ਸਰਜਰੀ ਤੋਂ ਬਾਅਦ ਐਂਡੀ ਮਰੇ ਦੀ ਸਰਬੋਤਮ ਜਿੱਤ

ਬੀਜਿੰਗ  : ਬਿ੍ਟਿਸ਼ ਟੈਨਿਸ ਸਟਾਰ ਐਂਡੀ ਮਰੇ ਨੇ ਹਿੱਪ ਦੀ ਸਰਜਰੀ ਤੋਂ ਬਾਅਦ ਵਾਪਸੀ ਕਰਨ ਤੋਂ ਬਾਅਦ ਮੰਗਲਵਾਰ ਨੂੰ ਸਰਬੋਤਮ ਜਿੱਤ ਦਰਜ ਕੀਤੀ। ਮਰੇ ਨੇ ਚੀਨ ਓਪਨ ਵਿਚ ਲਗਭਗ ਦੋ ਘੰਟੇ ਤਕ ਚੱਲੇ ਪਹਿਲੇ ਗੇੜ ਦੇ ਮਰਦ ਸਿੰਗਲਜ਼ ਮੁਕਾਬਲੇ ਵਿਚ ਦੁਨੀਆ ਦੇ 13ਵੇਂ ਨੰਬਰ ਦੇ ਖਿਡਾਰੀ ਤੇ ਯੂਐੱਸ ਓਪਨ ਦੇ ਸੈਮੀਫਾਈਨਲ ਵਿਚ ਪੁੱਜਣ ਵਾਲੇ ਮਾਟੀਓ ਬੇਰੇਤੀਨੀ ਨੂੰ 7-6, 7-6 ਨਾਲ ਹਰਾਇਆ। ਪਿਛਲੇ ਹਫ਼ਤੇ 32 ਸਾਲਾ ਮਰੇ ਨੇ ਸਰਜਰੀ ਤੋਂ ਬਾਅਦ ਸਿੰਗਲਜ਼ ਵਿਚ ਪਹਿਲੀ ਏਟੀਪੀ ਜਿੱਤ ਦਰਜ ਕੀਤੀ ਸੀ ਤੇ ਉਹ ਆਪਣੇ ਸਰਬੋਤਮ ਦਿਨਾਂ ਵਿਚ ਵਾਪਸੀ ਕਰਨ ਦੀ ਜੁਗਤ ਵਿਚ ਰੁੱਝੇ ਹੋਏ ਹਨ। ਤਿੰਨ ਵਾਰ ਦੇ ਗਰੈਂਡ ਸਲੈਮ ਚੈਂਪੀਅਨ ਤੇ ਿਫ਼ਲਹਾਲ ਦੁਨੀਆ ਦੇ 503ਵੇਂ ਨੰਬਰ ਦੇ ਖਿਡਾਰੀ ਮਰੇ ਨੇ ਦੋਵਾਂ ਸੈੱਟਾਂ ਨੂੰ ਟਾਈਬ੍ਰੇਕ ਵਿਚ ਆਪਣੇ ਨਾਂ ਕੀਤਾ। ਜਿੱਤ ਤੋਂ ਬਾਅਦ ਮਰੇ ਨੇ ਕਿਹਾ ਕਿ ਟੈਨਿਸ ਵਿਚ ਉਨ੍ਹਾਂ ਦੀ ਵਾਪਸੀ ਸਹੀ ਦਿਸ਼ਾ ਵਿਚ ਜਾ ਰਹੀ ਹੈ। ਓਧਰ ਮਹਿਲਾ ਸਿੰਗਲਜ਼ ਵਿਚ ਚੋਟੀ ਦਾ ਦਰਜਾ ਹਾਸਲ ਐਸ਼ਲੇ ਬਾਰਟੀ ਤੇ ਨਾਓਮੀ ਓਸਾਕਾ ਆਖ਼ਰੀ-16 ਵਿਚ ਪੁੱਜ ਗਈਆਂ। ਵਿਸ਼ਵ ਨੰਬਰ ਇਕ ਬਾਰਟੀ ਨੇ ਕਜ਼ਾਕਿਸਤਾਨ ਦੀ ਯੂਲੀਆ ਪੁਤਿਨਤਸੇਵਾ ਨੂੰ 6-4, 6-2 ਨਾਲ ਹਰਾਇਆ। ਉਥੇ ਜਾਪਾਨ ਦੀ ਓਸਾਕਾ ਨੇ ਜਰਮਨੀ ਦੀ ਏਂਡਰੀਆ ਪੇਤਕੋਵਿਕ ਨੂੰ 6-2, 6-0 ਨਾਲ ਮਾਤ ਦਿੱਤੀ।

Previous articleਹਾਕੀ ‘ਚ ਭਾਰਤ ਦੀ ਚੌਥੀ ਜਿੱਤ
Next articleਦੂਜੇ ਗੇੜ ‘ਚ ਪੁੱਜੇ ਜੋਕੋਵਿਕ