ਫਾਸਟ ਟਰੈਕ ਅਦਾਲਤਾਂ ’ਚ ਹੋਵੇਗੀ ਬੇਅਦਬੀ ਕੇਸਾਂ ਦੀ ਸੁਣਵਾਈ
ਨਾਭਾ ਜੇਲ੍ਹ ਵਿਚ ਸ਼ਨਿਚਰਵਾਰ ਨੂੰ ਕਤਲ ਕੀਤੇ ਗਏ ਬਰਗਾੜੀ ਬੇਅਦਬੀ ਮਾਮਲੇ ਦੇ ਮੁੱਖ ਮੁਲਜ਼ਮ ਡੇਰਾ ਪ੍ਰੇਮੀ ਮਹਿੰਦਰਪਾਲ ਬਿੱਟੂ ਦੀ ਮ੍ਰਿਤਕ ਦੇਹ ਦਾ ਅੱਜ ਸ਼ਾਮ ਅੰਤਿਮ ਸਸਕਾਰ ਕਰ ਦਿੱਤਾ ਗਿਆ। ਚਿਖ਼ਾ ਨੂੰ ਅਗਨੀ ਮਹਿੰਦਰਪਾਲ ਦੇ ਪੁੱਤਰ ਅਰਵਿੰਦਰ ਨੇ ਦਿਖਾਈ। ਅੰਤਿਮ ਸਸਕਾਰ ਮੌਕੇ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਗਏ ਸਨ। ਇਸ ਤੋਂ ਪਹਿਲਾਂ ਡੇਰੇ ਦੇ ਨਾਮ ਚਰਚਾ ਘਰ ਵਿਚ ਪ੍ਰਸ਼ਾਸਨ ਤੇ ਡੇਰਾ ਸੱਚਾ ਸੌਦਾ ਦੀ ਕਾਰਜਕਾਰੀ ਕਮੇਟੀ ਦੀ ਬੰਦ ਕਮਰਾ ਮੀਟਿੰਗ ਹੋਈ। ਇਹ ਮੀਟਿੰਗ ਦੁਪਹਿਰੇ 12 ਵਜੇ ਸ਼ੁਰੂ ਹੋਈ ਅਤੇ ਸ਼ਾਮ 4 ਵਜੇ ਤੱਕ ਚੱਲਦੀ ਰਹੀ। ਪ੍ਰਸ਼ਾਸਨ ਵੱਲੋਂ ਇਸ ਮੀਟਿੰਗ ਵਿਚ ਡਿਪਟੀ ਕਮਿਸ਼ਨਰ (ਫ਼ਰੀਦਕੋਟ) ਕੁਮਾਰ ਸੌਰਵ ਰਾਜ, ਜ਼ਿਲ੍ਹਾ ਪੁਲੀਸ ਮੁਖੀ ਰਾਜਬਚਨ ਸਿੰਘ ਤੇ ਡੀਐੱਸਪੀ ਸ਼ਾਮਲ ਸਨ। ਡੇਰੇ ਦੀ ਕਾਰਜਕਾਰਨੀ ਕਮੇਟੀ ਵਿਚ ਮੈਂਬਰ ਰਾਮ ਸਿੰਘ ਤੇ ਡੇਰੇ ਦੇ ਹੋਰ ਕਈ ਆਗੂ ਸ਼ਾਮਲ ਹੋਏ। ਮੀਟਿੰਗ ਮਗਰੋਂ ਡੀਸੀ ਨੇ ਜਨਤਕ ਇਕੱਠ ਨੂੰ ਦੱਸਿਆ ਕਿ ਪੰਜਾਬ ਸਰਕਾਰ ਨੇ ਫ਼ੈਸਲਾ ਲਿਆ ਹੈ ਕਿ ਸੂਬੇ ਵਿਚ ਡੇਰਾ ਪ੍ਰੇਮੀਆਂ ਵਿਰੁੱਧ ਬੇਅਦਬੀ ਨਾਲ ਸਬੰਧਤ ਦਰਜ ਕੇਸਾਂ ਦੀ ਸੁਣਵਾਈ ਫਾਸਟ ਟਰੈਕ ਅਦਾਲਤਾਂ ਵਿਚ ਕੀਤੀ ਜਾਵੇਗੀ, ਮਰਹੂਮ ਬਿੱਟੂ ਦੇ ਪਰਿਵਾਰਕ ਮੈਂਬਰਾਂ ਨੂੰ ਪੰਜਾਬ ਸਰਕਾਰ ਵੱਲੋਂ ਸੁਰੱਖਿਆ ਮਿਲੇਗੀ ਤੇ ਨਾਭਾ ਜੇਲ੍ਹ ’ਚ ਵਾਪਰੇ ਹੱਤਿਆ ਕਾਂਡ ਦੀ ਜਾਂਚ ਪੰਜਾਬ ਪੁਲੀਸ ਦੀ ਉੱਚ ਪੱਧਰੀ ਟੀਮ ਕਰੇਗੀ। ਡਿਪਟੀ ਕਮਿਸ਼ਨਰ ਵੱਲੋਂ ਕੀਤੇ ਐਲਾਨ ਮਗਰੋਂ ਡੇਰਾ ਪ੍ਰੇਮੀ ਸੰਤੁਸ਼ਟ ਨਜ਼ਰ ਆਏ ਤੇ ਸਸਕਾਰ ਕੀਤਾ ਗਿਆ। ਇਸ ਮੌਕੇ ਡੇਰਾ ਪ੍ਰੇਮੀਆਂ ਨੇ ਫ਼ਰੀਦਕੋਟ ਪ੍ਰਸ਼ਾਸਨ ਰਾਹੀਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਨਾਂ ਇਕ ਮੰਗ ਪੱਤਰ ਸੌਂਪਿਆ। ਇਸ ਵਿਚ ਹੱਤਿਆ ਦੀ ਜਾਂਚ ਰਿਪੋਰਟ ਮਨੁੱਖੀ ਅਧਿਕਾਰ ਕਮਿਸ਼ਨ ਨੂੰ ਭੇਜਣ ਤੇ ਕਮਿਸ਼ਨ ਦੀਆਂ ਸਿਫ਼ਾਰਿਸ਼ਾਂ ਅਨੁਸਾਰ ਪੰਜਾਬ ਸਰਕਾਰ ਵੱਲੋਂ ਕਾਰਵਾਈ ਕਰਨ ਦੀ ਮੰਗ ਕੀਤੀ ਗਈ। ਪੈਰੋਕਾਰਾਂ ਨੇ ਜ਼ਮਾਨਤਾਂ ’ਤੇ ਬਾਹਰ ਆਏ ਤੇ ਜੇਲ੍ਹਾਂ ਵਿਚ ਬੰਦ ਡੇਰਾ ਪ੍ਰੇਮੀਆਂ ਦੀ ਸੁਰੱਖਿਆ ਯਕੀਨੀ ਬਣਾਉਣ ਦੀ ਵੀ ਮੰਗ ਕੀਤੀ । ਨਾਮ-ਚਰਚਾ ਘਰ ’ਚ ਅੱਜ ਸ਼ਰਧਾਲੂਆਂ ਦਾ ਇਕੱਠ ਪਹਿਲਾਂ ਨਾਲੋਂ ਵੱਡਾ ਸੀ। ਨੀਮ ਫ਼ੌਜੀ ਬਲਾਂ ਨੇ ਅੱਜ ਸ਼ਹਿਰ ਵਿਚ ਪੁਲੀਸ ਦੇ ਨਾਲ ਸੁਰੱਖਿਆ ਦੇ ਮੱਦੇਨਜ਼ਰ ਫਲੈਗ ਮਾਰਚ ਕੀਤਾ। ਇਸ ਮੌਕੇ ਆਈਜੀ ਮੁਖਵਿੰਦਰ ਸਿੰਘ ਛੀਨਾ ਵੀ ਹਾਜ਼ਰ ਸਨ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਡੇਰਾ ਪ੍ਰੇਮੀਆਂ ਨੇ ਨਾਭਾ ਜੇਲ੍ਹ ਵਿਚ ਕਤਲ ਕੀਤੇ ਗਏ ਬਿੱਟੂ ਦਾ ਸਸਕਾਰ ਕਰਨ ਤੋਂ ਨਾਂਹ ਕਰ ਦਿੱਤੀ ਸੀ। ਡੇਰਾ ਸਿਰਸਾ ਦੀ 45 ਮੈਂਬਰੀ ਕਮੇਟੀ ਨੇ ਮੰਗ ਕੀਤੀ ਸੀ ਕਿ ਜਦ ਤੱਕ ਪੰਜਾਬ ਸਰਕਾਰ ਸੂਬੇ ਵਿਚ ਡੇਰਾ ਪ੍ਰੇਮੀਆਂ ਖ਼ਿਲਾਫ਼ ਦਰਜ ਬੇਅਦਬੀ ਦੇ ਸਾਰੇ ਕੇਸਾਂ ਨੂੰ ਰੱਦ ਨਹੀਂ ਕਰਦੀ, ਸਸਕਾਰ ਨਹੀਂ ਕੀਤਾ ਜਾਵੇਗਾ।