(ਸਮਾਜ ਵੀਕਲੀ)
ਸਾਂਝੇ ਘੋਲ਼ ਵਿੱਚ ਜਿਹੜੇ ਹੋਏ ਨੇ ਸ਼ਹੀਦ ,
ਯਾਦ ਕਰਦੇ ਹਾਂ ਸਿਰਾਂ ਨੂੰ ਝੁਕਾਅ ਕੇ ਮਿੱਤਰੋ ।
ਅਸੀਂ ਇੱਕੋ ਦਿਨ ਸਾਰਿਆਂ ਦੀ ਬਰਸੀ ਮਨਾਉਂਣੀ ,
ਪਹਿਲਾਂ ਲੋਟੂ ਸਰਕਾਰ ਨੂੰ ਹਰਾ ਕੇ ਮਿੱਤਰੋ ।
ਇੱਕ ਨਈਂ ਅਨੇਕ ਕੀਤੇ ਫੈਸਲੇ ਇਹੋ ‘ਜੇ ,
ਜਿਹੜੇ ਘਾਤਕ ਨੇ ਦੇਸ਼ ਦਿਆਂ ਲੋਕਾਂ ਵਾਸਤੇ ।
ਖੇਤੀ ਸੋਧ ਬਿੱਲ ਤਿੰਨ ਚਾਰ ਜੋ ਬਣਾਏ ,
ਇਹ ਵੀ ਜਾਪਦੇ ਬਣਾਏ ਜਿਵੇਂ ਜੋਕਾਂ ਵਾਸਤੇ ।
ਤਾਂ ਹੀ ਲੌਕ ਡਾਉਨ ਵਿੱਚ ਆਰਡੀ ਨੈਂਸ ਰਾਹੀਂ ,
ਲਾਗੂ ਕੀਤੇ ਅੱਖ ‘ਜੀ ਚੁਰਾ ਕੇ ਮਿੱਤਰੋ ।
ਇੱਕੋ ਦਿਨ ਸਾਰਿਆਂ ਦੀ ਬਰਸੀ ——
ਕੀਤਾ ਅਧਿਅੈਨ ਜਦੋਂ ਜੋੜ ਕੇ ਸਿਰਾਂ ਨੂੰ ,
ਝੰਡਾ ਚੁੱਕਿਆ ਪੰਜਾਬੀਆਂ ਨੇ ਸਾਰਿਆਂ ਤੋਂ ਪਹਿਲਾਂ।
ਹੌਲ਼ੀ ਹੌਲ਼ੀ ਲੋਕਾਂ ਨੂੰ ਸੀ ਲਾਮਬੰਦ ਕੀਤਾ ,
ਲਾਏ ਧਰਨੇ ਸੀ ਢੋਲ ਤੇ ਨਗਾਰਿਆਂ ਤੋਂ ਪਹਿਲਾਂ ।
ਤਿੰਨ ਮੀਨੇ੍ ਪਹਿਲਾਂ ਪਹੁੰਚੇ ਦਿੱਲੀ ਦਿਆਂ ਬਾਡਰਾਂ ‘ਤੇ,
ਰਾਹ ਦੇ ਸਾਰੇ ਵੱਟਾਂ ਬੰਨੇਂ ਢਾਹ ਕੇ ਮਿੱਤਰੋ ।
ਇੱਕੋ ਦਿਨ ਸਾਰਿਆਂ ਦੀ ਬਰਸੀ ——
ਹੌਲ਼ੀ ਹੌਲ਼ੀ ਹੋਰਾਂ ਨੂੰ ਵੀ ਜਾਗ ਲੱਗ ਗਈ ਸੀ ,
ਪਹੁੰਚ ਗਿਆ ਸੀ ਸੁਨੇਹਾ ਜਦੋਂ ਸਾਰਿਆਂ ਦੇ ਤੱਕ।
ਤਿੰਨ ਮੀਨਿ੍ਆਂ ‘ਚ ਗੱਲ ਪੁੱਜ ‘ਗੀ ਆਖੀਰ ,
ਗੀਤਾਂ ਬੋਲੀਆਂ ਤੋਂ ਲੈ ਕੇ ਹੰਝੂ ਖਾਰਿਆਂ ਦੇ ਤੱਕ।
ਗੱਲ ਬਾਤ ਕੀਤੀ ਪੂਰੇ ਗੇੜ ਦੀ ਗਿਆਰਾਂ ,
ਰੇਲ਼ ਹਾਕਮਾਂ ਦੀ ਰੱਖ ‘ਤੀ ਬਣਾ ਕੇ ਮਿੱਤਰੋ ।
ਇੱਕੋ ਦਿਨ ਸਾਰਿਆਂ ਦੀ ਬਰਸੀ ——
ਸਵਾ ਦੋ ਸੌ ਸੂਰਮੇਂ ਸ਼ਹੀਦ ਕਰਵਾ ਕੇ ,
ਅਸੀਂ ਅਜੇ ਤਾਈਂ ਸਬਰਾਂ ਨੂੰ ਟੁੱਟਣ ਨਾ ਦਿੱਤਾ ।
ਹਾਕਮਾਂ ਨੇ ਛੱਡੇ ਸੀ ਕਈ ਸੱਪ ਤੇ ਸਪੋਲ਼ੀਏ ,
ਮਿੱਧ ਦਿੱਤੇ ਅਸੀਂ ਕੋਈ ਉੱਠਣ ਨਾ ਦਿੱਤਾ ।
ਪਿੰਡ ਰੰਚਣਾਂ ਵਾਲ਼ੇ ਨੇ ਲਿਖੇ ਦਰਜਨਾਂ ਹੀ ਗੀਤ ,
ਗਾਏ ਕਈ ਕਲਾਕਾਰਾਂ ਨੇ ਸਜਾ ਕੇ ਮਿੱਤਰੋ ।
ਇੱਕੋ ਦਿਨ ਸਾਰਿਆਂ ਦੀ ਬਰਸੀ ਮਨਾਉਂਣੀ ,
ਪਹਿਲਾਂ ਲੋਟੂ ਸਰਕਾਰ ਨੂੰ ਹਰਾ ਕੇ ਮਿੱਤਰੋ ।
ਮੂਲ ਚੰਦ ਸ਼ਰਮਾ ਪ੍ਰਧਾਨ ,
ਪੰਜਾਬੀ ਸਾਹਿਤ ਸਭਾ ਧੂਰੀ ( ਪੰਜਾਬ )
9478408898