ਅਸੰਬਲੀ ਦੇ ਇਜਲਾਸ ਵਿੱਚ ਬੰਬ ਸੁੱਟਿਆ ਅਤੇ ਇਨਕਲਾਬ ਜ਼ਿੰਦਾਬਾਦ ਦੇ ਨਾਹਰੇ ਲਗਾਉਂਦੇ-ਲਗਾਉਂਦੇ ਗਿ੍ਫ਼ਤਾਰੀਆਂ ਦਿੱਤੀਆਂ। ਭਾਰਤੀ ਸੁਤੰਤਰਤਾ ਦੇ ਇਤਿਹਾਸ ਵਿੱਚ ਭਗਤ ਸਿੰਘ ਤੇ ਉਸ ਦੇ ਸਾਥੀਆਂ ਦੁਆਰਾ ਚਲਾਈ ਕ੍ਰਾਂਤੀਕਾਰੀ ਲਹਿਰ ਦੂਜੀਆਂ ਕ੍ਰਾਂਤੀਕਾਰੀ ਲਹਿਰਾਂ ਵਾਂਗ ਬਹੁਤ ਮਹੱਤਵਪੂਰਨ ਰਹੀ ।

ਇਸ ਲਹਿਰ ਨੇ ਲੋਕਾਂ ਦੇ ਮਨਾਂ ਅੰਦਰ ਅੰਗਰੇਜ਼ੀ ਰਾਜ ਦੇ ਵਿਰੁੱਧ ਉਹ ਭਾਵਨਾਵਾਂ ਨੂੰ ਜਨਮ ਦਿੱਤਾ ਜਿਹੋ ਜਿਹੀਆਂ ਸ਼ਾਂਤਮਈ ਸੱਤਿਆਗ੍ਰਹਿ ਅਤੇ ਅਸਹਿਯੋਗ ਅੰਦੋਲਨ ਨਾਲ ਪੈਦਾ ਹੋਇਆਂ ਸਨ। ਲੋਕਾਂ ਦੇ ਮਨਾਂ ਅੰਦਰ ਇਹਨਾਂ ਮਹਾਨ ਕ੍ਰਾਂਤੀਕਾਰੀਆਂ ਦੀਆਂ ਕ੍ਰਾਂਤੀਆਂ ਨੇ ਅਜ਼ਾਦੀ ਸੰਗਰਾਮ ਨੂੰ ਹੋਰ ਤੇਜ਼ ਕੀਤਾ । ਅੰਗਰੇਜ਼ੀ ਰਾਜ ਦੀ ਸਰਕਾਰ ਨੇ ਭਗਤ ਸਿੰਘ , ਸਖਦੇਵ ਅਤੇ ਰਾਜਗੁਰੂ ਵਿਰੁੱਧ ਮੁਕੱਦਮਾ ਚਲਾ ਕੇ 23 ਮਾਰਚ 1931 ਨੂੰ ਲਾਹੌਰ ਦੀ ਕੇਂਦਰੀ ਜੇਲ੍ਹ ਵਿੱਚ ਫਾਂਸੀ ਦੇ ਦਿੱਤੀ । ਜਨਤਕ ਵਿਰੋਧ ਦੇ ਡਰ ਕਾਰਣ ਮਿ੍ਤ ਸਰੀਰ ਰਿਸ਼ਤੇਦਾਰਾਂ ਨੂੰ ਨਾ ਦਿੱਤੇ ਸਗੋਂ ਅੱਧੀ ਰਾਤ ਦੇ ਸਮੇਂ ਸਤਲੁਜ ਦੇ ਕਿਨਾਰੇ ਉਹਨਾਂ ਦਾ ਸੰਸਕਾਰ ਕਰ ਦਿੱਤਾ।ਭਗਤ ਸਿੰਘ ਅਤੇ ਉਸਦੇ ਸਾਥੀਆਂ ਦੀ ਮਾਨਸਿਕਤਾ ਅਤੇ ਆਜ਼ਾਦ ਵਿਚਾਰਾਂ ਅਤੇ ਆਜ਼ਾਦ ਸੋਚ ਤੋਂ ਬੌਖਲਾਏ ਅੰਗਰੇਜ਼ੀ ਅਫ਼ਸਰਾਂ ਅਤੇ ਅੰਗਰੇਜ਼ੀ ਹਕੂਮਤ ਨੇ ਅਦਾਲਤੀ ਹੁਕਮਾਂ ਤੋਂ ਇੱਕ ਦਿਨ ਪਹਿਲਾਂ ਹੀ ,ਉਨ੍ਹਾਂ ਨੂੰ ਫ਼ਾਂਸੀ ਦੀ ਸਜ਼ਾ ਦੇ ਦਿੱਤੀ ਗਈ।

