ਕਪੂਰਥਲਾ (ਸਮਾਜ ਵੀਕਲੀ) (ਕੌੜਾ)- ਪਿਛਲੇ 82 ਦਿਨ ਟਾਵਰ ਤੇ ਬੈਠ ਕੇ ਸੰਘਰਸ਼ ਕਰ ਰਹੇ ਬੇਰੁਜਗਾਰ ਅਧਿਆਪਕਾਂ ਦੀਆਂ ਮੰਗਾਂ ਬਿਨ੍ਹਾਂ ਕਿਸੇ ਦੇਰੀ ਤੁਰੰਤ ਮੰਨੀਆਂ ਜਾਣ ਅਤੇ ਲਾਠੀ ਦੇ ਜੋਰ ਤੇ ਬੇਰੁਜਗਾਰ ਅਧਿਆਪਕਾਂ ਦਾ ਸੰਘਰਸ਼ ਨਾਂ ਦਬਾਇਆ ਜਾਵੇ ਇਹ ਵਿਚਾਰ ਦਿੰਦਿਆਂ , ਈ .ਟੀ.ਟੀ.ਅਧਿਆਪਕ ਯੂਨੀਅਨ ਦੇ ਕਾਰਜਕਾਰੀ ਪੰਜਾਬ ਪ੍ਰਧਾਨ ਰਛਪਾਲ ਸਿੰਘ ਵੜੈਚ ਨੇ ਕਿਹਾ ਕਿ ਘਰ ਘਰ ਨੌਕਰੀ ਦੇਣ ਦਾ ਵਾਅਦਾ ਕਰ ਕੇ ਸੱਤਾ ਵਿੱਚ ਆਈ ਸਰਕਾਰ ਦੁਆਰਾ ਬੇਰੁਜਗਾਰਾਂ ਅਤੇ ਮੁਲਾਜਮਾਂ ਪ੍ਰਤੀ ਵਤੀਰਾ ਤਾਨਾਸ਼ਾਹੀ ਵਾਲਾ ਹੈ। ਜਿਥੇ ਬੇਰੁਜਗਾਰ ਅਧਿਆਪਕਾਂ ਦੀ ਗੱਲ ਨਹੀਂ ਸੁਣੀ ਜਾ ਰਹੀ ਓਥੇ ਹੀ ਅਧਿਆਪਕ ਵਰਗ ਨੂੰ ਨਿੱਤ ਨਵੇਂ ਨਾਦਰਸ਼ਾਹੀ ਫੁਰਮਾਨ ਜਾਰੀ ਕਰਕੇ ਅੰਕੜਿਆਂ ਦੀ ਖੇਡ ਵਿੱਚ ਉਲਝਾਇਆ ਜਾ ਰਿਹਾ ਹੈ।
ਉਹਨਾਂ ਕਿਹਾ 2004 ਤੋਂ ਬਾਦ ਭਰਤੀ ਮੁਲਾਜਮਾਂ ਉਪਰ ਨਵੀਂ ਪੈਨਸ਼ਨ ਸਕੀਮ ਥੋਪੀ ਗਈ ਹੈ ਜਦ ਕਿ ਐਮ. ਐਲ ਏ. ਅਤੇ ਸੰਸਦ ਮੈਂਬਰ ਜਿੰਨੀ ਵਾਰ ਜਿੱਤਦੇ ਹਨ ਉਹਨਾਂ ਉਪਰ ਓਨੀ ਵਾਰ ਹੀ ਪੁਰਾਣੀ ਪੈਨਸ਼ਨ ਲਾਗੂ ਹੋ ਜਾਂਦੀ ਹੈ । ਸਰਕਾਰ ਨੂੰ ਮੁਲਾਜਮਾਂ ਉਪਰ ਵੀ ਪੁਰਾਣੀ ਪੈਨਸ਼ਨ ਲਾਗੂ ਕਰਨੀ ਚਾਹੀਦੀ ਹੈ। ਉਹਨਾਂ ਕਿਹਾ ਕਿ ਜੇਕਰ ਸਰਕਾਰ ਨੇ ਮੁਲਾਜਮ ਵਰਗ ਦੀਆਂ ਮੰਗਾਂ ਨਾਂ ਮੰਨੀਆਂ ਤਾਂ ਸਮੁੱਚੀਆਂ ਜਥੇਬੰਦੀਆਂ ਇੱਕ ਪਲੇਟਫਾਰਮ ਤੇ ਇਕੱਠੀਆਂ ਹੋ ਕੇ ਸੰਘਰਸ਼ ਲੜਨ ਲਈ ਮਜਬੂਰ ਹੋਣਗੀਆਂ ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly