ਖ਼ਜ਼ਾਨਾ ਮੰਤਰੀ ਪੰਜਾਬ ਮਨਪ੍ਰੀਤ ਬਾਦਲ ਨੇ ਅੱਜ ਇੱਥੇ ਆਖਿਆ ਕਿ ਪੰਜਾਬ ਦੇ ਖ਼ਜ਼ਾਨੇ ਤੋਂ ਹੁਣ ਸੰਕਟ ਟਲਿਆ ਹੈ ਅਤੇ ਦੋ ਵਰ੍ਹਿਆਂ ਮਗਰੋਂ ਖ਼ਜ਼ਾਨਾ ਪੈਰਾਂ-ਸਿਰ ਹੋਇਆ ਹੈ। ਉਨ੍ਹਾਂ ਆਖਿਆ ਕਿ ਜਦੋਂ ਕਾਂਗਰਸ ਨੇ ਹਕੂਮਤ ਸੰਭਾਲੀ ਤਾਂ ਖ਼ਜ਼ਾਨਾ ਖਾਲੀ ਸੀ। ਦੋ ਸਾਲਾਂ ਮਗਰੋਂ ਹੁਣ ਸਰਕਾਰ ਦੀ ਆਮਦਨ ਵਧੀ ਹੈ ਅਤੇ ਖਰਚੇ ਘਟੇ ਹਨ। ਖ਼ਜ਼ਾਨੇ ਵਿਚ ਕਰੀਬ 1650 ਕਰੋੜ ਆਮ ਨਾਲੋਂ ਜ਼ਿਆਦਾ ਪਏ ਹਨ। ਉਨ੍ਹਾਂ ਭਰੋਸਾ ਦਿੱਤਾ ਕਿ ਹੁਣ ਪੰਜਾਬ ਵਿਚ ਕਿਸੇ ਵੀ ਸਕੀਮ ਦਾ ਪੈਸਾ ਰੁਕੇਗਾ ਨਹੀਂ ਅਤੇ ਭਲਾਈ ਸਕੀਮਾਂ ਦਾ ਪੈਸਾ ਸਮੇਂ ਸਿਰ ਲੋਕਾਂ ਨੂੰ ਮਿਲੇਗਾ।
ਖ਼ਜ਼ਾਨਾ ਮੰੰਤਰੀ ਨੇ ਅੱਜ ਆਪਣੇ ਹਲਕੇ ਬਠਿੰਡਾ ਸ਼ਹਿਰੀ ਵਿਚ ਕਰੀਬ ਡੇਢ ਦਰਜਨ ਪ੍ਰੋਗਰਾਮਾਂ ਵਿਚ ਸ਼ਮੂਲੀਅਤ ਕੀਤੀ। ਵਿੱਤ ਮੰਤਰੀ ਬਾਦਲ ਨੇ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਵੱਲੋਂ ਦਿੱਤੀ ਚੁਣੌਤੀ ਦੇ ਮਾਮਲੇ ਵਿਚ ਆਖਿਆ ਕਿ ਹਰਸਿਮਰਤ ਪਹਿਲਾਂ ਆਪਣੀ ਉਮੀਦਵਾਰੀ ਬਠਿੰਡਾ ਤੋਂ ਐਲਾਨੇ। ਉਹ ਕਿਸੇ ਬਹਿਸ ਵਿਚ ਪਹਿਲਾਂ ਹੀ ਕਿਉਂ ਪੈਣ। ਉਹ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਦੇ ਸਿਪਾਹੀ ਹਨ ਅਤੇ ਪਾਰਟੀ ਤਰਫ਼ੋਂ ਜੋ ਵੀ ਹੁਕਮ ਹੋਵੇਗਾ, ਉਸ ਦੀ ਪਾਲਣਾ ਕੀਤੀ ਜਾਵੇਗੀ। ਸੁਖਪਾਲ ਖਹਿਰਾ ਵੱਲੋਂ ਬਠਿੰਡਾ ਤੋਂ ਚੋਣ ਲੜਨ ਦਾ ਐਲਾਨ ਕੀਤੇ ਜਾਣ ’ਤੇ ਮਨਪ੍ਰੀਤ ਬਾਦਲ ਨੇ ਆਖਿਆ ਕਿ ਸਾਨੂੰ ਕਿਸੇ ’ਤੇ ਕੋਈ ਇਤਰਾਜ਼ ਨਹੀਂ। ਕਾਂਗਰਸ ਆਪਣੀ ਕਾਰਗੁਜ਼ਾਰੀ ਦੇ ਬਲਬੂਤੇ ’ਤੇ ਚੋਣਾਂ ਲੜੇਗੀ।
ਮਨਪ੍ਰੀਤ ਬਾਦਲ ਨੇ ਸੁਖਬੀਰ ਬਾਦਲ ਦੀ ਟਿੱਪਣੀ ਬਾਰੇ ਆਖਿਆ ਕਿ ਸੁਖਬੀਰ ਬਾਦਲ ਤੋਂ ਇਹ ਬਰਦਾਸ਼ਤ ਨਹੀਂ ਹੋ ਰਿਹਾ ਕਿ ਉਹ (ਮਨਪ੍ਰੀਤ) ਦੂਸਰੀ ਵਾਰ ਖ਼ਜ਼ਾਨਾ ਮੰਤਰੀ ਬਣ ਗਏ ਹਨ। ਮਨਪ੍ਰੀਤ ਬਾਦਲ ਨੇ ਭਾਜਪਾ ਸਰਕਾਰ ਨੂੰ ਵੀ ਨਿਸ਼ਾਨੇ ’ਤੇ ਰੱਖਿਆ ਅਤੇ ਆਖਿਆ ਕਿ ਭਾਜਪਾ ਸਰਜੀਕਲ ਹਮਲੇ ਨੂੰ ਸਿਆਸੀ ਲਾਹੇ ਲਈ ਵਰਤ ਰਹੀ ਹੈ ਜਦੋਂ ਕਿ ਕਾਂਗਰਸ ਨੇ ਹਮੇਸ਼ਾ ਅਜਿਹੀਆਂ ਗੱਲਾਂ ਤੋਂ ਗੁਰੇਜ਼ ਕੀਤਾ ਹੈ। ਖ਼ਜ਼ਾਨਾ ਮੰਤਰੀ ਨੇ ਅੱਜ ਕੌਂਸਲਰਾਂ ਨਾਲ ਮੀਟਿੰਗ ਵੀ ਕੀਤੀ, ਜਿਸ ਵਿਚ ਬਠਿੰਡਾ ਸ਼ਹਿਰ ਦੇ 300 ਕਰੋੜ ਦੇ ਵਿਕਾਸ ਕੰਮਾਂ ‘ਤੇ ਚਰਚਾ ਵੀ ਕੀਤੀ। ਮਨਪ੍ਰੀਤ ਨੇ ਅੱਜ ਐੱਮਆਈਜੀ ਕੁਆਰਟਰ, ਸ਼ਾਂਤ ਨਗਰ, ਮਿੱਡੂ ਮੱਲ ਵਾਲੀ ਗਲੀ, ਲਾਲ ਸਿੰਘ ਬਸਤੀ ਗਲੀ ਨੰ:4, ਸੰਜੇ ਨਗਰ, ਤਹਿਸੀਲ ਕੰਪਲੈਕਸ, ਅਮਰੀਕ ਸਿੰਘ ਰੋਡ, ਮਾਤਾ ਜੀਵੀ ਨਗਰ, ਟੈਗੋਰ ਨਗਰ, ਭਾਗੂ ਰੋਡ ਆਦਿ ਇਲਾਕਿਆਂ ਵਿੱਚ ਰੱਖੇ ਪ੍ਰੋਗਰਾਮਾਂ ਵਿੱਚ ਸ਼ਮੂਲੀਅਤ ਕੀਤੀ। ਉਨ੍ਹਾਂ ਆਖਿਆ ਕਿ ਪੰਜਾਬ ਵਿਚ ਹਰ ਪ੍ਰੋਜੈਕਟ ‘ਤੇ ਕਾਂਗਰਸ ਦਾ ਨਾਮ ਉੱਕਰਿਆ ਹੋਇਆ ਹੈ, ਭਾਵੇਂ ਕੋਈ ਡੈਮ ਹੋਵੇ ਤੇ ਭਾਵੇਂ ਕੋਈ ਯੂਨੀਵਰਸਿਟੀ। ਕਾਂਗਰਸ ਸਰਕਾਰ ਨੇ ਦੋ ਵਰ੍ਹਿਆਂ ਵਿਚ ਨਸ਼ਿਆਂ ਵਰਗੀ ਨਾਮੁਰਾਦ ਬਿਮਾਰੀ ਨੂੰ ਜੜ੍ਹੋਂ ਪੁੱਟਿਆ ਹੈ।
ਸਮਾਗਮਾਂ ਵਿਚ ਸਾਬਕਾ ਮੰਤਰੀ ਚਿਰੰਜੀ ਲਾਲ ਗਰਗ, ਜ਼ਿਲ੍ਹਾ ਪ੍ਰਧਾਨ ਅਰੁਣ ਜੀਤ ਮਲ, ਅਸ਼ੋਕ ਪ੍ਰਧਾਨ, ਜਗਰੂਪ ਸਿੰਘ ਗਿੱਲ, ਮੋਹਨ ਲਾਲ ਝੁੰਬਾ, ਕੇਕੇ ਅਗਰਵਾਲ, ਰਾਜਨ ਗਰਗ, ਰਾਜ ਨੰਬਰਦਾਰ, ਪਵਨ ਮਾਨੀ, ਟਹਿਲ ਸਿੰਘ ਸੰਧੂ, ਦਰਸ਼ਨ ਘੁੱਦਾ, ਪਿਰਥੀਪਾਲ ਸਿੰਘ ਜਲਾਲ, ਬਲਜਿੰਦਰ ਠੇਕੇਦਾਰ, ਜਸਵੀਰ ਸਿੰਘ ਢਿੱਲੋਂ, ਚਮਕੌਰ ਮਾਨ, ਸੁਖਦੇਵ ਸਿੰਘ ਚਹਿਲ ਆਦਿ ਹਾਜ਼ਰ ਸਨ।
INDIA ਸਰਕਾਰ ਦੀ ਆਮਦਨ ਵਧੀ, ਖਰਚਾ ਘਟਿਆ: ਮਨਪ੍ਰੀਤ