ਦਰਅਸਲ ਇਸ ਬੌਖਲਾਹਟ ਦਾ ਕਾਰਨ ਭਗਤ ਸਿੰਘ, ਅਤੇ ਉਸਦੇ ਹਜ਼ਾਰਾਂ ਕ੍ਰਾਂਤੀਕਾਰੀ ਸਾਥੀ ਜੋ ਹਥਿਆਰਬੰਦ ਸੰਘਰਸ਼ ਦਾ ਐਲਾਨ ਕਰ ਚੁੱਕੇ ਸਨ, ਉਸਦੀ ਨੌਜਵਾਨ ਸਭਾ ਜਾਂ ਹਿੰਦੁਸਤਾਨ ਰਿਪਬਲਿਕਨ ਐਸੋਸੀਏਸ਼ਨ ਦੇ ਵਿਚਾਰਾਂ ਅਤੇ ਨੌਜਵਾਨ ਆਗੂਆਂ ਦੀ ਸੋਚ ਨੇ ਅੰਗਰੇਜ਼ੀ ਹਕੂਮਤ ਦੀ ਸੋਚ ਨੂੰ ਬਰਾਬਰ ਦੀ ਟੱਕਰ ਦਿੰਦਾ ਜਾਪ ਰਿਹਾ ਸੀ ਜਿਸ ਤੋਂ ਅੰਗਰੇਜ਼ੀ ਰਾਜ ਨੂੰ ਵਿਰੋਧ ਦਾ ਡਰ ਬਣਿਆ ਹੋਇਆ ਸੀ ।ਭਗਤ ਸਿੰਘ ਅਤੇ ਉਸਦੇ ਸਾਥੀਆਂ ਦੁਆਰਾ ਅੰਗਰੇਜ਼ੀ ਹਕੂਮਤ ਦੇ ਉਨ੍ਹਾਂ ਕਾਲੇ ਕਨੂੰਨਾਂ ਨੂੰ ਇੱਕ ਵਿਚਾਰਕ ਟੱਕਰ ਦਿੱਤੀ ਗਈ, ਲੋਕਾਂ ਨੂੰ ਅੰਗਰੇਜ਼ੀ ਰਾਜ ਦੀਆਂ ਤਾਨਾਸ਼ਾਹੀਆਂ ਅਤੇ ਹਕੂਮਤ ਵਿਰੁੱਧ ਲਾਮਬੰਦ ਕੀਤਾ ਗਿਆ ।

ਦਰਅਸਲ ਭਗਤ ਸਿੰਘ ਅਤੇ ਉਸਦੇ ਸਾਥੀ ਹੀ ਸੀ ਜਿਨ੍ਹਾਂ ਨੇ ਪੂਰੇ ਭਾਰਤ ਦੇ ਲੋਕਾਂ ਨੂੰ ਇੱਕ ਧਾਗੇ ਵਿੱਚ ਪਿਰੋਇਆ,ਅੰਗਰੇਜ ਸਰਕਾਰ ਦੀ ‘ਪਾੜੋ ਅਤੇ ਰਾਜ ਕਰੋ’ ਦੀ ਨੀਤੀ ਨੂੰ ਭੰਗ ਕਰਦਿਆਂ ਹਿੰਦੂ ਮੁਸਲਿਮ ਸਿੱਖ ਏਕਤਾ ਦਾ ਪ੍ਰਚਾਰ ਕੀਤਾ ਅਤੇ ਗਾਂਧੀਵਾਦੀ ਵਿਚਾਰਧਾਰਾ ਦੇ ਉਲਟ ਹਿੰਸਵਾਦੀ ਵਿਚਾਰਧਾਰਾ ਦਾ ਸਮਰਥਨ ਕਰਦਿਆਂ ਕਿਹਾ ਕਿ “ਅੰਗਰੇਜ਼ੀ ਹਕੂਮਤ ਸਿਰਫ ਹਥਿਆਰਾਂ ਦੀ ਭਾਸ਼ਾ ਸਮਝਦੀ ਹੈ,ਅਤੇ ਇਹ ਬੋਲੀ ਹੋ ਚੁੱਕੀ ਹੈ,ਜਿਸਨੂੰ ਜਗਾਉਣ ਲਈ ਵੱਡੇ ਧਮਾਕਿਆਂ ਦੀ ਜਰੂਰਤ ਹੈ” । ਉਸਨੇ ਕਿਹਾ ਕਿ ‘ਮਜਲੂਮ ਅਤੇ ਕਮਜ਼ੋਰ ਵਰਗ , ਤਾਕਤਵਰ ਵਰਗ ਤੋਂ ਨਿਆਂ ਦੀ ਉਮੀਦ ਕੀ ਰੱਖੇ, ਕਿਉਂਕਿ ਤਾਕਤਵਰ ਵਰਗ ਦੀ ਸਥਾਪਨਾ ਹੀ ਕਮਜ਼ੋਰ ਵਰਗ ਉੱਪਰ ਜ਼ੁਲਮ ਕਰਕੇ ਹੁੰਦੀ ਹੈ।’ ਅੰਗਰੇਜ ਹਕੂਮਤ ਦਾ ਭਗਤ ਸਿੰਘ ਅਤੇ ਉਸਦੇ ਸਾਥੀਆਂ ਉਪਰ ਜੇਲ੍ਹ ਦੌਰਾਨ ਕੀਤਾ ਗਿਆ ਹੱਡਤੋੜਵਾਂ ਜ਼ੁਲਮ, ਭਾਰਤੀ ਕੈਦੀਆਂ ਨਾਲ ਦੁਰਵਿਵਹਾਰ, ਸਿਰਫ ਤੇ ਸਿਰਫ ਭਗਤ ਸਿੰਘ ਦੀ ਸੋਚ ਨੂੰ ਗੁਲਾਮ ਕਰਨਾ ਸੀ, ਅੰਗਰੇਜ ਹਕੂਮਤ ਉਸਨੂੰ ਸਰੀਰਕ ਰੂਪ ਵਿੱਚ ਨਹੀਂ ਬਲਕਿ, ਮਾਨਸਿਕ ਤੌਰ ‘ਤੇ ਗੁਲਾਮ ਬਣਾਉਣਾ ਚਾਹੁੰਦੇ ਸੀ।

ਪਰ! ਉਸਨੂੰ ਸੁਣਾਈ ਗਈ ਮੌਤ ਦੀ ਸਜਾ ਸਮੇਂ ਵੀ ਭਗਤ ਸਿੰਘ ਆਪਣੇ ਆਜ਼ਾਦ ਹੋਣ ਦੇ ਖ਼ਾਬ ਵੇਖਦਾ ‘ਇਨਕਲਾਬ ਜਿੰਦਾਬਾਦ’ ਦੇ ਨਾਅਰੇ ਲਗਾ ਰਿਹਾ ਸੀ। ਉਸ ਸਮੇਂ ਦੇ ਹਿੰਦੁਸਤਾਨੀ ਸਰਪ੍ਰਸਤ ਅਤੇ ਲੀਡਰ ਵੀ ਅਸਿੱਧੇ ਤੌਰ ‘ਤੇ ਅੰਗਰੇਜ ਸਰਕਾਰ ਦੇ ਹੱਕ ਵਿੱਚ ਭੁਗਤ ਰਹੇ ਸਨ। ਉਨ੍ਹਾਂ ਨੂੰ ਵੀ ਭਗਤ ਸਿੰਘ ਦੇ ਉਸ ਵਿਚਾਰ ਦਾ ਡਰ ਸੀ ਜਿਸ ਬਾਰੇ ਉਹ ਅਕਸਰ ਕਹਿੰਦਾ ਕਿ ‘ਇਹ ਯੁੱਧ ਸਾਨੂੰ ਅੱਧੀ ਅਜਾਦੀ ਦਵਾਏਗਾ, ਇਸ ਸੰਘਰਸ਼ ਨਾਲ ਬੇਸ਼ੱਕ ਅਸੀਂ ਅੰਗਰੇਜਾਂ ਤੋਂ ਤਾਂ ਆਜ਼ਾਦ ਹੋ ਜਾਵਾਂਗੇ, ਪਰ! ਕਾਲੇ ਅੰਗਰੇਜ ਸਾਡੇ ਆਪਣੇ ਲੀਡਰ ਫਿਰ ਸਾਡੇ ਉੱਪਰ ਰਾਜ ਕਰਨਗੇ।’

ਅਜਿਹੀ ਸੋਚ ਅਤੇ ਵਿਚਾਰਾਂ ਕਾਰਨ ਹੀ ਭਗਤ ਸਿੰਘ ਦੀ ਵਿਚਾਰਧਾਰਾ ਨੂੰ ਖਤਮ ਕਰਨ ਲਈ, ਉਸਦੇ ਸਾਥੀਆਂ ਸਮੇਤ ਫ਼ਾਂਸੀ ਦੀ ਸਜਾ ਦੇ ਦਿੱਤੀ ਗਈ। ਪਰ! ਅੰਗਰੇਜ਼ੀ ਅਤੇ ਕਾਲੇ ਅੰਗਰੇਜ਼ ਉਸ ਦੀ ਵਿਚਾਰਧਾਰਾ ਨੂੰ ਖਤਮ ਨਹੀਂ ਕਰ ਸਕੇ। 23ਮਾਰਚ 1931 ਨੂੰ ਸ਼ਹੀਦ ਹੋਏ ਭਗਤ ਸਿੰਘ ਦੀ ਤਾਨਾਸ਼ਾਹੀਆਂ ਵਿਰੁੱਧ ਆਵਾਜ਼ ਬੁਲੰਦ ਕਰਨ ਦੀ ਵਿਚਾਰਧਾਰਾ ਅੱਜ ਵੀ ਨੌਜਵਾਨਾਂ ਅਤੇ ਭਾਰਤ ਦੇ ਲੋਕਾਂ ਵਿੱਚ ਦਿਖ ਰਹੀ ਹੈ।ਬੇਸ਼ੱਕ ਇਹ ਲੋਕ ਰਸਮੀ ਤੌਰ ‘ਤੇ ਆਜ਼ਾਦ ਹਨ, ਪਰ ਅੱਜ ਵੀ ਭਾਰਤ ਦੇ ਮੁੱਠੀ ਭਰ ਰਾਜਨੀਤਕ ਘਰਾਣੇ ਅਤੇ ਕਾਰਪੋਰੇਟ ਘਰਾਣੇ ਸਾਡੇ ਲੋਕਾਂ ਦਾ ਸ਼ੋਸਣ ਕਰ ਰਹੇ ਹਨ।

ਅਮੀਰ ਅਮੀਰ ਬਣਦੇ ਜਾ ਰਹੇ ਹਨ, ਤੇ ਗਰੀਬ ਹੋਰ ਗਰੀਬ ਅਤੇ ਲੋਕਤੰਤਰਿਕ ਤਰੀਕੇ ਨਾਲ ਲੋਕਾਂ ਦੁਆਰਾ ਚੁਣੀ ਗਈ ਸਰਕਾਰ ,ਆਮ ਲੋਕਾਂ ਦੇ ਅਧਿਕਾਰਾਂ ਨੂੰ ਸ਼ਰੇਆਮ ਸਿੱਕੇ ਟੰਗਕੇ ਮਨਘੜਤ ਕਨੂੰਨ ਲਾਗੂ ਕਰ ਰਹੀ ਹੈ।ਅਜਿਹੇ ਕਾਲੇ ਕਨੂੰਨ ਨੂੰ ਆਪਣੇ ਪ੍ਰਸ਼ਾਸ਼ਨ ਅਤੇ ਤਾਕਤਵਰ ਬਲਾਂ ਦੁਆਰਾ ਆਵਾਮ ਉੱਪਰ ਥੋਪਿਆ ਜਾਂਦਾ ਹੈ।ਅਜਿਹੇ ਵਿੱਚ ਅੱਜ ਵੀ ਅਜਿਹੇ ਲੋਕ ਹਨ ਜੋ ਨਿਧੜਕ ਹੋਕੇ ਇਨ੍ਹਾਂ ਤਾਨਾਸ਼ਾਹੀ ਸਰਕਾਰਾਂ ਦੀਆਂ ਵਧੀਕੀਆਂ ਖ਼ਿਲਾਫ਼ ਲਗਾਤਾਰ ਆਪਣੀ ਆਵਾਜ਼ ਬੁਲੰਦ ਕਰ ਰਹੇ ਹਨ, ਵਿਰੋਧ ਕਰ ਰਹੇ ਹਨ, ਨੌਜਵਾਨ, ਕਿਸਾਨ ਅਤੇ ਮਜ਼ਦੂਰਾਂ ਨੂੰ ਲਾਮਬੰਦ ਕਰਕੇ ਇੱਕ ਸਾਂਝੇ ਵਰਗ ਦਾ ਨਿਰਮਾਣ ਕਰ ਰਹੇ ਹਨ।

ਏਕੇ, ਸਾਂਝੀਵਾਲਤਾ, ਇਨਕਲਾਬ ਦੇ ਨਾਅਰੇ ਲਗਾ ਰਹੇ ਹਨ ਅਤੇ ਉਨ੍ਹਾਂ ‘ਤੇ ਅਮਲ ਕਰ ਰਹੇ ਹਨ। ਇਹ ਲੋਕ ਹੀ ਜੋ ਸ਼ਹੀਦ ਭਗਤ ਸਿੰਘ ਸਿੰਘ ਦੀ ਵਿਚਾਰਧਾਰਾ ਨੂੰ ਜਿਉਂਦਾ ਰੱਖ ਰਹੇ ਹਨ। ਬੇਸ਼ੱਕ ਅੱਜ ਸਰੀਰਕ ਰੂਪ ਵਿੱਚ ਸਾਡੇ ਵਿੱਚਕਾਰ ਨਹੀਂ ਹੈ,ਪਰ! ਉਸਦੀ ਗੁੜਤੀ ਦਿੱਤੇ ਲੱਖਾਂ ਨੌਜਵਾਨ ਅੱਜ ਵੀ ਭਗਤ ਸਿੰਘ ਦੀ ਹੋਂਦ ਦਰਸਾਉਂਦੇ ਹਨ। ਬੇਸ਼ੱਕ ਉਹ ਕੇਸਰੀ ਪੱਗਾਂ ਨਹੀਂ ਬੰਨਦੇ, ਪਰ! ਉਹ ਭਾਰਤ ਦੇ ਤਿਰੰਗੇ ਦੇ ਕੇਸਰੀ ਨਿਸ਼ਾਨ ਨੂੰ ਸਦਾ ਉੱਚਾ ਰੱਖਦੇ ਹਨ, ਬੇਸ਼ੱਕ ਉਨ੍ਹਾਂ ਨੇ ਲੈਨਿਨ ਨੂੰ ਵੀ ਚੰਗੀ ਤਰ੍ਹਾਂ ਨਹੀਂ ਪੜ੍ਹਿਆ ਪਰ! ਉਹ ਜਾਣਦੇ ਹਨ ਕਿ ਹੱਕਾਂ ਲਈ ਲੜਨਾਂ ਉਨ੍ਹਾਂ ਦਾ ਕਨੂੰਨੀ ਅਧਿਕਾਰ ਹੈ, ਆਜ਼ਾਦੀ ਉਨ੍ਹਾਂ ਦਾ ਜਨਮ ਸਿੱਧ ਅਧਿਕਾਰ ਹੈ।

