ਝੁਨੀਰ- ਦਿ ਮਾਨਸਾ ਪ੍ਰਾਇਮਰੀ ਸਹਿਕਾਰੀ ਖੇਤੀਬਾੜੀ ਵਿਕਾਸ ਬੈਂਕ ਨੇ ਸਰਕਾਰੀ ਵਾਅਦੇ ਤੋਂ ਉਲਟ ਕਿਸਾਨਾਂ ਨੂੰ ਬੈਂਕ ਤੋਂ ਲਏ ਕਰਜ਼ੇ ਦੀਆਂ ਕਿਸ਼ਤਾਂ ਭਰਨ ਦੇ ਨੋਟਿਸ ਭੇਜਣ ਦੇ ਨਾਲ ਡਿਫਾਲਟਰ ਕਿਸਾਨਾਂ ਦੇ ਵੇਰਵੇ ਤੇ ਫੋਟੋਆਂ ਵੀ ਨਸ਼ਰ ਕਰ ਦਿੱਤੀਆਂ ਹਨ। ਦੂਜੇ ਪਾਸੇ ਕਿਸਾਨ ਜਥੇਬੰਦੀਆਂ ਨੇ ਚੇਤਾਵਨੀ ਦਿੱਤੀ ਕਿ ਜੇ ਬੈਂਕਾਂ ਨੇ ਕਿਸਾਨਾਂ ਦੀਆਂ ਫੋਟੋਆਂ ਨਾ ਹਟਾਈਆਂ ਤਾਂ ਉਹ ਬੈਂਕ ਅੱਗੇ ਸੋਮਵਾਰ ਨੂੰ ਧਰਨੇ ਲਾਉਣਗੇ ਤੇ ਅਧਿਕਾਰੀਆਂ ਦਾ ਘਿਰਾਓ ਕਰਨਗੇ।
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਮਾਨਸਾ ਜ਼ਿਲ੍ਹੇ ਤੋਂ ਕਿਸਾਨਾਂ ਦਾ ਕਰਜ਼ਾ ਮੁਆਫ਼ੀ ਦਾ ਆਗਾਜ਼ ਕੀਤਾ ਸੀ ਤੇ ਐਲਾਨ ਕੀਤਾ ਸੀ ਕਿ ਰਾਜ ਦੇ ਕਿਸੇ ਕਿਸਾਨ ਦੀ ਜ਼ਮੀਨ ਜਾਂ ਘਰ ਦੀ ਕਰਜ਼ੇ ਕਾਰਨ ਕੁਰਕੀ ਨਹੀਂ ਕੀਤੀ ਜਾਵੇਗੀ। ਮੁੱਖ ਮੰਤਰੀ ਨੇ ਇਹ ਐਲਾਨ ਕੀਤਾ ਸੀ ਕਿ ਜਿਹੜੇ ਕਿਸਾਨ ਬੈਂਕਾਂ ਦੇ ਡਿਫਾਲਟਰ ਹਨ ਬੈਂਕਾਂ ਵਾਲੇ ਉਨ੍ਹਾਂ ਦੇ ਘਰਾਂ ’ਚ ਚੱਕਰ ਨਹੀਂ ਮਾਰਨਗੇ ਤੇ ਨਾ ਕਿਸਾਨਾਂ ਦੀਆਂ ਤਸਵੀਰਾਂ ਬੋਰਡਾਂ ’ਤੇ ਲਾ ਕੇ ਉਨ੍ਹਾਂ ਨੂੰ ਬਦਨਾਮ ਕੀਤਾ ਜਾਵੇਗਾ।
ਹੁਣ ਮਾਨਸਾ ਦੇ ਪ੍ਰਾਇਮਰੀ ਸਹਿਕਾਰੀ ਖੇਤੀਬਾੜੀ ਵਿਕਾਸ ਬੈਂਕ ਨੇ 15 ਕਿਸਾਨਾਂ ਦੀਆਂ ਫੋਟੋਆਂ ਪੂਰੇ ਵੇਰਵੇ ਸਹਿਤ ਨੋਟਿਸ ਬੋਰਡ ਲਾ ਕੇ ਦੱਸਿਆ ਕਿ ਇਹ ਕਿਸਾਨ ਬੈਂਕ ਦੇ ਕਰੀਬ 20 ਸਾਲਾਂ ਤੋਂ ਕਰੋੜਾਂ ਰੁਪਏ ਦੀ ਕਰਜ਼ਈ ਹਨ।
ਬੈਂਕ ਨੇ ਸੂਚਿਤ ਕੀਤਾ ਹੈ ਕਿ ਇਨ੍ਹਾਂ ਕਿਸਾਨਾਂ ਨੇ ਟਰੈਕਟਰ ਤੇ ਕੰਬਾਈਨ ਸਣੇ ਹੋਰ ਕੰਮਾਂ ਲਈ ਕਰਜ਼ਾ ਲਿਆ ਪਰ ਮੋੜਿਆ ਇਕ ਪੈਸਾ ਨਹੀਂ। ਅਧਿਕਾਰੀਆਂ ਦਾ ਕਹਿਣਾ ਹੈ ਕਿ ਬੈਂਕ ਤੋਂ ਲਏ ਕਰਜ਼ੇ ਦੀ ਰਕਮ ਨਾ ਮੋੜਨ ਕਰਕੇ ਸੈਂਕੜੇ ਕਿਸਾਨ ਡਿਫਾਲਟਰ ਹਨ ਪਰ ਇਹ ਉਹ ਕਿਸਾਨ ਹਨ, ਜਿਨ੍ਹਾਂ ਦਾ ਨਾ ਪਹਿਲੇ ਪੰਦਰਾਂ ਕਿਸਾਨਾਂ ਦੀ ਸੂਚੀ ਆਉਂਦਾ ਹੈ।
ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਜ਼ਿਲ੍ਹਾ ਜਨਰਲ ਸਕੱਤਰ ਮਹਿੰਦਰ ਸਿੰਘ ਭੈਣੀਬਾਘਾ ਨੇ ਕਿਹਾ ਕਿ ਕਿਸਾਨਾਂ ਨੂੰ ਜ਼ਲੀਲ ਕਰਨਾ ਗਲਤ ਹੈ ਇਸ ਨੂੰ ਕਦੇ ਵੀ ਬਰਦਾਸ਼ਤ ਨਹੀ ਕੀਤਾ ਜਾਵੇਗਾ। ਉਹ ਨਾ ਸਿਰਫ ਇਸ ਦਾ ਵਿਰੋਧ ਕਰਨਗੇ ਸਗੋਂ ਬੈਂਕ ਦੇ ਬਾਹਰ ਲੱਗੀਆਂ ਕਿਸਾਨਾਂ ਦੀਆਂ ਫੋਟੋਆਂ ਉਤਾਰਨਗੇ।
INDIA ਸਰਕਾਰੇ ਲਾਰੇ ਤੇਰੇ ਚੰਗੇ; ਕਿਸਾਨ ਨੋਟਿਸ ਬੋਰਡ ’ਤੇ ਟੰਗੇ