ਨਵੀਂ ਦਿੱਲੀ (ਸਮਾਜਵੀਕਲੀ) : ਕੇਂਦਰ ਸਰਕਾਰ ਨੇ 25 ਮਈ ਤੋਂ ਸ਼ੁਰੂ ਹੋ ਰਹੀਆਂ ਘਰੇਲੂ ਕਮਰਸ਼ੀਅਲ ਮੁਸਾਫ਼ਰ ਉਡਾਣਾਂ ਲਈ ਵਿਸਥਾਰਿਤ ਦਿਸ਼ਾ-ਨਿਰਦੇਸ਼ ਜਾਰੀ ਕਰ ਦਿੱਤੇ ਹਨ। ਸ਼ਹਿਰੀ ਹਵਾਬਾਜ਼ੀ ਮੰਤਰੀ ਹਰਦੀਪ ਸਿੰਘ ਪੁਰੀ ਨੇ ਕਿਹਾ ਕਿ ਸਾਰੇ ਹਵਾਈ ਰੂਟਾਂ ਨੂੰ ਉਡਾਣ ਦੀ ਮਿਆਦ (40 ਮਿੰਟਾਂ ਤੋਂ 210 ਮਿੰਟਾਂ) ਦੇ ਅਧਾਰ ’ਤੇ ਸੱਤ ਖੰਡਾਂ ਵਿੱਚ ਵੰਡਿਆ ਗਿਆ ਹੈ।
ਉਨ੍ਹਾਂ ਕਿਹਾ ਕਿ ਇਸ ਅਮਲ ਦਾ ਮੁੱਖ ਮੰਤਵ ਕਿਰਾਏ/ਭਾੜੇ ਨੂੰ ਕੰਟਰੋਲ ਕਰਨਾ ਹੈ ਤੇ ਸਰਕਾਰ ਵੱਲੋਂ ਲਾਈਆਂ ਪਾਬੰਦੀਆਂ 24 ਅਗਸਤ ਤਕ ਜਾਰੀ ਰਹਿਣਗੀਆਂ। ਸ੍ਰੀ ਪੁਰੀ ਨੇ ਕਿਹਾ ਕਿ ਉਡਾਣਾਂ ਮੁੜ ਸ਼ੁਰੂ ਕਰਨ ਦਾ ਫੈਸਲਾ ਸਾਰੇ ਭਾਈਵਾਲਾਂ ਨਾਲ ਸਲਾਹ ਮਸ਼ਵਰੇ ਮਗਰੋਂ ਹੀ ਲਿਆ ਗਿਆ ਹੈ। ਸਾਰੀਆਂ ਮੁਸਾਫ਼ਰ ਉਡਾਣਾਂ 25 ਮਾਰਚ ਤੋਂ ਬੰਦ ਹਨ।
ਨਵੀਆਂ ਸੇਧਾਂ ’ਚ ਹਵਾਈ ਕੰਪਨੀਆਂ ਨੂੰ ਸਖ਼ਤ ਨੇਮਾਂ ਤਹਿਤ ਕੁੱਲ ਇਕ-ਤਿਹਾਈ ਉਡਾਣਾਂ ਚਲਾਉਣ ਦੀ ਇਜਾਜ਼ਤ ਹੀ ਹੋਵੇਗੀ ਤੇ ਏਅਰਲਾਈਨਜ਼ ਸਰਕਾਰ ਵੱਲੋਂ ਨਿਰਧਾਰਿਤ ਉਪਰਲੇ ਤੇ ਹੇਠਲੇ ਭਾੜੇ ਦੀ ਲਿਮਟ ਦਾ ਸਖ਼ਤੀ ਨਾਲ ਪਾਲਣ ਕਰਨਗੀਆਂ। ਸ਼ਹਿਰੀ ਹਵਾਬਾਜ਼ੀ ਮੰਤਰਾਲੇ ਵੱਲੋਂ ਜਾਰੀ ਸੇਧਾਂ ਵਿੱਚ ਬਜ਼ੁਰਗਾਂ, ਗਰਭਵਤੀ ਔਰਤਾਂ ਤੇ ਸਿਹਤ ਨਾਲ ਜੁੜੀਆਂ ਹੋਰਨਾਂ ਮੁਸ਼ਕਲਾਂ ਨਾਲ ਜੂਝ ਰਹੇ ਲੋਕਾਂ ਨੂੰ ਕਰੋਨਾਵਾਇਰਸ ਮਹਾਮਾਰੀ ਦਾ ਜ਼ੋਰ ਘਟਣ ਤਕ ਹਵਾਈ ਸਫ਼ਰ ਨਾ ਕਰਨ ਦੀ ਸਲਾਹ ਦਿੱਤੀ ਗਈ ਹੈ।