ਬੇਸ਼ੱਕ ਉਨ੍ਹਾਂ ਨੇ ‘ਬਕਸਰ ਜੇਲ੍ਹ ਲਾਹੌਰ’ ਵਿੱਚ ਬਰਾਬਰਤਾ ਲਈ ਭੁੱਖ ਹੜਤਾਲ ਨਹੀਂ ਕੀਤੀ, ਪਰ! ਉਹ ਕਾਰਪੋਰੇਟ ਘਰਾਣਿਆਂ ਤੋਂ ਆਪਣੀਆਂ ਜ਼ਮੀਨੀ ਹੱਕ ਬਚਾਉਣ ਲਈ, ਦਿੱਲ੍ਹੀ ਦੇ ਤਖ਼ਤ ਅੱਗੇ ਲਗਾਤਾਰ ਸ਼ਾਂਤਮਈ ਪ੍ਰਦਰਸ਼ਨ ਕਰ ਰਹੇ ਹਨ।ਦਰਅਸਲ ਇਹੀ ਤਾਂ ਚਾਹੁੰਦਾ ਸੀ ਭਗਤ ਸਿੰਘ ਕਿ ਬੇਸ਼ੱਕ ਉਹ ਸਰੀਰਕ ਤੌਰ ਉੱਪਰ ਇਸ ਦੁਨੀਆਂ ਉੱਪਰ ਨਾਂ ਰਹੇ, ਬੇਸ਼ੱਕ ਉਹ ਗੁਲਾਮੀ ਦੀਆਂ ਜੰਜ਼ੀਰਾਂ ਵਿੱਚ ਜਕੜਿਆ ਜਾਵੇ, ਪਰ! ਉਸਦੀ ਕੁਰਬਾਨੀ ਰਾਹੀਂ ਆਜ਼ਾਦ ਸੋਚ ਸਦਾ ਆਜ਼ਾਦ ਰਹੇ, ਉਸਦੇ ਵਿਚਾਰ ਸਦਾ ਆਜ਼ਾਦ ਰਹਿਣ, ਲੋਕ ਸਦਾ ਆਪਣੇ ਹੱਕਾਂ ਲਈ ਤਾਨਾਸ਼ਾਹੀ ਸਰਕਾਰਾਂ ਦਾ ਵਿਰੋਧ ਕਰਨ ਦੇ ਸਮਰੱਥ ਬਣਨ।

ਬੇਸ਼ੱਕ ਭਗਤ ਸਿੰਘ ਕਦੇ ਵਾਪਿਸ ਨਾ ਆਵੇ, ਪਰ! ਜਦੋਂ ਵੀ ਆਮ ਲੋਕਾਂ ਉੱਪਰ ਤਾਨਾਸ਼ਾਹੀ ਸਰਕਾਰਾਂ ਦੀਆਂ ਤਾਨਾਸ਼ਾਹੀ ਨੀਤੀਆਂ ਲਾਗੂ ਹੋਣ ਤੇ ਲੋਕਾਂ ਦਾ ਵਿਰੋਧ ਜਲਸਿਆਂ ਦੇ ਰੂਪ ਵਿੱਚ , ਵਿਚਾਰਾਂ ਦੇ ਰੂਪ ਵਿੱਚ ਆਪਣੇ ਹੱਕਾਂ ਦੀ ਪ੍ਰਾਪਤੀ ਲਈ ਉਮੜਦਾ ਹੈ ਤਾਂ ਸਾਨੂੰ ਕਿਤੇ ਨਾ ਕਿਤੇ ਇਸ ਇਕੱਠ ਵਿੱਚ ਸ਼ਹੀਦ ਭਗਤ ਸਿੰਘ ਦੀ ਵਿਚਾਰਕ ਵਾਪਸੀ ਹੁੰਦੀ ਜਾਪਦੀ ਹੈ ਜੋ ਸਮਾਜ ਵਿਰੋਧੀ ਸਰਕਾਰਾਂ ਨੂੰ ਸਿੱਧੇ ਰਸਤੇ ਪਾਉਣ ਦੀ ਗੱਲ ਕਰਦੀਆਂ ਹਨ ਜੋ ਸਮੇਂ ਦੀ ਲੋੜ ਵੀ ਹੈ। ਅੱਜ ਸ਼ਹੀਦ ਭਗਤ ਸਿੰਘ ਦੇ ਨਾਂ ਤੇ ਕੲੀ ਥਾਵਾਂ ਤੇ ਨਾਟਕ ਖੇਡੇ ਜਾਂਦੇ ਹਨ, ਕੇਸਰੀ ਪੱਗਾਂ ਬੰਨ ਨੌਜਵਾਨ ਇਨਕਲਾਬ ਜ਼ਿੰਦਾਬਾਦ ਦੇ ਨਾਅਰੇ ਲਗਾਉਂਦੇ ਨੇ ਪਰ ਅਸਲ ਵਿੱਚ ਅਸੀਂ ਅੱਜ ਵੀ ਇਹਨਾਂ ਦੀ ਵਿਚਾਰਧਾਰਾ ਤੋਂ ਕੀਤੇ ਦੂਰ ਹਾਂ ।

ਸਾਡੀ ਲੋਕਰਾਜੀ ਸਰਕਾਰ ਦੀਆਂ ਮਾਰੂ ਨੀਤੀਆਂ ਨੂੰ ਰੋਕਣ ਲਈ ਅਸੀਂ ਸ਼ਹੀਦਾਂ ਦੇ ਵਾਰਿਸ ਬਣਨ ਦੀ ਥਾਂ ਉਹਨਾਂ ਨੂੰ ਮੁੜ ਵਾਪਸ ਆਉਣ ਲਈ ਪੁਕਾਰ ਰਹੇ ਹਾਂ। ਜਦੋਂ ਕਿ ਲੋੜ ਸਾਨੂੰ ਨੂੰ ਖੁਦ ਨੂੰ ਉਹ ਕਿਤਾਬ ਦੇ ਅਗਲੇ ਪੰਨੇ ਪੜਨ ਦੀ ਜੋ ਭਗਤ ਸਿੰਘ ਫਾਂਸੀ ਤੇ ਚੜਨ ਤੋਂ ਪਹਿਲਾਂ ਜਾਂਦਾ ਜਾਂਦਾ ਪੰਨਾ ਮਰੋੜ ਗਿਆ । ਸਾਨੂੰ ਖ਼ੁਦ ਨੂੰ ਹੀ ਭਗਤ ਸਿੰਘ ਰਾਜਗੁਰੂ ਸੁਖਦੇਵ ਜਿਹੇ ਬਣਨ ਦੀ ਲੋੜ ਹੈ ਤਦ ਹੀ ਇਹ ਲੋਕ ਰਾਜੀ ਸਰਕਾਰਾਂ ਅਸਲ ਲੋਕ ਰਾਜੀ ਸਰਕਾਰਾਂ ਬਣ ਸਕਦੀਆਂ ਹਨ ਫਿਰ ਹੀ ਹੋਵੇਗੀ ਅਸਲ ਸਰਦਾਰ ਭਗਤ ਸਿੰਘ ਦੇ ਅਜ਼ਾਦ ਭਾਰਤ ਦੀ ਵਾਪਸੀ ।

ਅਸਿ. ਪ੍ਰੋਫੈਸਰ ਗੁਰਮੀਤ ਸਿੰਘ
ਸਰਕਾਰੀ ਕਾਲਜ, ਮਾਲੇਰਕੋਟਲਾ।
94175-45100

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleAnil Deshmukh asked Vaze to ‘collect’ Rs 100 cr per month: Ex-Mumbai top cop
Next article“ਹਾਲ਼ੀਆਂ ਤੇ ਪਾਲ਼ੀਆਂ ਦਾ ਗੀਤ”