ਕਪੂਰਥਲਾ (ਸਮਾਜ ਵੀਕਲੀ) (ਕੌੜਾ)– ਪੰਜਾਬ ਦੇ ਸਰਕਾਰੀ ਸਕੂਲਾਂ ਵਿਚ ਐਨਰੋਲਮੈਂਟ ਮੁਹਿੰਮ ਨੂੰ ਤੇਜ਼ ਕਰਨ ਹਿੱਤ ਮਾਪਿਆਂ ਨੂੰ ਆਪਣੇ ਬੱਚਿਆਂ ਦੇ ਦਾਖਲੇ ਦੌਰਾਨ ਸਰਕਾਰੀ ਸਕੂਲਾਂ ਵਿਚ ਕਰਵਾਉਣ ਲਈ ਉਤਸ਼ਾਹਿਤ ਕਰਨ ਦੇ ਉਦੇਸ਼ ਨਾਲ ਡਿਪਟੀ ਕਮਿਸ਼ਨਰ ਕਪੂਰਥਲਾ ਸ੍ਰੀਮਤੀ ਦੀਪਤੀ ਉੱਪਲ ਨੇ ਮੋਟਰ ਗੱਡੀਆਂ ਤੇ ਲਗਾਉਣ ਲਈ ਵਹੀਕਲ ਸਟਿੱਕਰ ਜਾਰੀ ਕੀਤਾ ਹੈ । ਇਸ ਮੌਕੇ ਉਨ੍ਹਾਂ ਸਮੂਹ ਅਧਿਆਪਕਾਂ ਨੂੰ ਪ੍ਰੇਰਨਾ ਦਿੰਦਿਆਂ ਕਿਹਾ ਕਿ ਸਕੂਲ ਸਿੱਖਿਆ ਵਿਭਾਗ ਹੁਣ ਪੂਰੀ ਤਰ੍ਹਾਂ ਲੈਅ ਵਿੱਚ ਹੈ। ਵਿਦਿਆਰਥੀਆਂ ਨੂੰ ਮਿਆਰੀ ਸਿੱਖਿਆ ਦੇਣ ਲਈ ਕੀਤੇ ਜਾ ਰਹੇ ਉਪਰਾਲੇ ਬਹੁਤ ਹੀ ਸ਼ਲਾਘਾਯੋਗ ਹਨ।
ਜ਼ਿਲ੍ਹਾ ਸਿੱਖਿਆ ਅਧਿਕਾਰੀਆਂ ਗੁਰਦੀਪ ਸਿੰਘ ਗਿੱਲ, ਗੁਰਭਜਨ ਸਿੰਘ ਲਾਸਾਨੀ, ਬਿਕਰਮਜੀਤ ਸਿੰਘ ਥਿੰਦ, ਅਤੇ ਸ੍ਰੀਮਤੀ ਨੰਦਾ ਧਵਨ ਵੱਲੋਂ ਕੀਤੇ ਜਾ ਰਹੇ ਯਤਨਾਂ ਦੀ ਤਾਰੀਫ਼ ਕਰਦਿਆਂ ਉਨ੍ਹਾਂ ਕਿਹਾ ਕਿ ਪੂਰੇ ਸੂਬੇ ਵਿੱਚ ਕਪੂਰਥਲਾ ਦੀ ਕਾਰਗੁਜ਼ਾਰੀ ਸਰਵੋਤਮ ਹੈ । ਉਨ੍ਹਾਂ ਕਿਹਾ ਕਿ ਕੋਵਿਡ -19 ਦੇ ਬਾਵਜੂਦ ਸਰਕਾਰੀ ਸਕੂਲਾਂ ਚ ਅਧਿਆਪਕਾਂ ਵੱਲੋਂ ਬੱਚਿਆਂ ਤੇ ਮਾਪਿਆਂ ਨੂੰ ਹਰ ਖੇਤਰ ਵਿੱਚ ਭਰਵਾਂ ਸਹਿਯੋਗ ਕੀਤਾ ਜਾ ਰਿਹਾ ਹੈ। ਜਿਸ ਕਾਰਨ ਅਧਿਆਪਕਾਂ ਤੇ ਬੱਚਿਆਂ ਦਾ ਪਵਿੱਤਰ ਰਿਸ਼ਤਾ ਹੋਰ ਵੀ ਪ੍ਰਪੱਕ ਹੋਇਆ ਹੈ । ਡਿਪਟੀ ਕਮਿਸ਼ਨਰ ਦੀਪਤੀ ਉੱਪਲ ਨੇ ਕਿਹਾ ਕਿ ਜ਼ਿਲ੍ਹੇ ਦੇ ਲਗਪਗ 90 ਫ਼ੀਸਦੀ ਸਕੂਲ ਸਮਾਰਟ ਬਣਾ ਕੇ ਸਿੱਖਿਆ ਅਧਿਕਾਰੀਆਂ ਸਕੂਲ ਮੁਖੀਆਂ ਅਤੇ ਅਧਿਆਪਕਾਂ ਨੇ ਆਪਣੀ ਯੋਗਤਾ ਨੂੰ ਸਿੱਧ ਕਰ ਦਿਖਾਇਆ ਹੈ।
