ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਕਿਹਾ ਕਿ ਉਨ੍ਹਾਂ ਦੀ ਸਰਕਾਰ ਨੇ ਪੁਲਾੜ ਵਿਚ ‘ਚੌਕੀਦਾਰ’ ਤਾਇਨਾਤ ਕਰਨ ਲਈ ਕਦਮ ਚੁੱਕੇ ਹਨ। ਉਨ੍ਹਾਂ ਦਾ ਇਸ਼ਾਰਾ ਐਂਟੀ-ਸੈਟੇਲਾਈਟ ਮਿਜ਼ਾਈਲ ਅਜ਼ਮਾਇਸ਼ ‘ਮਿਸ਼ਨ ਸ਼ਕਤੀ’ ਵੱਲ ਸੀ। ਇਸ ਦੇ ਨਾਲ ਹੀ ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਅਜਿਹੀ ਸਰਕਾਰ ਲਈ ਵੋਟਾਂ ਪਾਉਣ ਜੋ ਸਿਰਫ਼ ਨਾਅਰੇਬਾਜ਼ੀ ਨਾ ਕਰੇ ਬਲਕਿ ਠੋਸ ਫ਼ੈਸਲੇ ਲਏ। ਪ੍ਰਧਾਨ ਮੰਤਰੀ ਨੇ ਉੜੀਸਾ ਵਿਚ ਕੋਰਾਪੁਟ ਜ਼ਿਲ੍ਹੇ ਦੇ ਜੈਪੁਰ ਇਲਾਕੇ ਵਿਚ ਇਸ ਰੈਲੀ ਦੇ ਨਾਲ ਹੀ ਪੂਰਬੀ ਭਾਰਤ ਵਿਚ ਚੋਣ ਪ੍ਰਚਾਰ ਮੁਹਿੰਮ ਸ਼ੁਰੂ ਕਰਦਿਆਂ ਕਿਹਾ ਕਿ ਐਨਡੀਏ ਲੋਕਾਂ ਦੇ ਸਮਰਥਨ ਤੋਂ ਬਿਨਾਂ ਦੇਸ਼ ਵਿਚ ਕੋਈ ਵੀ ਵਿਕਾਸ ਕਾਰਜ ਨਹੀਂ ਸੀ ਕਰ ਸਕਦੀ। ਮੋਦੀ ਨੇ ਕਿਹਾ ਕਿ ਕੇਂਦਰ ਸਰਕਾਰ ਰਾਜ ਵਿਚ ਸੜਕ ਤੇ ਰੇਲਵੇ ਨਾਲ ਸਬੰਧਤ ਮੁੱਢਲਾ ਢਾਂਚਾ ਤਿਆਰ ਕਰਨ ਲਈ ਯਤਨ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਸਰਕਾਰ ਨੇ ਅੱਠ ਲੱਖ ਲੋਕਾਂ ਲਈ ਮਕਾਨ ਬਣਾਏ ਹਨ, ਤਿੰਨ ਹਜ਼ਾਰ ਘਰਾਂ ਵਿਚ ਬਿਜਲੀ ਪਹੁੰਚਾਈ ਹੈ ਤੇ 40 ਲੱਖ ਘਰਾਂ ਵਿਚ ਗੈਸ ਕੁਨੈਕਸ਼ਨ ਦਿੱਤੇ ਹਨ। ਉਨ੍ਹਾਂ ਕਿਹਾ ਕਿ ਉੜੀਸਾ ਕੁਦਰਤੀ ਸਰੋਤਾਂ ਦੀ ਬਹੁਤਾਤ ਦੇ ਬਾਵਜੂਦ ਗਰੀਬੀ ਨਾਲ ਜੂਝ ਰਿਹਾ ਹੈ ਤੇ ਇਸ ਲਈ ਬੀਜੂ ਜਨਤਾ ਦਲ ਜ਼ਿੰਮੇਵਾਰ ਹੈ। ਉਨ੍ਹਾਂ ਸਰਕਾਰ ਬਣਨ ’ਤੇ ਵਿਕਾਸ ਦਾ ਭਰੋਸਾ ਦਿਵਾਇਆ। ਤਿਲੰਗਾਨਾ ਦੇ ਮਹਿਬੂਬਨਗਰ ਵਿਚ ਇਕ ਰੈਲੀ ਨੂੰ ਸੰਬੋਧਨ ਕਰਦਿਆਂ ਸ੍ਰੀ ਮੋਦੀ ਨੇ ਕਿਹਾ ਕਿ ਦੇਸ਼ ਦੇ ਨਾਗਰਿਕ ਬਿਨਾਂ ਭੈਅ ਤੋਂ ਅੱਗੇ ਵੱਧ ਰਹੇ ਹਨ ਕਿਉਂਕਿ ਚੌਕੀਦਾਰ ਚੌਕਸ ਹੈ। ਮੋਦੀ ਨੇ ਸੂਬੇ ਦੇ ਮੁੱਖ ਮੰਤਰੀ ਚੰਦਰਸ਼ੇਖਰ ਰਾਓ ’ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਉਹ ਪਰਿਵਾਰਵਾਦ ਦੀ ਸਿਆਸਤ ਦਾ ਚਿਹਰਾ ਹਨ। ਉਨ੍ਹਾਂ ਇਸ ਮੌਕੇ ਕੇਂਦਰ ਸਰਕਾਰ ਦੀਆਂ ਪ੍ਰਾਪਤੀਆਂ ਗਿਣਾਈਆਂ।
INDIA ਸਰਕਾਰ ਨੇ ਪੁਲਾੜ ਵਿਚ ਵੀ ‘ਚੌਕੀਦਾਰ’ ਤਾਇਨਾਤ ਕੀਤਾ: ਮੋਦੀ