ਬਠਿੰਡਾ ਦੇ ਸਰਕਾਰੀ ਹਸਪਤਾਲ ਵਿਚ ਕੱਲ੍ਹ ਗੰਭੀਰ ਹਾਲਤ ਵਿਚ ਪੁੱਜੀ ਔਰਤ ਦੇ ਪਰਿਵਾਰਕ ਮੈਂਬਰਾਂ ਵੱਲੋਂ ਇੱਕ ਡਾਕਟਰ ਨਾਲ ਕੀਤੇ ਗਏ ਦੁਰਵਿਵਹਾਰ ਅਤੇ ਹੱਥੋਪਾਈ ਵਿਰੁੱਧ ਡਾਕਟਰਾਂ ਨੇ ਪੁਲੀਸ ਪ੍ਰਸ਼ਾਸਨ ਖ਼ਿਲਾਫ਼ ਅੱਜ ਰੋਸ ਪ੍ਰਦਰਸ਼ਨ ਅਤੇ ਨਾਅਰੇਬਾਜ਼ੀ ਕੀਤੀ। ਕੱਲ੍ਹ ਡਾ ਇੰਦਰਪ੍ਰੀਤ ਸਿੰਘ ਨਾਲ ਬਠਿੰਡਾ ਦੇ ਐਮਰਜੈਂਸੀ ਵਾਰਡ ਵਿਚ ਗੰਭੀਰ ਹਾਲਤ ਵਿਚ ਪੁੱਜੀ ਇੱਕ ਔਰਤ ਦੇ ਪਰਿਵਾਰਕ ਮੈਂਬਰ ਨੇ ਦੁਰ ਵਿਵਹਾਰ ਕੀਤਾ ਸੀ। ਡਾ ਇੰਦਰਪ੍ਰੀਤ ਸਿੰਘ ਨੇ ਦੱਸਿਆ ਕਿ ਕੱਲ੍ਹ 11 ਵਜੇ ਦੇ ਕਰੀਬ ਇੱਕ ਸ਼ਖ਼ਸ ਇੱਕ ਐਕਸੀਡੈਂਟ ਵਿਚ ਜ਼ਖ਼ਮੀ ਔਰਤ ਨੂੰ ਹਸਪਤਾਲ ਲੈ ਕੇ ਪੁੱਜਾ, ਜਦੋਂ ਉਸ ਵੱਲੋਂ ਉਸ ਦੀ ਹਾਲਤ ਨੂੰ ਦੇਖਦੇ ਹੋਏ ਇਲਾਜ ਸ਼ੁਰੂ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਕਤ ਔਰਤ ਮ੍ਰਿਤ ਪਾਈ ਗਈ ਅਤੇ ਔਰਤ ਨੂੰ ਨਾਲ ਲੈ ਕੇ ਆਇਆ ਵਿਅਕਤੀ ਫ਼ਰਾਰ ਹੋ ਗਿਆ । ਬਾਅਦ ਵਿਚ ਦੋ ਨੌਜਵਾਨ ਆਏ ਤੇ ਉਸ ਨਾਲ ਹੱਥੋ ਪਾਈ ਅਤੇ ਗਾਲ਼ੀ ਗਲੋਚ ਕਰਨ ਲੱਗੇ ਕਿ ਉਸ ਵਿਅਕਤੀ ਨੂੰ ਭੱਜਣ ਕਿਉਂ ਦਿੱਤਾ। ਇਸ ਘਟਨਾ ਨੂੰ ਲੈ ਕੇ ਅੱਜ ਦਰਜਨ ਦੇ ਕਰੀਬ ਡਾਕਟਰਾਂ ਵੱਲੋਂ ਡਾ ਇੰਦਰਪ੍ਰੀਤ ਸਿੰਘ ਦੇ ਹੱਕ ਵਿਚ ਉੱਤਰਦੇ ਹੋਏ ਪੁਲੀਸ ਪ੍ਰਸ਼ਾਸਨ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਗਈ ਅਤੇ ਉਕਤ ਗਾਲ਼ੀ ਗਲੋਚ ਕਰਨ ਵਾਲੇ ਨੌਜਵਾਨਾਂ ਖ਼ਿਲਾਫ਼ ਕਾਰਵਾਈ ਦੀ ਮੰਗ ਕੀਤੀ। ਉਨ੍ਹਾਂ ਮੰਗ ਕੀਤੀ ਕਿ ਜ਼ਿਲ੍ਹਾ ਪ੍ਰਸ਼ਾਸਨ ਡਾਕਟਰਾਂ ਦੀ ਸੁਰੱਖਿਆ ਲਈ ਪੁਲੀਸ ਤੈਨਾਤ ਕਰੇ। ਡਾਕਟਰਾਂ ਨੇ ਚਿਤਾਵਨੀ ਦਿੱਤੀ ਕਿ ਸੋਮਵਾਰ ਨੂੰ ਉਹ 2 ਘੰਟੇ ਲਈ ਓ.ਪੀ.ਡੀ ਬੰਦ ਰੱਖ ਕੇ ਰੋਸ ਪ੍ਰਗਟ ਕਰਨਗੇ।
INDIA ਸਰਕਾਰੀ ਹਸਪਤਾਲ ਦੇ ਡਾਕਟਰਾਂ ਵੱਲੋਂ ਪੁਲੀਸ ਪ੍ਰਸ਼ਾਸਨ ਖ਼ਿਲਾਫ਼ ਪ੍ਰਦਰਸ਼ਨ