ਮੁੰਬਈ (ਸਮਾਜ ਵੀਕਲੀ) : ਅੱਜ ਤੋਂ ਠੀਕ 35 ਸਾਲ ਪਹਿਲਾਂ ਭਾਰਤ ਵਿਚ ਕਿਸਾਨ ਵੱਲੋਂ ਖੁ਼ਦਕੁਸ਼ੀ ਕਰਨ ਦਾ ਪਹਿਲਾ ਮਾਮਲਾ ਮਹਾਰਾਸ਼ਟਰ ਵਿੱਚ ਦਰਜ ਕੀਤਾ ਗਿਆ ਸੀ। ਉਦੋਂ ਤੋਂ ਲੈ ਕੇ ਹੁਣ ਤੱਕ ਇਹ ਸਿਲਸਿਲਾ ਜਾਰੀ ਹੈ ਤੇ ਹੋਰ ਘਾਤਕ ਹੋ ਗਿਆ ਹੈ। 19 ਮਾਰਚ 1986 ਨੂੰ ਪੂਰਬੀ ਮਹਾਰਾਸ਼ਟਰ ਦੇ ਵਰਧਾ ਜ਼ਿਲ੍ਹੇ ਦੇ ਚਿਲਗਾਵਨ ਪਿੰਡ ਵਿੱਚ ਆਪਣੇ ਘਰ ਵਿੱਚ ਖੁ਼ਦਕੁਸ਼ੀ ਕਰਨ ਤੋਂ ਪਹਿਲਾਂ ਗ੍ਰੈਜੂਏਟ ਕਿਸਾਨ ਸਹਿਬਰਾਓ ਕਾਰਪੇ ਨੇ ਆਪਣੀ ਪਤਨੀ ਅਤੇ ਚਾਰ ਨਾਬਾਲਗ ਬੱਚਿਆਂ ਦੀ ਹੱਤਿਆ ਕਰ ਦਿੱਤੀ ਸੀ। ਉਸ ਦੇ ਸਭ ਤੋਂ ਛੋਟੇ ਬੱਚੇ ਦੀ ਉਮਰ 8 ਮਹੀਨੇ ਸੀ।
ਖੁ਼ਦਕੁਸ਼ੀ ਦੀ ਇਹ ਲਾਗ ਨਾਲ ਲੱਗਦੇ ਯਵਤਮਲ ਵਿੱਚ ਫੈਲ ਗਈ ਤੇ ਅੱਜ ਤੱਕ ਨਹੀਂ ਰੁਕੀ। ਇਹ ਇਲਾਕੇ ਦੇਸ਼ ਵਿੱਚ ਕਿਸਾਨਾਂ ਦੀਆਂ ਖੁਦਕੁ਼ਸ਼ੀਆਂ ਦਾ ਗੜ੍ਹ ਬਣ ਗਿਆ ਹੈ। ਇਥੇ ਹਰ ਤੀਜੇ ਘਰ ਵਿੱਚ ਹਜ਼ਾਰਾਂ ਵਿਧਵਾਵਾਂ ਅਤੇ ਅਨਾਥ ਬੱਚੇ ਹਨ। ਕਾਰਪੇ 30 ਸਾਲਾਂ ਦੇ ਅਖੀਰ ਵਿਚ ਸੀ ਤੇ ਖੇਤੀਬਾੜੀ ਵਾਲੀ ਜ਼ਮੀਨ ਦੇ ਟੁਕੜੇ ਅਤੇ ਇਕ ਮਕਾਨ ਦਾ ਮਾਲਕ ਸੀ ਪਰ ਫਸਲਾਂ ਦੇ ਭਾਰੀ ਨੁਕਸਾਨ ਦਾ ਸਾਹਮਣਾ ਕਰਨ ਤੋਂ ਬਾਅਦ ਉਸ ਦੇ ਸਿਰ ਕਰਜ਼ਾ ਚੜ੍ਹ ਗਿਆ ਤੇ ਉਤਰਿਆ ਨਾ। ਉਸ ਨੇ ਆਪਣੇ ਖੁ਼ਦਕੁਸ਼ੀ ਨੋਟ ਵਿੱਚ ਲਿਖਿਆ ਸੀ,‘ਇੱਕ ਕਿਸਾਨ ਦੇ ਰੂਪ ਵਿੱਚ ਜੀਉਣਾ ਅਸੰਭਵ ਹੈ।” ਅੱਜ ਵਿਦਰਭ ਦੇ ਬਹੁਤ ਸਾਰੇ ਕਿਸਾਨ ਪਰਿਵਾਰਾਂ ਨੇ ਇਸ ਦੁਖਾਂਤ ਨੂੰ ਯਾਦ ਕੀਤਾ ਤੇ ਘਰ ਵਿੱਚ ਚੁੱਲ੍ਹਾ ਨਾ ਬਾਲ ਕੇ ਕਾਰਪੇ ਪਰਿਵਾਰ ਨੂੰ ਸ਼ਰਧਾਂਜਲੀ ਦਿੱਤੀ।