ਕੰਟੇਨਮੈਂਟ ਜ਼ੋਨ ’ਚ ਰਹਿੰਦੇ ਲੋਕਾਂ ਦੇ ਹਵਾਈ ਸਫ਼ਰ ਕਰਨ ’ਤੇ ਪਾਬੰਦੀ ਆਇਦ ਰਹੇਗੀ। ਦਿਸ਼ਾ-ਨਿਰਦੇਸ਼ਾਂ ਦੀ ਤਫ਼ਸੀਲ ਮੁਤਾਬਕ ਹਵਾਈ ਸਫ਼ਰ ਕਰਨ ਵਾਲੇ ਸਾਰੇ ਮੁਸਾਫ਼ਰਾਂ ਨੂੰ ਆਰੋਗਿਆ ਸੇਤੂ ਐਪ ਜਾਂ ਸਵੈ-ਘੋਸ਼ਣਾ ਪੱਤਰ ਰਾਹੀਂ ਆਪਣਾ ਮੈਡੀਕਲ ਵੇਰਵਾ ਮੁਹੱਈਆ ਕਰਵਾਉਣਾ ਹੋਵੇਗਾ। ਹਵਾਈ ਅੱਡਿਆਂ ਦੇ ਕਾਊਂਟਰਾਂ ’ਤੇ ਫ਼ਿਜ਼ੀਕਲ ਚੈੱਕ-ਇਨ ਦੀ ਸਹੂਲਤ ਨਹੀਂ ਮਿਲੇਗੀ, ਲਿਹਾਜ਼ਾ ਮੁਸਾਫ਼ਰਾਂ ਨੂੰ ਵੈੱਬ-ਚੈੱਕ-ਇਨ ਕਰਨਾ ਹੋਵੇਗਾ।
ਹਵਾਈ ਸਫ਼ਰ ਦੌਰਾਨ ਮੁਸਾਫਰਾਂ ਨੂੰ ਕੋਈ ਖਾਣਾ ਨਹੀਂ ਮਿਲੇਗਾ, ਮੁਸਾਫ਼ਰਾਂ ਨੂੰ ਆਪਣੇ ਸਰੀਰ ਦਾ ਤਾਪਮਾਨ ਲਾਜ਼ਮੀ ਚੈੱਕ ਕਰਵਾਉਣਾ ਹੋਵੇਗਾ ਤੇ ਹਰ ਮੁਸਾਫ਼ਰ ਨੂੰ ਸਿਰਫ਼ ਚੈੱਕ-ਇਨ ਮੌਕੇ ਇਕੋ ਬੈਗ ਲਿਜਾਣ ਦੀ ਖੁੱਲ੍ਹ ਹੋਵੇਗੀ। ਕਰੋਨਾ ਪਾਜ਼ੇਟਿਵ ਲੋਕਾਂ ਦੇ ਹਵਾਈ ਸਫ਼ਰ ਕਰਨ ’ਤੇ ਪੂਰੀ ਤਰ੍ਹਾਂ ਮਨਾਹੀ ਰਹੇਗੀ। ਸਾਰੇ ਮੁਸਾਫ਼ਰਾਂ ਨੂੰ ਹਵਾਈ ਅੱਡਿਆਂ ’ਚ ਦਾਖ਼ਲ ਹੋਣ ਮੌਕੇ ਮਾਸਕ ਲਾਜ਼ਮੀ ਪਾਉਣਾ ਹੋਵੇਗਾ। ਮੁਸਾਫ਼ਰ ਉਡਾਣ ਰਵਾਨਗੀ ਦੇ ਸਮੇਂ ਤੋਂ ਦੋ ਘੰਟੇ ਪਹਿਲਾਂ ਹਵਾਈ ਅੱਡੇ ’ਤੇ ਰਿਪੋਰਟ ਕਰਨਗੇ ਤੇ ਇਸ ਦੌਰਾਨ ਸਮਾਜਿਕ ਨੇਮਾਂ ਦੀ ਸਖ਼ਤੀ ਨਾਲ ਪਾਲਣਾ ਕਰਨੀ ਹੋਵੇਗੀ।
ਉਧਰ ਸ਼ਹਿਰੀ ਹਵਾਬਾਜ਼ੀ ਮੰਤਰਾਲੇ ਦੇ ਸਕੱਤਰ ਪੀ.ਐੱਸ.ਖਰੋਲਾ ਨੇ ਕਿਹਾ ਕਿ ਕਿਸੇ ਵੀ ਉਡਾਣ ਦੀਆਂ 40 ਫੀਸਦ ਸੀਟਾਂ ਲਈ ਟਿਕਟਾਂ ਸਰਕਾਰ ਵੱਲੋਂ ਨਿਰਧਾਰਿਤ ਉਪਰਲੇ ਤੇ ਹੇਠਲੇ ਹਵਾਈ ਭਾੜਾ ਸੀਮਾ ਦੇ ਵਿਚ-ਵਿਚਾਲੇ (ਦੇ ਭਾਅ) ਵੇਚਣੀਆਂ ਹੋਣਗੀਆਂ। ਉਨ੍ਹਾਂ ਕਿਹਾ ਕਿ ਮੈਟਰੋ (ਮਹਾਨਗਰਾਂ) ਤੋਂ ਗੈਰ-ਮੈਟਰੋ ਸ਼ਹਿਰਾਂ, ਜਿੱਥੇ ਹਫ਼ਤਾਵਾਰੀ ਰਵਾਨਗੀ ਸੌ (ਮੁਸਾਫ਼ਰਾਂ) ਤੋਂ ਵੱਧ ਹੈ, ਉਥੇ ਸਿਰਫ਼ ਇਕ-ਤਿਹਾਈ ਉਡਾਣਾਂ ਚਲਾਉਣ ਦੀ ਹੀ ਇਜਾਜ਼ਤ ਹੋਵੇਗੀ। ਮੰਤਰਾਲੇ ਨੇ ਸਾਰੇ ਫੂਡ ਤੇ ਬੈਵਰੇਜਿਜ਼ (ਐੱਫਐਂਡਬੀ) ਸ਼ਰਤਾਂ ਤਹਿਤ ਸੇਵਾਵਾਂ ਸ਼ੁਰੂ ਕਰਨ ਦੀ ਆਖ ਦਿੱਤਾ ਹੈ।