ਪਟਿਆਲਾ (ਸਮਾਜ ਵੀਕਲੀ) : ਦਿੱਲੀ-ਕੱਟੜਾ ਐਕਸਪ੍ਰੈੱਸ ਵੇਅ ਲਈ ਘੱਟ ਕੀਮਤ ’ਤੇ ਜਬਰੀ ਜ਼ਮੀਨਾਂ ਐਕੁਆਇਰ ਕਰਨ ਖ਼ਿਲਾਫ਼ ਸਵਾ ਮਹੀਨੇ ਤੋਂ ਇੱਥੇ ਵਾਈਪੀਐੱਸ ਚੌਕ ਵਿੱਚ ਧਰਨਾ ਲਾ ਕੇ ਬੈਠੇ ਕਿਸਾਨ ਅੱਜ ਸਰਕਾਰ ਦੀ ਕਮੇਟੀ ਨਾਲ ਮੀਟਿੰਗ ਮੁਲਤਵੀ ਹੋਣ ਤੋਂ ਭੜਕ ਗਏ। ਕਿਸਾਨਾਂ ਨੂੰ ਮੀਟਿੰਗ ਦੇ ਮੁਲਤਵੀ ਹੋਣ ਦਾ ਪਤਾ ਉਦੋਂ ਲੱਗਿਆ ਜਦੋਂ ਉਹ ਟਰੈਕਟਰਾਂ ’ਤੇ ਸਵਾਰ ਹੋ ਕੇ ਸਥਾਨਕ ਸਰਕਟ ਹਾਊਸ ਪੁੱਜੇ ਜਿਥੇ ਗੇਟ ਨੂੰ ਤਾਲਾ ਲੱਗਿਆ ਹੋਇਆ ਸੀ। ਜਦੋਂ ਕਿਸਾਨਾਂ ਨੇ ਸਰਕਟ ਹਾਊਸ ਵਿਚ ਦਾਖ਼ਲ ਹੋਣ ਦੀ ਕੋਸ਼ਿਸ਼ ਕੀਤੀ ਤਾਂ ਪੁਲੀਸ ਨੇ ਉਨ੍ਹਾਂ ਨੂੰ ਰੋਕ ਦਿੱਤਾ ਜਿਸ ਕਾਰਨ ਕਿਸਾਨ ਰੋਹ ਵਿਚ ਆ ਗਏ। ‘ਰੋਡ ਕਿਸਾਨ ਸੰਘਰਸ਼ ਕਮੇਟੀ ਪੰਜਾਬ’ ਦੇ ਕੋਆਰਡੀਨੇਟਰ ਹਰਮਨਪ੍ਰੀਤ ਸਿੰਘ ਡਿੱਕੀ ਜੇਜੀ ਨੇ ਅੱਜ ਸਾਰਾ ਦਿਨ ਪੁਲੀਸ ਨੂੰ ਵਖਤ ਪਾਈ ਰੱਖਿਆ।
ਕਿਸਾਨ ਆਗੂ ਗੇਟ ਅੱਗੇ ਹੀ ਟਰੈਕਟਰਾਂ ’ਤੇ ਬੈਠੇ ਰਹੇ। ਦੋ ਘੰਟਿਆਂ ਮਗਰੋਂ ਵੀ ਮੀਟਿੰਗ ਮੁਲਤਵੀ ਹੋਣ ਦਾ ਕਾਰਨ ਨਾ ਪਤਾ ਲੱਗਣ ’ਤੇ ਡਿੱਕੀ ਜੇਜੀ ਸਰਕਟ ਹਾਊਸ ਅੰਦਰ ਜਾਣ ਦੀ ਜ਼ਿੱਦ ਕਰਨ ਲੱਗ ਪਏ। ਇਸ ਦੌਰਾਨ ਜਿਵੇਂ ਹੀ ਉਨ੍ਹਾਂ ਟਰਕੈਟਰ ਸਟਾਰਟ ਕੀਤਾ ਤਾਂ ਪੁਲੀਸ ਮੁਲਾਜ਼ਮ ਗੇਟ ਅੱਗੇ ਖੜ੍ਹੇ ਹੋ ਗਏ।
ਡਿੱਕੀ ਜੇਜੀ ਨੇ ਕਿਹਾ ਕਿ 30 ਅਪਰੈਲ ਨੂੰ ਜਦੋਂ ਕਿਸਾਨਾ ਨੇ ਅੱਠ ਘੰਟੇ ਨਿਊ ਮੋਤੀ ਬਾਗ ਪੈਲੇਸ ਘੇਰ ਕੇ ਰੱਖਿਆ, ਤਾਂ 4 ਮਈ ਨੂੰ ਮੀਟਿੰਗ ਮੁਕੱਰਰ ਕਰਵਾਈ ਗਈ ਸੀ ਪਰ ਅੱਜ ਕਿਸੇ ਅਧਿਕਾਰੀ ਦੇ ਨਾ ਪੁੱਜਣ ਤੋਂ ਸਪੱਸ਼ਟ ਹੋ ਗਿਆ ਹੈ ਕਿ ਪ੍ਰਸ਼ਾਸਨ ਨੇ ਮਹਿਲ ਦੁਆਲਿਓਂ ਧਰਨੇ ਚੁਕਵਾਉਣ ਲਈ ਹੀ ਇਹ ਅਡੰਬਰ ਰਚਿਆ ਸੀ। ਉਸ ਨੇ ਚੇਤਾਵਨੀ ਦਿੱਤੀ ਕਿ ਕਿਸਾਨਾਂ ਨਾਲ਼ ਅਜਿਹੀ ਚਤੁਰਾਈ ਨਹੀਂ ਚੱਲ ਸਕੇਗੀ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly