ਫੋਟੋ :- ਸਰਕਾਰੀ ਹਸਪਤਾਲ ਨੂਰਮਹਿਲ ਦੀ ਨੁਹਾਰ ਬਦਲਣ ਦੀ ਯੋਜਨਾ ਬਣਾਉਂਦੇ ਨੂਰਮਹਿਲ ਇਲਾਕੇ ਦੇ ਲੋਕਾਂ ਦਾ ਇਕੱਠ ਜ਼ਿਲਾ ਪ੍ਰਧਾਨ ਨੰਬਰਦਾਰ ਯੂਨੀਅਨ ਅਸ਼ੋਕ ਸੰਧੂ ਨਾਲ
*ਮਹਿੰਗੇ ਰੇਟ ਵਾਲੀਆਂ ਦਵਾਈਆਂ ਦੀ ਲੁੱਟ-ਖਸੁੱਟ ਦਾ ਹੋਇਆ ਪਰਦਾਫ਼ਾਸ਼, ਉਚਿੱਤ ਹੋਵੇ ਜਾਂਚ – ਅਸ਼ੋਕ ਸੰਧੂ ਨੰਬਰਦਾਰ*
ਨੂਰਮਹਿਲ – (ਹਰਜਿੰਦਰ ਛਾਬੜਾ) ਉੱਜੜ ਰਹੇ ਸਰਕਾਰੀ ਹਸਪਤਾਲ ਨੂਰਮਹਿਲ ਨੂੰ ਬਚਾਉਣ ਅਤੇ ਹਸਪਤਾਲ ਨੂੰ ਹੀ ਸਿਹਤਮੰਦ ਬਣਾਉਣ ਦੇ ਮਨਸੂਬੇ ਨੂੰ ਲੈਕੇ ਉਸਾਰੂ ਸੋਚ ਵਾਲੀਆਂ ਜਥੇਬੰਦੀਆਂ ਅਤੇ ਸ਼ਹਿਰ ਦੇ ਪਤਵੰਤਿਆਂ ਨੇ ਇਕੱਠੇ ਹੋਕੇ ਨੰਬਰਦਾਰ ਯੂਨੀਅਨ ਜ਼ਿਲਾ ਜਲੰਧਰ ਦੇ ਪ੍ਰਧਾਨ ਲਾਇਨ ਅਸ਼ੋਕ ਸੰਧੂ ਨੰਬਰਦਾਰ ਨੂਰਮਹਿਲ ਦੀ ਅਗਵਾਈ ਹੇਠ ਸਰਕਾਰੀ ਹਸਪਤਾਲ ਨੂਰਮਹਿਲ ਵਿਖੇ ਵਿਸ਼ੇਸ਼ ਮੋਰਚਾ ਲਾਇਆ। ਇਸ ਮੌਕੇ ਵੱਖ ਵੱਖ ਟੀ.ਵੀ. ਚੈੱਨਲਾਂ ਅਤੇ ਅਖਵਾਰਾਂ ਦੇ ਰਿਪੋਰਟਰਜ਼ ਵੀ ਮੌਜੂਦ ਸਨ ਅਤੇ ਲੋਕਾਂ ਨੇ ਮੀਡਿਆ ਸਾਹਮਣੇ ਆਪਣੀ ਹੱਡ ਬੀਤੀ ਦੱਸਦਿਆਂ ਕਿਹਾ ਕਿ ਇਸ ਹਸਪਤਾਲ ਵਿੱਚ ਨਾ ਤਾਂ ਪੂਰੇ ਡਾਕਟਰ ਹਨ ਅਤੇ ਨਾ ਹੀ ਸਟਾਫ਼ , ਨਾ ਜਰੂਰੀ ਮਸ਼ੀਨਾਂ ਅਤੇ ਨਾ ਹੀ ਜਰੂਰੀ ਦਵਾਈਆਂ ਜਦਕਿ ਹਸਪਤਾਲ ਅੰਦਰ ਜਗ੍ਹਾ-ਜਗ੍ਹਾ ਜਰੂਰੀ ਦਵਾਈਆਂ ਫ੍ਰੀ ਦੇ ਬੋਰਡ ਲੱਗੇ ਹੋਏ ਹਨ। ਮੌਜੂਦਾ ਹਾਲਾਤ ਇਹ ਹਨ ਕਿ ਸਰਕਾਰੀ ਪਰਚੀ ਤੇ ਦਵਾਈ ਲਿਖਣ ਵਾਲਿਆਂ ਦੇ ਨਜ਼ਦੀਕੀ ਦਵਾਈਆਂ ਦੀਆਂ ਦੁਕਾਨਾਂ ਅਤੇ ਹਸਪਤਾਲਾਂ ਨਾਲ ਮਿਲੀਭੁਗਤ ਹੈ ਅਤੇ ਲੋਕਾਂ ਦੀ ਖੂਬ ਲੁੱਟ ਖਸੁੱਟ ਹੋ ਰਹੀ ਹੈ। ਮੌਕੇ ਤੇ ਹੀ ਮਿਲੀ ਉਦਾਹਰਣ ਮੁਤਾਬਕ ਇੱਕ ਮਰੀਜ਼ ਨੇ ਡਾਕਟਰ ਦੀ ਲਿਖੀ ਹੋਈ ਭਾਸ਼ਾ ਵਿੱਚ ਬਾਹਰੋਂ ਦੁਕਾਨ ਤੋਂ ਦਵਾਈ ਲਈ ਜਿਸ ਤੇ ਰੇਟ 300/-ਰੁਪਏ ਪ੍ਰਿੰਟ ਹੈ ਪਰ ਬੇਨਤੀ ਕਰਨ ਉਪਰੰਤ 150/-ਰੁਪਏ ਦੀ ਮਿਲੀ ਜੋ ਕਿ ਬਹੁਤ ਵੱਡੀ ਘਪਲੇਬਾਜ਼ੀ ਹੋਣ ਦੀ ਗਵਾਹੀ ਭਰਦੀ ਹੈ ਜਿਸਦੀ ਜਾਂਚ ਹੋਣੀ ਅਤਿ ਮਹੱਤਵਪੂਰਨ ਹੈ। ਇਸੇ ਤਰਾਂ ਸਕੈਨਿੰਗ, ਈ.ਸੀ.ਜੀ ਆਦਿ ਨਾਲ ਜੁੜੀਆਂ ਹੋਰ ਬਹੁਤ ਸਾਰੀਆਂ ਲੁੱਟ-ਖਸੁੱਟ ਦੀਆਂ ਘਟਨਾਵਾਂ ਵਾਰੇ ਲੋਕਾਂ ਨੇ ਜਾਣਕਾਰੀ ਦਿੱਤੀ। ਇਹ ਸਾਰਾ ਖੁਲਾਸਾ ਹਸਪਤਾਲ ਦੇ ਐਸ.ਐਮ.ਓ ਡਾ: ਨਰਿੰਦਰ ਕੌਰ ਨਾਲ ਵੀ ਕੀਤਾ ਗਿਆ ਅਤੇ ਡਾਕਟਰ ਸਾਹਿਬਾਨਾਂ ਅਤੇ ਹੋਰ ਸਟਾਫ਼ ਦੀ ਕਮੀ ਵਾਰੇ ਪੁੱਛਿਆ ਗਿਆ ਤਾਂ ਉਹਨਾਂ ਕਿਹਾ ਇਹ ਮੇਰੇ ਬਸ ਤੋਂ ਬਾਹਰ ਦੀ ਗੱਲ ਹੈ, ਖਾਲੀ ਪੋਸਟਾਂ ਭਰਨੀਆਂ ਜਰੂਰੀ ਹਨ ਅਤੇ ਉੱਚ ਅਧਿਕਾਰੀਆਂ ਦੇ ਹੁਕਮਾਂ ਅਤੇ ਤੁਹਾਡੀ ਜਦੋਂਜਹਿਦ ਸਦਕਾ ਜਦੋਂ ਪੋਸਟਾਂ ਭਰਨਗੀਆਂ ਉਦੋਂ ਇਹ ਲਾਚਾਰ ਹਸਪਤਾਲ ਲੋਕਾਂ ਦਾ ਇਲਾਜ ਕਰ ਸਕੇਗਾ। ਜ਼ਿਲਾ ਪ੍ਰਧਾਨ ਅਸ਼ੋਕ ਸੰਧੂ ਨੇ ਦੱਸਿਆ ਕਿ ਇਸ ਹਸਪਤਾਲ ਨੂੰ ਇਲਾਕੇ ਦੇ 84 ਪਿੰਡ ਲਗਦੇ ਹਨ ਜਦਕਿ ਇੱਥੇ ਸਿਰਫ਼ ਦੋ ਡਾਕਟਰ ਹੀ ਮੌਜੂਦ ਹਨ ਅਤੇ ਡਾਕਟਰਾਂ ਦੀਆਂ 3 ਸਰਕਾਰੀ ਪੋਸਟਾਂ ਖਾਲੀ ਹਨ, ਸ਼ਾਮ ਹੁੰਦੇ ਹੀ ਇਲਾਜ਼ ਪ੍ਰੀਕਿਰਿਆ ਨੂੰ ਤਾਲੇ ਲੱਗ ਜਾਂਦੇ ਹਨ ਅਤੇ ਲੋਕ ਮਛਲੀ ਵਾਂਗ ਤੜਫਦੇ ਹੋਏ ਆਸ ਪਾਸ ਦੇ ਪ੍ਰਾਈਵੇਟ ਹਸਪਤਾਲਾਂ ਪਾਸੋਂ ਮਜ਼ਬੂਰਨ ਬਲੀ ਦੇ ਬੱਕਰੇ ਬਣੀ ਜਾ ਰਹੇ ਹਨ। ਹਾਲਾਂ ਕਿ ਇਸ ਹਸਪਤਾਲ ਵਿੱਚ ਰੋਗੀ ਕਲਿਆਣ ਕਮੇਟੀ ਵੀ ਬਣੀ ਹੋਈ ਹੈ ਪਰ ਸਿੱਟਾ ਇਹ ਹੈ ਗਰੀਬਾਂ ਦਾ ਮਸੀਹਾ ਸਰਕਾਰੀ ਹਸਪਤਾਲ ਖ਼ੁਦ ਬਿਮਾਰ ਅਤੇ ਲਾਚਾਰ ਹੋ ਚੁੱਕਾ ਹੈ, ਇੱਕ ਪੈਰਾਸਿਟਾਮੋਲ ਵਰਗੀ ਦਵਾਈ ਦੇਣ ਦੇ ਵੀ ਅਸਮਰਥ ਹੈ ਜਦਕਿ ਹਸਪਤਾਲ ਦੇ ਅੱਖਾਂ ਦੇ ਡਾਕਟਰ ਕਮਲ ਅਤੇ ਫਰਮਾਸਿਸਟ ਸੰਦੀਪ ਕੁਮਾਰ ਦੇ ਯਤਨਾਂ ਸਦਕਾ ਦਾਨਵੀਰਾਂ ਤੋਂ ਦਵਾਈਆਂ ਦਾਨ ਕਰਵਾਕੇ ਕੰਮ ਚਲਾਇਆ ਜਾ ਰਿਹਾ ਹੈ। ਬਦਕਿਸਮਤੀ ਦਾ ਆਲਮ ਇਹ ਹੈ ਕਿ ਹਸਪਤਾਲ ਦੀ ਕਮੇਟੀ ਤੋਂ ਇਲਾਵਾ ਨੂਰਮਹਿਲ ਦੇ ਮੋਹਤਬਰਾਂ ਦੀ ਚੁੱਪੀ ਅਤੇ ਲਾਪਰਵਾਹੀ ਇਸ ਹਸਪਤਾਲ ਨੂੰ ਹੋਰ ਪਤਨ ਵੱਲ ਵਧਾ ਰਹੀ ਹੈ ਅਤੇ ਲੋਕ ਰੋਜ਼ਾਨਾ ਮੌਤ ਦੇ ਮੂੰਹ ਵੱਲ ਧੱਸਦੇ ਜਾ ਰਹੇ ਹਨ, ਸੁਚੱਜੇ ਇਲਾਜ਼ ਨੂੰ ਤਰਸ ਰਹੇ ਹਨ। ਜੇਕਰ ਨਜ਼ਦੀਕੀ ਪਿੰਡਾਂ ਦੇ ਸਰਕਾਰੀ ਹਸਪਤਾਲਾਂ ਜਿਵੇਂ ਬੰਡਾਲਾ, ਬਿਲਗਾ, ਜੰਡਿਆਲਾ ਆਦਿ ਵੱਲ ਧਿਆਨ ਕਰੀਏ ਤਾਂ ਉਥੋਂ ਦੇ ਮੋਹਤਬਰਾਂ ਦੇ ਫ਼ਰਜ ਨਿਭਾਉਣ ਸਦਕਾ ਅੱਜ ਪਿੰਡਾਂ ਦੇ ਹਸਪਤਾਲਾਂ ਵਿੱਚ 10 ਤੋਂ 13 ਡਾਕਟਰ ਸਾਹਿਬਾਨਾਂ ਦੀ ਟੀਮਾਂ ਲੋਕਾਂ ਨੂੰ ਵਧੀਆ ਇਲਾਜ਼ ਦੀਆਂ ਸੇਵਾਵਾਂ ਪ੍ਰਦਾਨ ਕਰ ਰਹੀਆਂ ਹਨ। ਇਸਦੇ ਉਲਟ ਨੂਰਮਹਿਲ ਨਿਵਾਸੀ ਨਾਮੋਸ਼ੀ ਦਾ ਸਾਹਮਣਾ ਕਰ ਰਹੇ ਹਨ। ਇਸ ਨਾਮੋਸ਼ੀ ਚੋਂ ਉਭਰਨ ਲਈ ਸਰਕਾਰੀ ਹਸਪਤਾਲ ਨੂੰ ਲੋਕਾਂ ਦੇ ਇਲਾਜ ਲਈ ਪੂਰਣ ਸਮਰਥ ਬਣਾਉਣ ਲਈ ਹਾਜ਼ਰੀਨ ਪਤਵੰਤਿਆਂ ਨੇ ਪੰਜਾਬ ਦੇ ਮਾਨਯੋਗ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਸਿਹਤ ਮੰਤਰੀ ਬ੍ਰਹਮ ਮਹਿੰਦਰਾ ਅਤੇ ਜ਼ਿਲਾ ਪ੍ਰਸ਼ਾਸਨ ਪਾਸੋਂ ਸਾਂਝੇ ਤੌਰ ਤੇ ਮੰਗ ਕੀਤੀ ਹੈ ਕਿ ਜਲਦੀ ਹੀ ਨੂਰਮਹਿਲ ਦੇ ਸਰਕਾਰੀ ਹਸਪਤਾਲ ਨੂੰ ਘੱਟੋ-ਘੱਟ 10 ਡਾਕਟਰਾਂ ਦੀ ਟੀਮ ਜਰੂਰ ਮੁਹਈਆ ਕੀਤੀ ਜਾਵੇ ਤਾਂਕਿ ਹਰ ਬੱਚੇ, ਜਵਾਨ, ਔਰਤ, ਮਰਦ, ਬਜ਼ੁਰਗ ਦਾ ਹਰ ਇਲਾਜ਼ ਇੱਥੇ ਹੋਣਾ ਸੰਭਵ ਹੋ ਸਕੇ। ਜਥੇਬੰਦੀਆਂ ਨੇ ਤਾੜਨਾ ਕੀਤੀ ਹੈ ਕਿ ਜੇਕਰ ਜਲਦੀ ਹੀ ਡਾਕਟਰ, ਫਰਮਾਸਿਸਟ, ਕਲਾਸ ਫੋਰ, ਸਟਾਫ਼ ਨਰਸਾਂ ਅਤੇ ਹੋਰ ਜਰੂਰੀ ਪੋਸਟਾਂ ਨਾ ਭਰੀਆਂ ਗਈਆਂ ਤਾਂ ਮਜ਼ਬੂਰਨ ਨੂਰਮਹਿਲ ਹਿਤੈਸ਼ੀ ਵਰਗ ਵੱਡਾ ਸੰਘਰਸ਼ ਵਿੱਢਣ ਲਈ ਮਜ਼ਬੂਰ ਹੋ ਜਾਣਗੇ।
ਇਸ ਲੋਕ ਹਿਤ ਦੇ ਮਸਲੇ ਨੂੰ ਲੈ ਕੇ ਸ਼ਿਵ ਸੈਨਾ ਬਾਲ ਠਾਕਰੇ ਹਲਕਾ ਨਕੋਦਰ ਦੇ ਪ੍ਰਧਾਨ ਮੁਨੀਸ਼ ਕੁਮਾਰ, ਸਿਟੀ ਪ੍ਰਧਾਨ ਸਾਹਿਲ ਮੈਹਨ, ਰਾਮਾ ਡਰਾਮਾਟਿਕ ਕਲੱਬ ਦੇ ਪ੍ਰਧਾਨ ਭੂਸ਼ਣ ਸ਼ਰਮਾਂ, ਨੰਬਰਦਾਰ ਯੂਨੀਅਨ ਦੇ ਜ਼ਿਲਾ ਪ੍ਰਧਾਨ ਅਸ਼ੋਕ ਸੰਧੂ, ਜੈ ਸ਼ਿਵ ਸ਼ਕਤੀ ਸੇਵਾ ਮੰਡਲ ਨੂਰਮਹਿਲ ਦੇ ਸੀ.ਮੀਤ ਪ੍ਰਧਾਨ ਹਰੀਸ਼ ਮੈਹਨ, ਜਨਰਲ ਸੈਕਟਰੀ ਸ਼ਰਨਜੀਤ ਬਿੱਲਾ, ਕੋਆਰਡੀਨੇਟਰ ਦਿਨਕਰ ਸੰਧੂ, ਵਿਸ਼ੇਸ਼ ਸਲਾਹਕਾਰ ਓਮ ਪ੍ਰਕਾਸ਼ ਜੰਡੂ, ਮਾਸਟਰ ਸੁਭਾਸ਼ ਜੰਡੂ, ਨਵੀ ਸੋਚ ਦੇ ਆਗੂ ਰਵਿੰਦਰ ਸ਼ਰਮਾਂ, ਰਵਨੀਤ ਭਾਰਦਵਾਜ, ਯੂਨੀਅਨ ਦੇ ਸਕੱਤਰ ਜਗਦੀਸ਼ ਸਿੰਘ ਗੋਰਸੀਆਂ ਪੀਰਾਂ, ਕੈਸ਼ੀਅਰ ਰਾਮ ਦਾਸ ਬਾਲੂ, ਡਾਇਰੈਕਟਰ ਡਾ: ਗੁਰਮੇਲ ਚੰਦ ਮੱਟੂ, ਪੀ.ਆਰ. ਓ ਜਗਨ ਨਾਥ ਚਾਹਲ, ਨੰਬਰਦਾਰ ਕ੍ਰਮਵਾਰ ਜੀਤ ਰਾਮ ਸ਼ਾਮਪੁਰ, ਗੁਰਪਾਲ ਸਿੰਘ ਸਿੱਧਮ, ਮਹਿੰਦਰ ਸਿੰਘ ਨਾਹਲ, ਤਰਸੇਮ ਲਾਲ ਉੱਪਲ ਖਾਲਸਾ, ਮੋਹਨ ਲਾਲ ਨਾਹਲ, ਜਰਨੈਲ ਸਿੰਘ ਗ਼ਦਰਾ, ਗੁਰਦੇਵ ਸਿੰਘ ਉਮਰਪੁਰ, ਚੂਹੜ ਸਿੰਘ ਭਾਰਦਵਾਜੀਆਂ ਤੋਂ ਇਲਾਵਾ ਹੋਰ ਜਥੇਬੰਦੀਆਂ ਤੋਂ ਜਸਵਿੰਦਰ ਸਿੰਘ ਕਾਲਾ, ਸੰਦੀਪ ਤੱਕਿਆਰ, ਵਰਿੰਦਰ ਕੋਹਲੀ ਗੋਲਡੀ, ਦੀਪਕ ਕੁਮਾਰ ਦੀਪੂ, ਗੁਰਪ੍ਰੀਤ ਸਿੰਘ, ਬੱਬੂ ਕਾਲੜਾ, ਅਸ਼ਵਨੀ ਕੁਮਾਰ, ਮੰਗਾ ਟੇਲਰ ਤੋਂ ਇਲਾਵਾ ਹੋਰ ਬਹੁਤ ਸਾਰੇ ਨੂਰਮਹਿਲ ਹਿਤੈਸ਼ੀਆਂ ਨੇ ਪੰਜਾਬ ਸਰਕਾਰ ਦੇ ਕੰਨਾਂ ਤੱਕ ਆਪਣੀ ਆਵਾਜ਼ ਪਹੁੰਚਾਉਣ ਦਾ ਪੂਰਾ ਯਤਨ ਕੀਤਾ ਅਤੇ ਡਾਕਟਰਾਂ, ਸਟਾਫ਼, ਦਵਾਈਆਂ, ਮਸ਼ੀਨਾਂ ਆਦਿ ਦੀ ਪੂਰਤੀ ਮੁਕੰਮਲ ਨਾ ਹੋਣ ਤੱਕ ਸੰਘਰਸ਼ ਜਾਰੀ ਰੱਖਣ ਦਾ ਪ੍ਰਣ ਕੀਤਾ।