ਵਾਤਾਵਰਨ ਦੇ ਖੇਤਰ ਵਿੱਚ ਕੀਤੇ ਬੇਮਿਸਾਲ ਕਾਰਜਾਂ ਲਈ `ਫੇਥ ਫਾਰ ਅਰਥ ਕੌਂਸਲਰ 2021` ਨਾਲ ਕੀਤਾ ਸਨਮਾਨਿਤ
ਸੀਚੇਵਾਲ ਨਕੋਦਰ ਮਹਿਤਪੁਰ(ਹਰਜਿੰਦਰ ਪਾਲ ਛਾਬੜਾ ) (ਸਮਾਜ ਵੀਕਲੀ): ਸਯੁੰਕਤ ਰਾਸ਼ਟਰ ਦੇ ਵਾਤਾਵਰਨ ਪ੍ਰੋਗਰਾਮ ਤਹਿਤ ਪੰਜਾਬ ਦੀਆਂ ਦੋ ਵੱਡੀਆਂ ਧਾਰਮਿਕ ਸਖਸ਼ੀਅਤਾਂ ਪਦਮਸ੍ਰੀ ਸੰਤ ਬਲਬੀਰ ਸਿੰਘ ਸੀਚੇਵਾਲ ਤੇ ਪਦਮਸ੍ਰੀ ਸੰਤ ਸੇਵਾ ਸਿੰਘ ਖਡੂਰ ਸਾਹਿਬ ਨੂੰ ਵਾਤਾਵਰਨ ਦੇ ਖੇਤਰ ਵਿੱਚ ਕੀਤੀਆਂ ਬੇਮਿਸਾਲ ਪ੍ਰਾਪਤੀਆਂ ਸਦਕਾ `ਫੇਥ ਫਾਰ ਅਰਥ ਕੌਸਲਰ-2021` ਨਾਲ ਸਨਮਾਨਿਤ ਕੀਤਾ ਗਿਆ।ਸਯੁੰਕਤ ਰਾਸ਼ਟਰ ਦੇ ਵਾਤਾਵਰਨ ਪ੍ਰੋਗਰਾਮ ਤਹਿਤ ਦੇਸ਼ ਦੇ 18 ਸਖਸ਼ੀਅਤਾਂ ਤੇ ਸੰਸਥਾਵਾਂ ਨੂੰ ਸਨਮਾਨਿਤ ਕੀਤਾ ਗਿਆ।ਦੇਸ਼ ਵਿੱਚ ਵਾਤਾਵਰਣ ਦੀ ਨਿੱਘਰ ਰਹੀ ਹਾਲਤ ਬਾਰੇ ਸਯੁੰਕਤ ਰਾਸ਼ਟਰ ਵਾਤਾਵਰਨ ਪ੍ਰੋਗਰਾਮ,ਸ਼੍ਰਿਸ਼ਟੀ ਅਤੇ ਸਯੁੰਕਤ ਧਾਰਮਿਕ ਪ੍ਰੇਰਨਾ ਵੱਲੋਂ ਸਾਂਝੇ ਤੌਰ `ਤੇ ਇਹ ਪ੍ਰੋਗਰਾਮ ਆਨ-ਲਾਈਨ ਕਰਵਾਇਆ ਗਿਆ ਸੀ।
ਇਸ ਮੌਕੇ ਕਾਰਜਕਾਰੀ ਡਾਇਰੈਕਟਰ ਯੂਨਾਈਟਡ ਰਿਲੀਜਨ ਇਨੀਸ਼ੀਏਟਿਵ ਸ੍ਰੀ ਸਵਾਮੀ ਆਦਿੱਤਿਆ ਨੰਦ ਸਰਸਵਤੀ ਨੇ ਕਿਹਾ ਕਿ ਵਾਤਾਵਰਨ ਪੱਖੋਂ ਇਹ ਸਮਾਂ ਬਹੁਤ ਹੀ ਨਾਜ਼ੁਕ ਚੱਲ ਰਿਹਾ ਹੈ। ਦੇਸ਼ ਦੇ ਬਹੁਤ ਸਾਰੇ ਦੇਸ਼ ਦੇ ਵੱਡੇ ਅਤੇ ਛੋਟੇ ਸ਼ਹਿਰਾਂ ਵਿੱਚ ਹਵਾ ਬੁਰੀ ਤਰ੍ਹਾਂ ਪਲੀਤ ਹੋ ਚੁੱਕੀ ਹੈ। ਉਥੇ ਲੋਕਾਂ ਨੂੰ ਸਾਹ ਲੈਣਾ ਔਖਾ ਹੋਇਆ ਪਿਆ ਹੈ। ਦੇਸ਼ ਦੀਆਂ ਨਦੀਆਂ ਅਤੇ ਦਰਿਆ ਸੁੱਕਦੇ ਜਾ ਰਹੇ ਹਨ ।ਉਨ੍ਹਾਂ ਇਸ ਮੌਕੇ ਵਾਤਾਵਰਣ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ ਵੱਲੋਂ 165 ਕਿਲੋਮੀਟਰ ਲੰਮੀ ਪਵਿੱਤਰ ਕਾਲੀ ਵੇਈਂ ਦੀ ਕਾਰ ਸੇਵਾ ਦਾ ਵਿਸ਼ੇਸ਼ ਜ਼ਿਕਰ ਕੀਤਾ। ਉਨ੍ਹਾਂ ਕਿਹਾ ਕਿ ਲੋਕਾਂ ਦੀ ਸ਼ਾਮੂਲੀਅਤ ਨਾਲ ਇੱਕ ਨਦੀ ਨੂੰ ਸਾਫ ਕਰਕੇ ਦੇਸ਼ ਲਈ ਮਿਸਾਲ ਪੈਦਾ ਕੀਤੀ ਹੈ ਉਸ ਨਾਲ ਦੇਸ਼ ਦੀਆਂ ਦੂਜੀਆਂ ਪਲੀਤ ਹੋ ਚੁੱਕੀਆਂ ਨਦੀਆਂ ਨੂੰ ਸਾਫ਼ ਕਰਨ ਦਾ ਰਸਤਾ ਮਿਲ ਗਿਆ ਹੈ।