ਇਸ ਮੌਕੇ ਜ਼ਿਲ੍ਹਾ ਸਿੱਖਿਆ ਅਧਿਕਾਰੀਆਂ ਨੇ ਡਿਪਟੀ ਕਮਿਸ਼ਨਰ ਕਪੂਰਥਲਾ ਨੂੰ ਨਿੱਜੀ ਸਕੂਲਾਂ ਨੂੰ ਛੱਡ ਕੇ ਸਰਕਾਰੀ ਸਕੂਲਾਂ ਵਿੱਚ ਵੱਡੇ ਪੱਧਰ ਤੇ ਦਾਖ਼ਲ ਹੋ ਰਹੇ ਵਿਦਿਆਰਥੀਆਂ ਬਾਰੇ ਵੀ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਪਿਛਲੇ ਸੈਸ਼ਨ ਵਿੱਚ ਪ੍ਰਾਇਮਰੀ ਤੇ ਅੱਪਰ ਪ੍ਰਾਇਮਰੀ ਵਿੱਚ 14 ਫ਼ੀਸਦੀ ਤੋਂ ਵੱਧ ਐਨਰੋਲਮੈਂਟ ਵਾਧਾ ਹੋਇਆ ਸੀ ਅਤੇ ਇਸ ਵਾਰ ਵੀ ਟੀਚਾ 15 ਫ਼ੀਸਦੀ ਮਿੱਥਿਆ ਗਿਆ ਹੈ। ਸਿੱਖਿਆ ਅਧਿਕਾਰੀਆਂ ਨੇ ਦੱਸਿਆ ਕਿ ਦਾਖਲਾ ਮੁਹਿੰਮ ਤੇਜ਼ ਕਰਨ ਲਈ ਜਗ੍ਹਾ ਜਗ੍ਹਾ ਪੰਫਲੇਟ, ਫਲੈਕਸੀ, ਨੁੱਕੜ ਨਾਟਕ ਰਿਕਸ਼ਿਆਂ ਰਾਹੀਂ ਜਾਗਰੂਕਤਾ ਅਤੇ ਪੰਚਾਇਤਾਂ ਤੇ ਪਤਵੰਤਿਆਂ ਤੱਕ ਪਹੁੰਚ ਕੀਤੀ ਜਾ ਰਹੀ ਹੈ । ਜਿਸ ਦੇ ਨਤੀਜੇ ਵਜੋਂ ਹੁਣ ਤਕ 5 ਫ਼ੀਸਦੀ ਦਾ ਵਾਧਾ ਰਿਕਾਰਡ ਹੋ ਚੁੱਕਾ ਹੈ।
ਡਿਪਟੀ ਕਮਿਸ਼ਨਰ ਕਪੂਰਥਲਾ ਸ੍ਰੀਮਤੀ ਦੀਪਤੀ ਉੱਪਲ ਨੇ ਮਾਪਿਆਂ ਨੂੰ ਅਪੀਲ ਕੀਤੀ ਕਿ ਉਹ ਸਰਕਾਰ ਵੱਲੋਂ ਵਿਦਿਆਰਥੀਆਂ ਨੂੰ ਸਹੂਲਤਾਂ ਦਾ ਲਾਭ ਲੈਣ ਲਈ ਮਿਆਰੀ ਸਿੱਖਿਆ ਪ੍ਰਾਪਤ ਕਰਨ ਲਈ ਆਪਣੇ ਬੱਚਿਆਂ ਨੂੰ ਸਰਕਾਰੀ ਸਕੂਲਾਂ ਵਿੱਚ ਦਾਖ਼ਲ ਕਰਵਾਉਣ ਵਹੀਕਲ ਸਟਿੱਕਰ ਜਾਰੀ ਕਰਨ ਸਮੇਂ ਜ਼ਿਲ੍ਹਾ ਸਿੱਖਿਆ ਅਫਸਰ ਗੁਰਦੀਪ ਸਿੰਘ ਗਿੱਲ, ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਗੁਰਭਜਨ ਸਿੰਘ ਲਸਾਨੀ, ਉੱਪ ਜ਼ਿਲ੍ਹਾ ਸਿੱਖਿਆ ਅਫਸਰ(ਸੈਕੰਡਰੀ) ਬਿਕਰਮਜੀਤ ਸਿੰਘ ਥਿੰਦ, ਉਪ ਜ਼ਿਲ੍ਹਾ ਸਿੱਖਿਆ ਅਫਸਰ (ਪ੍ਰਾਇਮਰੀ) ਸ੍ਰੀਮਤੀ ਨੰਦਾ ਧਵਨ, ਜ਼ਿਲ੍ਹਾ ਕੋਆਰਡੀਨੇਟਰ ਸੁਨੀਲ ਬਜਾਜ, ਦਵਿੰਦਰ ਸਿੰਘ ਘੁੰਮਣ ਅਤੇ ਐੱਨ ਆਈ ਸੀ ਬੀ ਤੋਂ ਸੰਜੀਵ ਗਾਬਾ ਆਦਿ ਹਾਜ਼ਰ ਸਨ।