ਜੋਧਪੁਰ– ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਹੈ ਕਿ ਵਿਰੋਧੀ ਧਿਰ ਦੀ ਆਲੋਚਨਾ ਦੇ ਬਾਵਜੂਦ ਸਰਕਾਰ ਸੋਧੇ ਹੋਏ ਨਾਗਰਿਕਤਾ ਕਾਨੂੰਨ (ਸੀਏਏ) ਨੂੰ ਲਾਗੂ ਕਰਨ ਦੇ ਫ਼ੈਸਲੇ ਤੋਂ ਇਕ ਇੰਚ ਵੀ ਪਿਛੇ ਨਹੀਂ ਹਟੇਗੀ। ਸੀਏਏ ਦੇ ਪੱਖ ’ਚ ‘ਜਾਗਰੂਕਤਾ ਪ੍ਰੋਗਰਾਮ’ ਦੀ ਸ਼ੁਰੂਆਤ ਕਰਦਿਆਂ ਸ਼ਾਹ ਨੇ ਦੋਸ਼ ਲਾਇਆ ਕਿ ਕਾਂਗਰਸ ਅਤੇ ਹੋਰ ਵਿਰੋਧੀ ਪਾਰਟੀਆਂ ਵੱਲੋਂ ਗੁੰਮਰਾਹਕੁਨ ਪ੍ਰਚਾਰ ਚਲਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸੋਧਿਆ ਹੋਇਆ ਕਾਨੂੰਨ ਕਿਸੇ ਵੀ ਭਾਰਤੀ ਦੀ ਨਾਗਰਿਕਤਾ ਨੂੰ ਨੁਕਸਾਨ ਨਹੀਂ ਪਹੁੰਚਾਉਂਦਾ ਹੈ ਸਗੋਂ ਇਹ ਹੋਰ ਮੁਲਕਾਂ ਦੇ ਲੋਕਾਂ ਨੂੰ ਨਾਗਰਿਕਤਾ ਦਿੰਦਾ ਹੈ। ਗ੍ਰਹਿ ਮੰਤਰੀ ਨੇ ਦੋਸ਼ ਲਾਇਆ ਕਿ ਕਾਂਗਰਸ ‘ਗੁੰਮਰਾਹਕੁਨ’ ਪ੍ਰਚਾਰ ਕਰਕੇ ਵੋਟ ਬੈਂਕ ਦੀ ਸਿਆਸਤ ਖੇਡ ਰਹੀ ਹੈ। ਰੈਲੀ ਨੂੰ ਸੰਬੋਧਨ ਕਰਦਿਆਂ ਸ੍ਰੀ ਸ਼ਾਹ ਨੇ ਕਾਂਗਰਸ ਆਗੂ ਰਾਹੁਲ ਗਾਂਧੀ ਨੂੰ ਚੁਣੌਤੀ ਦਿੱਤੀ ਕਿ ਜੇਕਰ ਉਨ੍ਹਾਂ ਕਾਨੂੰਨ ਨਹੀਂ ਪੜ੍ਹਿਆ ਹੈ ਤਾਂ ਉਹ ਇਸ ਦੇ ਅਰਥਾਂ ਦੀ ਘੋਖ ਕਰੇ। ਉਨ੍ਹਾਂ ਤਨਜ਼ ਕਸਦਿਆਂ ਕਿਹਾ ਕਿ ਜੇਕਰ ਉਹ ਸੀਏਏ ਦੇ ਮੁੱਢਲੇ ਤੱਥਾਂ ਤੋਂ ਅਣਜਾਣ ਹੈ ਤਾਂ ਉਹ ਇਸ ਦਾ ਤਰਜਮਾ ਇਤਾਲਵੀ ਭਾਸ਼ਾ ’ਚ ਵੀ ਕਰਵਾ ਸਕਦੇ ਹਨ। ‘ਸੀਏਏ ਦਾ ਵਿਰੋਧ ਉਨ੍ਹਾਂ ਧਿਰਾਂ ਵੱਲੋਂ ਕੀਤੇ ਜਾ ਰਿਹਾ ਹੈ ਜਿਨ੍ਹਾਂ ਨੂੰ ਸਿਆਸਤ ਕਰਨ ਦੀ ਆਦਤ ਪੈ ਗਈ ਹੈ ਅਤੇ ਉਹ ਲੋਕਾਂ ਨੂੰ ਗੁੰਮਰਾਹ ਕਰਨ ਲਈ ਗਲਤ ਪ੍ਰਚਾਰ ਕਰ ਰਹੇ ਹਨ।’ ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ’ਤੇ ਵਰ੍ਹਦਿਆਂ ਉਨ੍ਹਾਂ ਕਿਹਾ ਕਿ ਉਹ ਸੀਏਏ ’ਤੇ ਸਿਆਸਤ ਕਰਨ ਦੀ ਬਜਾਏ ਕੋਟਾ ’ਚ ਨਵਜੰਮਿਆਂ ਦੀ ਮੌਤ ’ਤੇ ਧਿਆਨ ਦੇਣ। ਉਨ੍ਹਾਂ ਦਾਅਵਾ ਕੀਤਾ ਕਿ ਕਾਂਗਰਸ ਸਰਕਾਰ ਨੇ ਆਪਣੇ ਚੋਣ ਮਨੋਰਥ ਪੱਤਰ ’ਚ ਐਲਾਨ ਕੀਤਾ ਸੀ ਕਿ ਉਹ ਪਾਕਿਸਤਾਨ ਤੋਂ ਆਉਣ ਵਾਲੇ ਲੋਕਾਂ ਨੂੰ ਮੁਲਕ ਦੀ ਨਾਗਰਿਕਤਾ ਪ੍ਰਦਾਨ ਕਰੇਗੀ ਪਰ ਹੁਣ ਉਹ ਵੋਟ ਬੈਂਕ ਅੱਗੇ ਝੁਕ ਗਈ ਹੈ। ਗ੍ਰਹਿ ਮੰਤਰੀ ਨੇ ਕਿਹਾ ਕਿ ਮੁਲਕ ਨੂੰ ਧਰਮ ਦੇ ਆਧਾਰ ’ਤੇ ਵੰਡਣ ਵਾਲੀ ਕਾਂਗਰਸ ਸੀ। ਉਨ੍ਹਾਂ ਕਿਹਾ,‘‘ਵੰਡ ਤੋਂ ਬਾਅਦ ਪਾਕਿਸਤਾਨ ’ਚ 30 ਫ਼ੀਸਦੀ ਘੱਟ ਗਿਣਤੀ ਸਨ ਜੋ ਹੁਣ ਘੱਟ ਕੇ ਮਹਿਜ਼ ਤਿੰਨ ਫ਼ੀਸਦੀ ਰਹਿ ਗਏ ਹਨ। ਬੰਗਲਾਦੇਸ਼ ’ਚ 30 ਤੋਂ ਘੱਟ ਕੇ ਸਿਰਫ਼ 7 ਫ਼ੀਸਦੀ ਘੱਟ ਗਿਣਤੀ ਰਹਿ ਗਏ ਹਨ। ਮੈਂ ਰਾਹੁਲ ਬਾਬਾ ਅਤੇ ਮਮਤਾ ਦੀਦੀ ਤੋਂ ਪੁੱਛਣਾ ਚਾਹੁੰਦਾ ਹਾਂ ਕਿ ਇਹ ਲੋਕ ਕਿੱਥੇ ਜਾਣਗੇ। ਜਾਂ ਤਾਂ ਉਨ੍ਹਾਂ ਦੀ ਹੱਤਿਆ ਹੋ ਜਾਵੇਗੀ ਜਾਂ ਫਿਰ ਉਨ੍ਹਾਂ ਦਾ ਧਰਮ ਪਰਿਵਰਤਨ ਹੋ ਜਾਵੇਗਾ। ਨਹੀਂ ਤਾਂ ਉਨ੍ਹਾਂ ਨੂੰ ਭਾਰਤ ਆਉਣਾ ਪਵੇਗਾ।’’ ਉਨ੍ਹਾਂ ਕਿਹਾ ਕਿ ਮਮਤਾ ਅਤੇ ਮਾਇਆਵਤੀ ਮਨੁੱਖੀ ਹੱਕਾਂ ਦਾ ਰੌਲਾ ਪਾਉਂਦੀਆਂ ਹਨ ਪਰ ਜਦੋਂ ਇਨ੍ਹਾਂ ਲੋਕਾਂ ਦੇ ਮਨੁੱਖੀ ਹੱਕਾਂ ਦਾ ਘਾਣ ਹੁੰਦਾ ਹੈ ਤਾਂ ਉਹ ਖਾਮੋਸ਼ ਕਿਉਂ ਹੋ ਜਾਂਦੀਆਂ ਹਨ। ਉਨ੍ਹਾਂ ਕਿਹਾ ਕਿ 56 ਇੰਚ ਦੀ ਛਾਤੀ ਵਾਲੇ ਪ੍ਰਧਾਨ ਮੰਤਰੀ ਨੇ ਗੁਆਂਢੀ ਮੁਲਕਾਂ ਦੇ ਘੱਟ ਗਿਣਤੀਆਂ ਦੀ ਬਾਂਹ ਫੜੀ। ‘ਮੈਂ ਇਨ੍ਹਾਂ ਸ਼ਰਨਾਰਥੀਆਂ ਨੂੰ ਕਹਿਣਾ ਚਾਹੁੰਦਾ ਹਾਂ ਕਿ ਉਨ੍ਹਾਂ ਦੇ ਅੱਛੇ ਦਿਨ ਆ ਗਏ ਹਨ ਅਤੇ ਉਹ ਛੇਤੀ ਹੀ ਭਾਰਤ ਦੀ ਨਾਗਰਿਕਤਾ ਹਾਸਲ ਕਰ ਲੈਣਗੇ।’ ਉਨ੍ਹਾਂ ਲੋਕਾਂ ਨੂੰ ਸੱਦਾ ਦਿੱਤਾ ਕਿ ਉਹ 88662-88662 ’ਤੇ ਮਿਸਡ ਕਾਲ ਕਰਕੇ ਸ੍ਰੀ ਮੋਦੀ ਨੂੰ ਹਮਾਇਤ ਦੇਣ ਅਤੇ ਮਮਤਾ, ਮਾਇਆਵਤੀ ਅਤੇ ਕੇਜਰੀਵਾਲ ਦੀ ਜੁੰਡਲੀ ਨੂੰ ਮੂੰਹ ਤੋੜਵਾਂ ਜਵਾਬ ਦੇਣ।