ਇਸੇ ਤਰ੍ਹਾਂ ਸੰਤ ਸੇਵਾ ਸਿੰਘ ਜੀ ਨੇ ਵੱਡੀ ਪੱਧਰ `ਤੇ ਰੁੱਖ ਲਗਾਉਣ ਦੀ ਜਿਹੜੀ ਮੁਹਿੰਮ ਚਲਾਈ ਸੀ ਉਸ ਦੇ ਨਤੀਜੇ ਸਾਡੇ ਸਾਹਮਣੇ ਹਨ।ਜੰਗਲਾਂ ਹੇਠ ਘੱਟ ਰਿਹਾ ਰਕਬਾ ਚਿੰਤਾ ਦਾ ਵਿਸ਼ਾ ਹੈ।ਇਸ ਮੌਕੇ ਸੰਤ ਸੀਚੇਵਾਲ ਨੇ ਆਪਣੇ ਵਿਚਾਰ ਸਾਂਝੇ ਕਰਦਿਆ ਕਿਹਾ ਕਿ ਸੀਚੇਵਾਲ ਮਾਡਲ ਤਹਿਤ ਵਰਤੇ ਗਏ ਪਾਣੀ ਨੂੰ ਮੁੜ ਵਰਤੋਂ ਵਿੱਚ ਲਿਆਉਣ ਨਾਲ ਧਰਤੀ ਹੇਠਲੇ ਪਾਣੀ ਦੀ ਬਚਤ ਹੁੰਦੀ ਹੈ।ਇਸ ਮਾਡਲ ਨੂੰ ਦੇਸ਼ ਦੀ ਸਭ ਤੋਂ ਵੱਡੀ ਨਦੀ ਗੰਗਾ ਨੂੰ ਸਾਫ਼ ਕਰਨ ਲਈ ਲਾਗੂ ਕੀਤਾ ਗਿਆ ਹੈ ਪਰ ਉਸ ਤਰ੍ਹਾਂ ਦੇ ਨਤੀਜੇ ਨਹੀਂ ਨਿਕਲ ਰਹੇ।
ਸਯੁੰਕਤ ਰਾਸ਼ਟਰ ਵਾਤਾਵਰਨ ਦੇ ਭਾਰਤੀ ਦਫ਼ਤਰ ਦੇ ਮੁਖੀ ਅਤੁਲ ਬਗਾਏ ਨੇ ਆਨ -ਲਾਈਨ ਸਮਾਗਮ ਵਿੱਚ ਹਿੱਸਾ ਲੈਂਦਿਆ ਕਿਹਾ ਕੇ ਕੋਵਿਡ ਵਰਗੀ ਮਹਾਂਮਾਰੀ ਸਾਡੇ ਲਈ ਕੁਦਰਤ ਦਾ ਇੱਕ ਸੰਦੇਸ਼ ਹੈ ਅਤੇ ਪਿਛਲੇ ਦਹਾਕਿਆਂ ਦੌਰਾਨ ਕੁਦਰਤ ਨਾਲ ਕੀਤੇ ਖਿਲਵਾੜ ਦਾ ਨਤੀਜਾ ਹੈ ।ਉਨ੍ਹਾਂ ਕਿਹਾ ਕਿ ਹੁਣ ਲੋੜ ਹੈ ਕਿ ਸਾਰੇ ਜਣੇ ਰਲ ਕੇ ਕੁਦਰਤ ਪ੍ਰਤੀ ਆਪਣਾ ਫ਼ਰਜ਼ ਨਿਭਾਈਏ ਅਤੇ ਧਰਮ ਆਧਾਰਿਤ ਸੰਸਥਾਵਾਂ ਇਸ ਵਿਚ ਇਕ ਵੱਡਾ ਯੋਗਦਾਨ ਪਾ ਸਕਦੀਆਂ ਹਨ । ਇਸ ਮੌਕੇ ਡਾ. ਇਆਦ ਮੋਗਲੀ ,ਆਰੂਸ਼ੀ ਨਿਸ਼ੰਕ ਅਤੇ ਹੋਰ ਬੁਲਾਰਿਆਂ ਨੇ ਵਾਤਾਵਰਨ ਪ੍ਰਦੂਸ਼ਣ ਦੀ ਗੰਭੀਰ ਸਥਿਤੀ ਤੇ ਚਿੰਤਾ ਜ਼ਾਹਰ ਕਰਦਿਆਂ ਹਵਾ ਪਾਣੀ ਅਤੇ ਧਰਤੀ ਨੂੰ ਬਚਾਉਣ ਲਈ ਸਾਂਝੇ ਤੌਰ ਤੇ ਉਪਰਾਲੇ ਕਰਨ ਦਾ ਸੰਦੇਸ਼ ਦਿੱਤਾ ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly